Gurdaspur ਪੁਲਿਸ ਨੇ ਫੜੇ ਦੋ ਸ਼ਾਤਰ ਅਪਰਾਧੀ, ਲੰਬੇ ਸਮੇਂ ਤੋਂ ਦੇ ਰਹੇ ਸਨ ਵਾਰਦਾਤਾਂ ਨੂੰ ਅੰਜ਼ਾਮ

ਸ਼ਰਾਬ ਦੀਆਂ ਪੇਟਿਆਂ ਨਾਲ ਫੜਿਆ ਗਿਆ ਅਪਰਾਧੀ ਕਾਰ ਦੀ ਡਿੱਗੀ ਵਿੱਚ ਸ਼ਰਾਬ ਦੀ ਤਸਕਰੀ ਨੂੰ ਅੰਜਾਮ ਦਿੰਦਾ ਸੀ। ਉਸ ਕੋਲੋਂ 180 ਬੋਤਲਾਂ ਹਿਮਾਚਲ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਸਕਰੀ ਕੀਤੀ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ।

Share:

ਹਾਈਲਾਈਟਸ

  • ਐਸਐਚਓ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਲੁਧਿਆਣਾ, ਗੁਰਦਾਸਪੁਰ ਅਤੇ ਸ਼ਾਹਪੁਰ ਕੰਢੀ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਅੱਠ ਕੇਸ ਦਰਜ ਹਨ

Punjab News: ਥਾਣਾ ਸਿਟੀ ਗੁਰਦਾਸਪੁਰ ਪੁਲਿਸ ਨੇ ਲੰਬੇ ਸਮੇਂ ਤੋਂ ਸ਼ਰਾਬ ਤਸਕਰੀ ਅਤੇ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਸ਼ਾਤਰ ਅਪਰਾਧਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਲੰਬੇ ਸਮੇਂ ਤੋਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਸਨ। ਸ਼ਰਾਬ ਦੀਆਂ ਪੇਟਿਆਂ ਨਾਲ ਫੜਿਆ ਗਿਆ ਅਪਰਾਧੀ ਕਾਰ ਦੀ ਡਿੱਗੀ ਵਿੱਚ ਸ਼ਰਾਬ ਦੀ ਤਸਕਰੀ ਨੂੰ ਅੰਜਾਮ ਦਿੰਦਾ ਸੀ। ਉਸ ਕੋਲੋਂ 180 ਬੋਤਲਾਂ ਹਿਮਾਚਲ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਸਕਰੀ ਕੀਤੀ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ। ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।

ਨਾਕਾਬੰਦੀ ਦੌਰਾਨ ਫੜਿਆ ਗਿਆ

ਥਾਣਾ ਸਦਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਏਐਸਆਈ ਹਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਸੂਚਨਾ ਦੇ ਆਧਾਰ 'ਤੇ ਭਾਈ ਲਾਲੋ ਚੌਂਕ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਕਾਰ ਵਿੱਚ ਸਵਾਰ ਮੁਲਜ਼ਮ ਗਗਨਦੀਪ ਉਰਫ਼ ਸੋਨੂੰ ਮਹਾਜਨ ਵਾਸੀ ਮਨਵਾਲ ਨੂੰ ਕਾਬੂ ਕਰ ਲਿਆ ਗਿਆ। ਕਾਰ ਦੀ ਤਲਾਸ਼ੀ ਲੈਣ 'ਤੇ ਕਾਰ ਦੇ ਟਰੰਕ 'ਚੋਂ 60 ਬੋਤਲਾਂ ਸ਼ਰਾਬ ਠੇਕਾ ਮਾਰਕਾ ਕਾਲਾ ਅੰਗੂਰ (ਹਿਮਾਚਲ ਪ੍ਰਦੇਸ਼), 12 ਬੋਤਲਾਂ ਪੰਜਾਬ ਲੈਂਡ ਲਾਰਡ ਰਮ ਅਤੇ 108 ਬੋਤਲਾਂ ਬਲੈਕ ਹਾਰਨ ਸ਼ਰਾਬ ਬਰਾਮਦ ਹੋਈ। ਮੁਲਜ਼ਮ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਹੋਰ ਹਿੱਸਿਆਂ ਤੋਂ ਸ਼ਰਾਬ ਦੀ ਤਸਕਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਸ਼ਰਾਬ ਲਿਆ ਰਿਹਾ ਸੀ। ਉਹ ਡਿੱਗੀ ਵਿੱਚ ਛੁਪਾ ਕੇ ਸ਼ਰਾਬ ਦੀਆਂ ਪੇਟੀਆਂ ਲੈ ਕੇ ਆਉਂਦਾ ਸੀ, ਤਾਂ ਜੋ ਆਸਾਨੀ ਨਾਲ ਫੜਿਆ ਨਾ ਜਾ ਸਕੇ।

ਮੁਲਜ਼ਮ ਕੋਲੋ ਬਰਾਮਦ ਕੀਤੀ ਗਈ ਕਾਰ
ਮੁਲਜ਼ਮ ਕੋਲੋ ਬਰਾਮਦ ਕੀਤੀ ਗਈ ਕਾਰ

ਕੁਝ ਸਮਾਂ ਪਹਿਲਾ ਹੀ ਹੋਇਆ ਸੀ ਰਿਹਾਅ

ਮੁਲਜ਼ਮ ਕੋਲੋਂ ਤਸਕਰੀ ਵਿੱਚ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਗਈ ਹੈ। ਐਸਐਚਓ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਲੁਧਿਆਣਾ, ਗੁਰਦਾਸਪੁਰ ਅਤੇ ਸ਼ਾਹਪੁਰ ਕੰਢੀ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਅੱਠ ਕੇਸ ਦਰਜ ਹਨ। ਉਹ ਕੁਝ ਸਮਾਂ ਪਹਿਲਾਂ ਜੇਲ੍ਹ ਤੋਂ ਰਿਹਾਅ ਹੋਇਆ ਸੀ। ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ਫਿਰ ਤੋਂ ਸ਼ਰਾਬ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਉਸ ਨੂੰ ਰਿਮਾਂਡ 'ਤੇ ਲੈ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਇਹ ਸ਼ਰਾਬ ਕਿਸ ਕੋਲੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਨੂੰ ਵੇਚਣਾ ਸੀ।

ਬਾਇਕ ਚੋਰ 'ਤੇ ਪਹਿਲਾਂ ਵੀ ਚਾਰ ਮਾਮਲੇ ਦਰਜ

ਥਾਣਾ ਸਿਟੀ ਪੁਲੀਸ ਵੱਲੋਂ ਗ੍ਰਿਫਤਾਰ ਮੋਟਰਸਾਇਕਲ ਚੋਰ ਕੋਲੋਂ ਦੋ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ ਹੈ। ਏਐਸਆਈ ਸਲਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਾਹਨੂੰਵਾਨ ਰੋਡ ਐਸਡੀ ਕਾਲਜ ਟੀ ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਲਜ਼ਮ ਸਲਾਤੀ ਮਸੀਹ ਵਾਸੀ ਮੁਸਤਫਾਬਾਦ ਜੱਟਾਂ, ਥਾਣਾ ਤਿੱਬੜ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਥਾਣਾ ਸਦਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਦੀ ਨਿਸ਼ਾਨਦੇਹੀ 'ਤੇ ਚੋਰੀ ਦਾ ਇਕ ਹੋਰ ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਕੀਤੀ ਗਈ ਹੈ। ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਉਸ ਖ਼ਿਲਾਫ਼ ਪਹਿਲਾਂ ਵੀ ਚਾਰ ਚੋਰੀ ਦੇ ਕੇਸ ਦਰਜ ਹਨ। ਪੁਲਿਸ ਕਾਫੀ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ।

ਇਹ ਵੀ ਪੜ੍ਹੋ