ਜੂਏ ਦਾ ਹਾਈ-ਫਾਈ ਮਾਮਲਾ, 1 ਕਰੋੜ ਰੁਪਏ ਗਾਇਬ, ਜਾਂਚ ਸ਼ੁਰੂ

ਡੀਜੀਪੀ ਨੇ ਅੰਮ੍ਰਿਤਸਰ ਪੁਲਿਸ ਕੋਲੋਂ 15 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਹੈ। ਮੁੱਖ ਮੰਤਰੀ ਦੇ ਧਿਆਨ ਚ ਵੀ ਮਾਮਲਾ ਆ ਗਿਆ ਹੈ।

Share:

ਅੰਮ੍ਰਿਤਸਰ ਪੁਲਿਸ ਬੀਤੇ ਦਿਨੀਂ ਜੂਏ ਦੇ ਇੱਕ ਅੱਡੇ ਉਪਰ ਰੇਡ ਮਾਰਕੇ ਬੁਰੀ ਤਰ੍ਹਾਂ ਫਸ ਗਈ। ਇਸ ਰੇਡ ਮਗਰੋਂ ਇਲਜ਼ਾਮ ਲਾਇਆ ਗਿਆ ਕਿ ਕਰੀਬ 1 ਕਰੋੜ ਰੁਪਏ ਗਾਇਬ ਹਨ ਜੋ ਐੱਫਆਈਆਰ ਚ ਨਹੀਂ ਦਰਸਾਏ ਗਏ। ਮਾਮਲਾ ਸੀਐਮ ਦਫ਼ਤਰ ਤੱਕ ਪੁੱਜ ਗਿਆ ਹੈ। ਜਿਸ ਮਗਰੋਂ ਡੀਜੀਪੀ ਗੌਰਵ ਯਾਦਵ ਨੇ ਰਿਪੋਰਟ ਮੰਗ ਲਈ ਹੈ। ਇਸ ਉਪਰੰਤ  ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਗਈ। ਜਿਸਨੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਟੀਮ 'ਚ ਏਆਈਜੀ ਰਿਚਾ ਅਗਨੀਹੋਤਰੀ (ਕ੍ਰਾਈਮ), ਡੀਐੱਸਪੀ (ਤਰਨਤਾਰਨ) ਕੰਵਲਜੀਤ ਸਿੰਘ ਤੇ ਜਲੰਧਰ ਤੋਂ ਇੰਸਪੈਕਟਰ  ਅਮਨਦੀਪ ਸਿੰਘ ਸ਼ਾਮਲ ਹਨ ਜੋ ਮੁਲਜ਼ਮਾਂ ਤੇ ਪੁਲਿਸ ਅਧਿਕਾਰੀਆਂ ਦੇ ਬਿਆਨ ਦਰਜ ਕਰਨਗੇ। 
 
ਇਹ ਹੈ ਮਾਮਲਾ 
 

ਪੁਲਿਸ ਨੇ ਇਸ ਮਾਮਲੇ ਵਿੱਚ ਆਰ.ਬੀ ਅਸਟੇਟ ਚੋਂ ਗਿ੍ਫ਼ਤਾਰ ਕੀਤੇ ਗਏ 21 ਮੁਲਜ਼ਮਾਂ ਕੋਲੋਂ ਕੁੱਲ 41.76 ਲੱਖ ਰੁਪਏ ਅਤੇ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਸੀ। ਪੁਲਿਸ 'ਤੇ ਪੈਸੇ ਦੀ ਹੇਰਾਫੇਰੀ ਕਰਨ ਦੇ ਦੋਸ਼ ਲੱਗੇ। ਜੂਏ ਦੇ ਦੋਸ਼ 'ਚ ਫੜੇ ਗਏ ਮੁਲਜ਼ਮ ਨੇ ਦੱਸਿਆ ਸੀ ਕਿ ਮੌਕੇ 'ਤੇ ਡੇਢ ਕਰੋੜ ਰੁਪਏ ਤੋਂ ਵੱਧ ਦੀ ਰਕਮ ਸੀ। ਜਦਕਿ ਪੁਲਿਸ ਨੇ 41 ਲੱਖ 76 ਹਜ਼ਾਰ ਰੁਪਏ ਦਿਖਾਏ।  ਇੰਨ੍ਹਾ ਹੀ ਨਹੀਂ ਮੁੱਖ ਮੰਤਰੀ ਦੀ ਅਦਾਲਤ 'ਚ ਪੇਸ਼ ਹੋ ਕੇ ਇਨਸਾਫ਼ ਦੀ ਗੁਹਾਰ ਲਗਾਉਣ ਵਾਲੇ ਮੁਲਜ਼ਮਾਂ ਨੇ ਦੱਸਿਆ ਸੀ ਕਿ ਪੁਲਿਸ ਅਧਿਕਾਰੀਆਂ ਨੇ ਫਾਰਮ ਹਾਊਸ 'ਚ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਤੇ ਕਾਫੀ ਦੇਰ ਤੱਕ ਉਨ੍ਹਾਂ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ। ਇਨ੍ਹਾਂ ਹੀ ਨਹੀਂ ਪੁਲਿਸ 'ਤੇ ਦੋਸ਼ ਹੈ ਕਿ 15 ਤੋਂ ਵੱਧ ਲੜਕਿਆਂ ਨੂੰ ਪੈਸੇ ਲੈ ਕੇ ਛੱਡ ਦਿੱਤਾ ਗਿਆ। ਇਨ੍ਹਾਂ ਦੇ ਖ਼ਿਲਾਫ਼ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ।

 

ਵੱਡੇ ਘਰਾਣਿਆਂ ਦੇ ਕਾਕੇ ਖੇਡਦੇ ਸੀ ਜੂਆ

ਐੱਫਆਈਆਰ ਦਰਜ ਹੋਣ ਤੋਂ ਬਾਅਦ ਪੁਲਿਸ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਦੋਸ਼ ਹੈ ਕਿ ਜੂਏ ਦੇ ਅੱਡੇ ਤੋਂ ਡੇਢ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੀ ਹੈ। ਸਾਰੇ ਜੂਏਬਾਜ਼ ਵੱਡੇ ਘਰਾਂ ਦੇ ਕਾਕੇ ਸਨ ਅਤੇ ਉਹ ਖੇਡਣ ਲਈ ਆਪਣੇ ਨਾਲ ਪੰਜ-ਪੰਜ ਲੱਖ ਰੁਪਏ ਲੈ ਕੇ ਆਏ ਸਨ। ਇਹ ਵੀ ਖ਼ੁਲਾਸਾ ਹੋਇਆ ਕਿ ਇਹ ਸਾਰੀ ਸਾਜ਼ਿਸ਼ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਰਿਸ਼ਤੇਦਾਰ ਦੇ ਇਸ਼ਾਰੇ 'ਤੇ ਰਚੀ ਗਈ । ਉਸਨੇ ਹੀ ਛਾਪਾ ਮਰਵਾਇਆ ਸੀ ਅਤੇ ਘਟਨਾ ਵਾਲੀ ਰਾਤ ਅਧਿਕਾਰੀ ਦਾ ਰਿਸ਼ਤੇਦਾਰ ਜੂਏ ਦੇ ਅੱਡੇ 'ਤੇ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ