Shaheed ਨੂੰ ਅੰਤਿਮ ਵਿਦਾਇਗੀ - ਮਾਂ ਨੇ ਲਾਇਆ ਅਰਥੀ ਨੂੰ ਮੋਢਾ, ਪਿਓ ਨੇ ਦਿੱਤੀ ਚਿਤਾ ਨੂੰ ਅਗਨੀ, ਭੁੱਬਾਂ ਮਾਰ ਕੇ ਰੋਇਆ ਸਾਰਾ ਪਿੰਡ 

24 ਸਾਲਾਂ ਜਵਾਨ ਗੁਰਪ੍ਰੀਤ ਸਿੰਘ ਪਹਾੜੀ ਤੋਂ ਪੈਰ ਤਿਲਕਣ ਕਾਰਨ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਸ਼ਹੀਦ ਹੋ ਗਿਆ। ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਪਿੰਡ ਭੈਣੀ ਖਾਦਰ ਵਿਖੇ ਕੀਤਾ ਗਿਆ। 

Share:

Punjab news। ਜੰਮੂ-ਕਸ਼ਮੀਰ ਦੇ ਗੁਲਮਰਗ ਸੈਕਟਰ 'ਚ ਦੋ ਦਿਨ ਪਹਿਲਾਂ ਅੱਤਵਾਦੀਆਂ ਦਾ ਸੁਰਾਗ ਲੈਣ ਲਈ ਬਰਫੀਲੀਆਂ ਪਹਾੜੀਆਂ 'ਤੇ ਗਸ਼ਤ ਕਰ ਰਹੇ ਫੌਜ ਦੀ 18 ਰਾਸ਼ਟਰੀ ਰਾਈਫਲਜ਼ ਦਾ 24 ਸਾਲਾਂ ਜਵਾਨ ਗੁਰਪ੍ਰੀਤ ਸਿੰਘ ਪਹਾੜੀ ਤੋਂ ਪੈਰ ਤਿਲਕਣ ਕਾਰਨ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਸ਼ਹੀਦ ਹੋ ਗਿਆ। ਜਿਹਨਾਂ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਪਿੰਡ ਭੈਣੀ ਖਾਦਰ ਵਿਖੇ ਕੀਤਾ ਗਿਆ। ਤਿੱਬੜੀ ਕੈਂਟ ਤੋਂ ਆਏ ਫੌਜ ਦੀ 1 ਮਹਾਰ ਯੂਨਿਟ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਹਵਾ 'ਚ ਗੋਲੀਆਂ ਚਲਾ ਕੇ ਬਿਗਲ ਦੀ ਗੌਰਵਸ਼ਾਲੀ ਧੁਨ ਨਾਲ ਸ਼ਹੀਦ ਨੂੰ ਸਲਾਮੀ ਦਿੱਤੀ। 
 
ਸ਼ਮਸ਼ਾਨਘਾਟ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜਿਆ 
 
ਜਦੋਂ ਅਰਥੀ ਨੂੰ ਲਿਜਾਣ ਸਮੇਂ ਸ਼ਹੀਦ ਦੀ ਮਾਂ ਲਖਵਿੰਦਰ ਕੌਰ ਨੇ ਮੋਢਾ ਦਿੱਤਾ ਤੇ ਸ਼ਮਸ਼ਾਨਘਾਟ ਵਿੱਚ ਸ਼ਹੀਦ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਪਿਤਾ ਨਰਿੰਦਰ ਸਿੰਘ ਨੇ ਆਪਣੇ  ਪੁੱਤ ਦੀ ਚਿਤਾ ਨੂੰ ਅਗਨ ਭੇਟ ਕੀਤਾ ਤਾਂ ਸਾਰਾ ਪਿੰਡ ਭੁੱਬਾਂ ਮਾਰ ਕੇ ਰੋ ਪਿਆ। ਪੂਰਾ ਸ਼ਮਸ਼ਾਨਘਾਟ 'ਸ਼ਹੀਦ ਗੁਰਪ੍ਰੀਤ ਸਿੰਘ ਅਮਰ ਰਹੇ, ਭਾਰਤ ਮਾਤਾ ਦੀ ਜੈ, ਭਾਰਤੀ ਫੌਜ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਗੂੰਜ ਉੱਠਿਆ।
 
ਤਿੰਨ ਦਿਨ ਪਹਿਲਾਂ ਮਾਂ ਨਾਲ ਹੋਈ ਸੀ ਗੱਲ 
 
ਮਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸਦੇ ਬੇਟੇ ਨੇ ਵੀਡੀਓ ਕਾਲ ਕਰਕੇ ਕਿਹਾ ਸੀ ਕਿ ਉਹ ਫਰਵਰੀ ਵਿੱਚ ਛੁੱਟੀ ਆਵੇਗਾ। ਉਸਦੇ ਬੇਟੇ ਦੀ ਪਿਛਲੇ ਸਾਲ ਮੰਗਣੀ ਹੋਈ ਸੀ ਅਤੇ  ਵਿਆਹ ਅਪ੍ਰੈਲ ਵਿੱਚ ਤੈਅ ਹੋਇਆ ਸੀ। ਘਰ ਵਿੱਚ ਉਹ ਸ਼ਗਨਾਂ ਦੇ ਗੀਤ ਗਾ ਕੇ ਆਪਣੇ ਬੇਟੇ ਦਾ ਸਿਹਰਾ ਬੁਣ ਰਹੀ ਸੀ ਪਰ ਹੋਰ ਹੀ ਭਾਣਾ ਵਰਤ ਗਿਆ। ਦੇਸ਼ ਲਈ ਕੁਰਬਾਨ ਹੋਣ ਕਾਰਨ ਪੁੱਤਰ ਦੇ ਵਿਆਹ ਦੀਆਂ ਸਾਰੀਆਂ ਖੁਸ਼ੀਆਂ ਗਮੀ ਵਿੱਚ ਬਦਲ ਗਈਆਂ।
 
ਸਰਕਾਰ ਨੇ ਮਦਦ ਦਾ ਭਰੋਸਾ ਦਿੱਤਾ 
 
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਹੀਦ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਸ਼ਹੀਦ ਪਰਿਵਾਰ ਦੇ ਨਾਲ ਖੜ੍ਹੀ ਹੈ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਸ ਪਿੰਡ ਦੇ ਹਰ ਘਰ ਵਿੱਚ ਇੱਕ ਸਿਪਾਹੀ ਹੈ ਅਤੇ ਇਸਤੋਂ ਪਹਿਲਾਂ ਵੀ ਸਿਪਾਹੀ ਸੁਰਿੰਦਰ ਸਿੰਘ ਦੇ ਰੂਪ 'ਚ ਇਸ ਪਿੰਡ ਨੇ ਦੇਸ਼ ਲਈ ਇੱਕ ਫ਼ੌਜੀ ਕੁਰਬਾਨ ਕੀਤਾ।  ਇਸ ਪਿੰਡ ਨੇ ਦੇਸ਼ ਨੂੰ ਇੱਕ ਸੁਤੰਤਰਤਾ ਸੈਨਾਨੀ ਵੀ ਦਿੱਤਾ ਹੈ। ਇਸ ਲਈ ਉਹ ਵਾਅਦਾ ਕਰਦੇ ਹਨ ਕਿ ਇਸ ਪਿੰਡ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸ਼ਹੀਦ ਸਿਪਾਹੀ ਗੁਰਪ੍ਰੀਤ ਸਿੰਘ ਦੀ ਯਾਦ 'ਚ ਪਿੰਡ ਵਿੱਚ ਇੱਕ ਸਟੇਡੀਅਮ ਵੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਫੌਜ ਦੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣਗੇ। 

ਇਹ ਵੀ ਪੜ੍ਹੋ