ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3 ਨਸ਼ਾ ਤਸਕਰ ਡੇਢ ਕਿੱਲੋ ਹੈਰੋਇਨ ਨਾਲ ਕਾਬੂ

ਗੁਰਦਾਸਪੁਰ ਪੁਲਿਸ ਨੇ ਬੀਤੇ ਦਿਨ ਆਪ੍ਰੇਸ਼ਨ ਕਾਸੋ ਚਲਾ ਕੇ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਸ਼ੱਕੀ ਟਿਕਾਣਿਆਂ ਦੀ ਤਲਾਸ਼ੀ ਲਈ ਸੀ।

Share:

ਹਾਈਲਾਈਟਸ

  • ਇਕ ਲੱਖ ਰੁਪਏ ਦੇ ਭਾਰਤੀ ਕਰੰਸੀ ਨੋਟ (ਡਰੱਗ ਮਨੀ) ਅਤੇ ਕੰਪਿਊਟਰ ਕੰਡਾ ਵੀ ਬਰਾਮਦ

ਗੁਰਦਾਸਪੁਰ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਡੇਢ ਕਿੱਲੋ ਹੈਰੋਇਨ, ਇੱਕ ਲੱਖ ਰੁਪਏ ਦੀ ਡਰੱਗ ਮਨੀ, ਇੱਕ ਛੋਟਾ ਕੰਪਿਊਟਰ ਡਿਵਾਈਸ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਤਰਨਤਾਰਨ ਤੋਂ ਸਰਹੱਦੀ ਖੇਤਰ ਵੱਲ ਜਾ ਰਹੇ ਸਨ।

ਸ਼ੱਕ ਦੇ ਆਧਾਰ 'ਤੇ ਰੋਕਿਆ

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਦੀਨਾਨਗਰ ਦੀ ਸ਼ੂਗਰ ਮਿੱਲ ਪੰਨਿਆੜ ਨੇੜੇ ਕੌਮੀ ਮਾਰਗ ’ਤੇ ਐਸਆਈ ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਅੰਮ੍ਰਿਤਸਰ ਸਾਈਡ ਤੋਂ ਦਿੱਲੀ ਨੰਬਰ ਦੀ ਕਾਰ (ਕੋਰੋਲਾ ਐਲਟਿਸ) ਆਈ। ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜਿਸ ਵਿੱਚ ਜਰਮਨਪ੍ਰੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ, ਸੋਨਮ ਕੌਰ ਪਤਨੀ ਸਤਨਾਮ ਸਿੰਘ ਵਾਸੀ ਸੰਘਾ ਬਾਈਪਾਸ ਗੋਇੰਦਵਾਲ ਸਾਹਿਬ ਤਰਨਤਾਰਨ, ਜਸਪ੍ਰੀਤ ਸਿੰਘ ਵਾਸੀ ਫਤਿਹ ਚੱਕਾ ਤਰਨਤਾਰਨ ਸਵਾਰ ਸਨ।

ਡੈਸ਼ਬੋਰਡ 'ਚ ਰੱਖੀ ਸੀ ਲਕੋ ਕੇ

ਇਸ ਤੋਂ ਬਾਅਦ ਡੀਐਸਪੀ ਦੀਨਾਨਗਰ ਬਲਜੀਤ ਸਿੰਘ ਦੀ ਹਾਜ਼ਰੀ ਵਿੱਚ ਉਕਤ ਮੁਲਜ਼ਮਾਂ ਅਤੇ ਕਾਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਪੁਲਸ ਨੇ ਕਾਰ ਦੇ ਡੈਸ਼ ਬੋਰਡ 'ਚੋਂ ਇਕ ਕਿਲੋ 500 ਗ੍ਰਾਮ ਹੈਰੋਇਨ, ਇਕ ਲੱਖ ਰੁਪਏ ਦੇ ਭਾਰਤੀ ਕਰੰਸੀ ਨੋਟ (ਡਰੱਗ ਮਨੀ) ਅਤੇ ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੀਨਾਨਗਰ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ