ਲੋਹੜੀ ’ਤੇ ਬੇਟੀ ਨੂੰ ਦਿੱਤਾ ਤੋਹਫਾ, ਅਧਿਆਪਕ ਜੋੜੀ ਨੇ ਧੀ ਦੇ ਨਾਮ ’ਤੇ ਰੱਖਿਆ ਘਰ ਦਾ ਨਾਂ

ਗੁਰਦਾਸਪੁਰ ਸ਼ਹਿਰ ਦੀ ਰਾਮ ਸ਼ਰਨ ਕਲੋਨੀ ਵਿੱਚ ਸਥਿਤ ‘ਸੁਰਭੀ ਨਿਵਾਸ’ ਉਹ ਨਿਵਾਸ ਹੈ ਜਿਸ ਘਰ ਵਿੱਚ ਧੀ ਅਤੇ ਪੁੱਤਰ ਵਿੱਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ।

Share:

ਹਾਈਲਾਈਟਸ

  • ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਵੀ ਇਸ ਅਧਿਆਪਕ ਜੋੜੀ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ

ਸਮੇਂ ਦੇ ਨਾਲ-ਨਾਲ ਲੋਕਾਂ ਦੀ ਸੋਚ ਵੀ ਬਦਲਦੀ ਜਾ ਰਹੀ ਹੈ। ਪਹਿਲਾਂ ਜਿੱਥੇ ਸਿਰਫ ਮੁੰਡਿਆਂ ਦੀ ਹੀ ਲੋਹੜੀ ਮਨਾਈ ਜਾਂਦੀ ਸੀ, ਹੁਣ ਸੋਚ ਬਦਲਣ ਨਾਲ ਕੁੜਿਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ। ਗੁਰਦਾਸਪੁਰ ਦੇ ਇੱਕ ਜੋੜੇ ਨੇ ਵੱਖਰੀ ਤਰ੍ਹਾਂ ਹੀ ਬੇਟੀ ਨੂੰ ਲੋਹੜੀ ਦਾ ਤੋਹਫਾ ਦਿੱਤਾ ਹੈ। ਗੁਰਦਾਸਪੁਰ ਸ਼ਹਿਰ ਦੀ ਰਾਮ ਸ਼ਰਨ ਕਲੋਨੀ ਵਿੱਚ ਸਥਿਤ ‘ਸੁਰਭੀ ਨਿਵਾਸ’ ਉਹ ਨਿਵਾਸ ਹੈ ਜਿਸ ਘਰ ਵਿੱਚ ਧੀ ਅਤੇ ਪੁੱਤਰ ਵਿੱਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ। ਸੁਰਭੀ ਨਿਵਾਸ ਦੇ ਨਿਵਾਸੀ ਸੰਜੀਵ ਕੁਮਾਰ ਅਤੇ ਸਵਿਤਾ ਰਾਣੀ ਪੇਸ਼ੇ ਵਜੋਂ ਸਰਕਾਰੀ ਅਧਿਆਪਕ ਹਨ ਅਤੇ ਉਹ ਆਪਣੇ ਕੋਲ ਧੀ ਦਾ ਹੋਣਾ ਪ੍ਰਮਾਤਮਾ ਦੀ ਬਹੁਤ ਵੱਡੀ ਦਾਤ ਸਮਝਦੇ ਹਨ। ਇਸ ਅਧਿਆਪਕ ਦੰਪਤੀ ਨੇ ਆਪਣੇ ਘਰ ਦਾ ਨਾਮ ਆਪਣੀ ਧੀ ਦੇ ਨਾਮ ’ਤੇ ‘ਸੁਰਭੀ ਨਿਵਾਸ’ ਰੱਖਿਆ ਹੈ।

ਲੜਕੇ ਅਤੇ ਲੜਕੀ ਵਿੱਚ ਫ਼ਰਕ ਨਹੀਂ 

ਸੰਜੀਵ ਕੁਮਾਰ ਦੱਸਦੇ ਹਨ ਕਿ ਉਨ੍ਹਾਂ ਦੀ ਇੱਕ 21 ਸਾਲਾ ਧੀ ਸੁਰਭੀ ਅਤੇ ਇੱਕ 18 ਸਾਲਾ ਬੇਟਾ ਕਾਰਤਿਕ ਹੈ। ਸੰਜੀਵ ਕੁਮਾਰ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਨ੍ਹਾਂ ਨੇ ਕਦੀ ਵੀ ਲੜਕੇ ਅਤੇ ਲੜਕੀ ਵਿੱਚ ਕੋਈ ਫ਼ਰਕ ਨਹੀਂ ਸਮਝਿਆ ਅਤੇ ਆਪਣੀ ਧੀ ਨੂੰ ਹਰ ਤਰ੍ਹਾਂ ਨਾਲ ਅੱਗੇ ਵੱਧਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਸੁਰਭੀ ਇਸ ਸਮੇਂ ਬੀਬੀਏ ਦੀ ਡਿਗਰੀ ਕਰ ਰਹੀ ਹੈ। ਉਨ੍ਹਾਂ ਬੇਟੀ ਨੂੰ ਲੋਹੜੀ ਦਾ ਤੋਹਫਾ ਦੇਣ ਬਾਰੇ ਸੋਚਿਆ ਅਤੇ ਆਪਣੇ ਨਿਵਾਸ ਦਾ ਨਾਮ ਆਪਣੀ ਧੀ ਦੇ ਨਾਮ ’ਤੇ ਸੁਰਭੀ ਨਿਵਾਸ ਰੱਖ ਦਿੱਤਾ।  

ਕੁਝ ਨੇ ਜਤਾਇਆ ਇਤਰਾਜ਼ 

ਸੰਜੀਵ ਕੁਮਾਰ ਦੱਸਦੇ ਹਨ ਕਿ ਜਦੋਂ ਆਸ-ਪਾਸ ਦੇ ਲੋਕਾਂ ਅਤੇ ਜਾਣਕਾਰਾਂ ਨੂੰ ਇਸਦਾ ਪਤਾ ਲੱਗਾ ਤਾਂ ਉਨ੍ਹਾਂ ਵਿਚੋਂ ਕੁਝ ਕੁ ਨੇ ਆਪਣਾ ਇਤਰਾਜ਼ ਵੀ ਜ਼ਾਹਰ ਕੀਤਾ, ਪਰ ਉਨ੍ਹਾਂ ਨੇ ਸਾਰਿਆਂ ਨੂੰ ਇਹੀ ਸਮਝਾਇਆ ਕਿ ਜੇਕਰ ਲੜਕੀਆਂ ਕਿਸੇ ਵੀ ਪੱਖ ਤੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ ਤਾਂ ਉਨ੍ਹਾਂ ਦੇ ਨਾਮ ’ਤੇ ਘਰ ਦਾ ਨਾਮ ਕਿਉਂ ਨਹੀਂ ਰੱਖਿਆ ਜਾ ਸਕਦਾ? ਸੰਜੀਵ ਕੁਮਾਰ ਨੇ ਕਿਹਾ ਕਿ ਬਹੁ-ਗਿਣਤੀ ਲੋਕਾਂ ਨੇ ਉਨ੍ਹਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਹੀ ਕੀਤੀ ਹੈ ਅਤੇ ਸਾਰੀ ਕਲੋਨੀ ਵਿੱਚ ਸਾਡੀ ਧੀ ਦੇ ਨਾਮ ਕਾਰਨ ਸਾਡਾ ਨਿਵਾਸ ਜਾਣਿਆ ਜਾਂਦਾ ਹੈ। 

 

ਧੀਆਂ ਨੂੰ ਦਿਓ ਪੂਰਾ ਸਤਿਕਾਰ

ਸੰਜੀਵ ਕੁਮਾਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੀਆਂ ਧੀਆਂ ਨੂੰ ਪੂਰਾ ਮਾਣ-ਸਤਿਕਾਰ ਅਤੇ ਅੱਗੇ ਵੱਧਣ ਦੇ ਮੌਕੇ ਦੇਣ, ਉਨ੍ਹਾਂ ਦੀਆਂ ਧੀਆਂ ਜ਼ਰੂਰ ਉਨ੍ਹਾਂ ਦਾ ਨਾਮ ਰੌਸ਼ਨ ਕਰਨਗੀਆਂ ਅਤੇ ਧੀਆਂ ਦੇ ਨਾਵਾਂ ਦੀਆਂ ਤਖ਼ਤੀਆਂ ਤੋਂ ਹੀ ਮਾਪਿਆਂ ਦੀ ਹੋਰ ਪਛਾਣ ਬਣੇਗੀ। ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਵੀ ਇਸ ਅਧਿਆਪਕ ਜੋੜੀ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ