NH 'ਤੇ ਜੂਏ ਦਾ ਅੱਡਾ, 21 ਜੁਆਰੀਏ ਗ੍ਰਿਫ਼ਤਾਰ, ਢਾਬਾ ਮਾਲਕ ਭੱਜਿਆ
ਪੁਲਿਸ ਨੇ ਇਸ ਕਾਰਵਾਈ ਦੌਰਾਨ ਸਾਢੇ 8 ਲੱਖ ਰੁਪਏ ਬਰਾਮਦ ਕੀਤੇ। ਬਲਦੇਵ ਢਾਬੇ ਅੰਦਰ ਇਹ ਅੱਡਾ ਚਲਾਇਆ ਜਾ ਰਿਹਾ ਸੀ। ਪਹਿਲਾਂ ਵੀ ਢਾਬਾ ਮਾਲਕ ਖਿਲਾਫ ਕੇਸ ਦਰਜ ਹੈ।
- Last Updated : 22 December 2023, 02:38 PM IST
ਖੰਨਾ ਪੁਲਿਸ ਨੇ ਨੈਸ਼ਨਲ ਹਾਈਵੇ 'ਤੇ ਲੰਬੇ ਸਮੇਂ ਤੋਂ ਚੱਲ ਰਹੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ। ਬਲਦੇਵ ਢਾਬੇ ਵਿੱਚ ਇਹ ਅੱਡਾ ਚੱਲ ਰਿਹਾ ਸੀ। ਢਾਬੇ ਦੀ ਆੜ ਵਿੱਚ ਲੋਕਾਂ ਨੂੰ ਵੱਡੇ ਪੱਧਰ ’ਤੇ ਜੂਏ ਲਈ ਥਾਂ ਮੁਹੱਈਆ ਕਰਵਾਈ ਜਾਂਦੀ ਸੀ। ਕਈ ਜ਼ਿਲ੍ਹਿਆਂ ਤੋਂ ਲੋਕ ਇੱਥੇ ਜੂਆ ਖੇਡਣ ਲਈ ਆਉਂਦੇ ਸਨ। ਪੁਲਿਸ ਨੇ ਇੱਥੇ ਛਾਪੇਮਾਰੀ ਦੌਰਾਨ ਕਈ ਕਾਰੋਬਾਰੀਆਂ ਸਮੇਤ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਢਾਬਾ ਮਾਲਕ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ 8 ਲੱਖ 56 ਹਜ਼ਾਰ 580 ਰੁਪਏ ਵੀ ਬਰਾਮਦ ਕੀਤੇ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਆਈ) ਡਾ.ਪ੍ਰਗਿਆ ਜੈਨ ਅਤੇ ਡੀਐਸਪੀ ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਛਾਪੇਮਾਰੀ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ। ਢਾਬਾ ਮਾਲਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਚਕੋਹੀ ਅਤੇ ਉਸਦਾ ਸਾਥੀ ਕਸ਼ਿਸ਼ ਕੁਮਾਰ ਵਾਸੀ ਖੰਨਾ ਫਰਾਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਫੜੇ ਗਏ ਦੋਸ਼ੀਸਵਰਨਜੀਤ ਸਿੰਘ ਵਾਸੀ ਪਟਿਆਲਾ, ਹਰੀਸ਼ ਕੁਮਾਰ ਵਾਸੀ ਹਮਾਯੂਪੁਰਾ (ਸਰਹਿੰਦ), ਸ਼ਰਨਵੀਰ ਸਿੰਘ ਵਾਸੀ ਭੱਟੋ (ਫ਼ਤਹਿਗੜ੍ਹ ਸਾਹਿਬ), ਗੁਰਪ੍ਰੀਤ ਸਿੰਘ ਵਾਸੀ ਸਾਹਨੇਵਾਲ, ਪਵਨ ਕੁਮਾਰ ਵਾਸੀ ਆਦਰਸ਼ ਨਗਰ ਸਰਹਿੰਦ, ਬਲਜੀਤ ਸਿੰਘ ਵਾਸੀ ਸਰਹਿੰਦ ਮੰਡੀ, ਕਿਰਨਦੀਪ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਲਲਹੇੜੀ ਰੋਡ ਖੰਨਾ, ਮਨੀਸ਼ ਕੁਮਾਰ ਮੋਨੂੰ ਵਾਸੀ ਸਰਹਿੰਦ, ਪਵਨ ਕੁਮਾਰ ਵਾਸੀ ਅਮਲੋਹ, ਕੁਲਵਿੰਦਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ ਲੁਧਿਆਣਾ, ਗੌਰਵ ਵਾਸੀ ਅਮਲੋਹ ਰੋਡ ਖੰਨਾ, ਦਿਨੇਸ਼ ਵਾਸੀ ਬਸੰਤ ਨਗਰ ਖੰਨਾ, ਦੀਪਕ ਕੁਮਾਰ ਵਾਸੀ ਭਗਤ ਸਿੰਘ ਕਲੋਨੀ ਖੰਨਾ, ਹਰਵਿੰਦਰ ਸਿੰਘ ਵਾਸੀ ਅਮਲੋਹ, ਪ੍ਰੇਮ ਚੰਦ ਵਾਸੀ ਅਮਲੋਹ, ਮਨਦੀਪ ਕੁਮਾਰ ਵਾਸੀ ਅਮਲੋਹ, ਰਾਜੇਸ਼ ਵਾਸੀ ਅਮਲੋਹ, ਗੁਰਮੀਤ ਸਿੰਘ ਵਾਸੀ ਖੰਨਾ, ਗੋਪਾਲ ਕਿਸ਼ਨ ਵਾਸੀ ਤਰਖਾਣਾ ਮੁਹੱਲਾ ਖੰਨਾ, ਜਤਿੰਦਰ ਮੈਨਰੋ ਵਾਸੀ ਕਿਸਾਨ ਇਨਕਲੇਵ ਖੰਨਾ, ਪਵਨ ਕੁਮਾਰ ਵਾਸੀ ਨਿਊ ਸ਼ਿਮਲਾਪੁਰੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ।
ਢਾਬਾ ਮਾਲਕ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜਬਲਦੇਵ ਢਾਬਾ ਮਾਲਕ ਗੁਰਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ। 12 ਫਰਵਰੀ 2023 ਨੂੰ ਸਦਰ ਪੁਲਿਸ ਨੇ ਗੁਰਪ੍ਰੀਤ ਸਿੰਘ ਖ਼ਿਲਾਫ਼ ਢਾਬੇ ਵਿੱਚ ਜੂਆ ਖੇਡਣ ਲਈ ਥਾਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਉਸ ਸਮੇਂ 68 ਹਜ਼ਾਰ ਰੁਪਏ ਮਿਲੇ ਸਨ। ਗੁਰਪ੍ਰੀਤ ਖਿਲਾਫ ਲੜਾਈ ਝਗੜੇ ਦੇ ਵੀ ਕੇਸ ਦਰਜ ਹਨ। ਢਾਬੇ 'ਤੇ ਸ਼ਰਾਬ ਵੇਚਣ ਦਾ ਮਾਮਲਾ ਵੀ ਦਰਜ ਹੈ।
ਐਸਐਸਪੀ ਅਮਨੀਤ ਕੌਂਡਲ ਨੇ ਇਸਦੀ ਜਾਣਕਾਰੀ ਦਿੱਤੀ। ਫੋਟੋ ਕ੍ਰੇਡਿਟ - ਜੇਬੀਟੀ
SSP ਵੀ ਹੈਰਾਨ
ਇਸ ਮਾਮਲੇ ਵਿੱਚ ਕੁੱਝ ਪੁਲਿਸ ਅਧਿਕਾਰੀਆਂ ਦੀ ਕਾਰਜਸ਼ੈਲੀ ਵੀ ਜਾਂਚ ਦੇ ਘੇਰੇ ਵਿੱਚ ਆਈ ਹੈ। ਐਸਐਸਪੀ ਅਮਨੀਤ ਕੌਂਡਲ ਨੇ ਖ਼ੁਦ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਦਰ ਥਾਣਾ ਖੇਤਰ ਵਿੱਚ ਜੀਟੀ ਰੋਡ ਦੇ ਕਿਨਾਰੇ ਇੰਨੇ ਵੱਡੇ ਪੱਧਰ ’ਤੇ ਜੂਏ ਦਾ ਅੱਡਾ ਚੱਲ ਰਿਹਾ ਸੀ। ਕੀ ਸਬੰਧਤ ਥਾਣੇ ਦੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸਦੀ ਜਾਂਚ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਖੰਨਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਅਤੇ ਟੈਕਨੀਕਲ ਸੈੱਲ ਨੇ ਸਾਂਝੇ ਤੌਰ 'ਤੇ ਸੂਚਨਾ ਹਾਸਿਲ ਕਰਕੇ ਕਾਰਵਾਈ ਕੀਤੀ । ਜਿਸ ਕਾਰਨ ਸਬੰਧਤ ਥਾਣੇ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਹੋ ਗਏ ਹਨ।