AAP ਦੇ ਸਾਬਕਾ ਵਿਧਾਇਕ ਸੰਦੋਆ ਨੂੰ ਕੈਨੇਡਾ ਏਅਰਪੋਰਟ 'ਤੇ ਰੋਕਿਆ, 7 ਘੰਟੇ ਕੀਤੀ ਗਈ ਪੁੱਛਗਿੱਛ 

ਸੰਦੋਆ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਸਨ। ਸਪੀਕਰ ਨੇ ਐਸਐਸਪੀ ਰੋਪੜ ਨਾਲ ਸੰਪਰਕ ਕੀਤਾ। ਐਸਐਸਪੀ ਦੇ ਪੱਤਰ ਮਗਰੋਂ ਸੰਦੋਆ ਨੂੰ ਕੈਨੇਡਾ 'ਚ ਐਂਟਰੀ ਮਿਲੀ। 

Share:

ਹਾਈਲਾਈਟਸ

  • ਇਸ ਮਾਮਲੇ ਸਬੰਧੀ ਰੋਪੜ ਦੇ ਐਸਐਸਪੀ ਨਾਲ ਸਿੱਧਾ ਸੰਪਰਕ ਕੀਤਾ
  • 7 ਘੰਟਿਆਂ ਵਿੱਚ ਮਾਮਲਾ ਹੱਲ ਕਰ ਲਿਆ ਗਿਆ।

ਪੰਜਾਬ ਨਿਊਜ਼। ਰੋਪੜ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ਦੇ ਟੋਰਾਂਟੋ ਏਅਰਪੋਰਟ 'ਤੇ ਰੋਕਿਆ ਗਿਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਉਨ੍ਹਾਂ ਦੇ ਨਾਲ ਸਨ। 2010 'ਚ ਬੱਚੇ ਨਾਲ ਛੇੜਛਾੜ ਦੇ ਦੋਸ਼ 'ਚ ਸੰਦੋਆ ਤੋਂ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਅੰਤ ਵਿੱਚ ਐਸਐਸਪੀ ਰੋਪੜ ਵੱਲੋਂ ਇੱਕ ਪੱਤਰ ਭੇਜਿਆ ਗਿਆ, ਜਿਸਤੋਂ ਬਾਅਦ ਸੰਦੋਆ ਨੂੰ ਕੈਨੇਡਾ ਵਿੱਚ ਐਂਟਰੀ ਮਿਲੀ। ਦਰਅਸਲ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੂੰ ਸੰਦੋਆ ਖਿਲਾਫ ਸ਼ਿਕਾਇਤ ਮਿਲੀ ਸੀ। ਜਿਸ ਵਿੱਚ ਲਿਖਿਆ ਗਿਆ ਕਿ ਸੰਦੋਆ ਦੇ ਖਿਲਾਫ ਨਾਬਾਲਗ ਨਾਲ ਛੇੜਛਾੜ ਦੇ ਦੋਸ਼ ਹੇਠ ਐਫਆਈਆਰ ਦਰਜ ਹੈ। 

ਕੈਨੇਡੀਅਨ ਇਮੀਗ੍ਰੇਸ਼ਨ ਨੇ ਕੀਤੀ ਜਾਂਚ ਪੜਤਾਲ 

ਇਸ 'ਤੇ ਕਾਰਵਾਈ ਕਰਦਿਆਂ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ 17 ਜਨਵਰੀ 2024 ਨੂੰ ਸੰਦੋਆ ਨੂੰ ਹਵਾਈ ਅੱਡੇ 'ਤੇ ਰੋਕ ਲਿਆ। ਸਪੀਕਰ ਕੁਲਤਾਰ ਸੰਧਵਾਂ ਵੀ ਉਹਨਾਂ ਦੇ ਨਾਲ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਕੈਨੇਡੀਅਨ ਅਧਿਕਾਰੀਆਂ ਨੇ ਜਿੱਥੇ ਇੱਕ ਪਾਸੇ ਜਾਂਚ ਸ਼ੁਰੂ ਕੀਤੀ, ਉੱਥੇ ਹੀ ਦੂਜੇ ਪਾਸੇ ਸੰਦੋਆ ਤੋਂ ਪੁੱਛਗਿੱਛ ਵੀ ਕੀਤੀ। ਇਸ ਸਬੰਧੀ ਕੈਨੇਡੀਅਨ ਅਧਿਕਾਰੀਆਂ ਨੇ ਐਸਐਸਪੀ ਰੋਪੜ ਨਾਲ ਵੀ ਸੰਪਰਕ ਕੀਤਾ। ਸਪੀਕਰ ਨੇ ਵੀ ਐਸਐਸਪੀ ਰੋਪੜ ਨਾਲ ਸੰਪਰਕ ਕੀਤਾ। ਜਿਸਤੋਂ ਬਾਅਦ ਐਸਐਸਪੀ ਗੁਲਨੀਤ ਖੁਰਾਣਾ ਨੇ ਸਾਬਕਾ ਵਿਧਾਇਕ ਸੰਦੋਆ ਨੂੰ ਕਲੀਨ ਚਿੱਟ ਦਿੱਤੀ ਅਤੇ ਕੈਨੇਡੀਅਨ ਅਧਿਕਾਰੀਆਂ ਨੂੰ ਪੱਤਰ ਭੇਜਿਆ। 

ਕੇਸ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ 

ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸਾਬਕਾ ਵਿਧਾਇਕ ਬਾਰੇ ਜਾਣਕਾਰੀ ਮੰਗੀ ਗਈ ਸੀ। ਉਨ੍ਹਾਂ ਵੱਲੋਂ ਕੈਨੇਡੀਅਨ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ। ਜਿਸ 'ਚ ਸਪੱਸ਼ਟ ਕੀਤਾ ਗਿਆ ਕਿ ਉਹਨਾਂ ਖਿਲਾਫ  ਇੱਕ ਕੇਸ ਸੀ, ਜਿਸਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ। ਇਸਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਡੇਲੀ ਡਾਇਰੀ ਰਿਪੋਰਟ (ਡੀਡੀਆਰ) ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਡੀਡੀਆਰ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਘਟਨਾ ਵਾਲੀ ਥਾਂ (ਵਕੂਆ) ਦਿੱਲੀ ਵਿੱਚ ਹੈ ਅਤੇ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਵਿੱਚ ਵੀ ਰਾਜੀਨਾਮਾ ਹੋ ਚੁੱਕਾ ਹੈ।

2018 'ਚ ਵੀ ਹੋਏ ਸੀ ਡਿਪੋਰਟ 

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ 2018 ਵਿੱਚ ਵੀ ਕੈਨੇਡਾ ਗਏ ਸਨ। ਉਦੋਂ ਸੰਦੋਆ ਨੂੰ ਭਾਰਤ ਡਿਪੋਰਟ ਕੀਤਾ ਗਿਆ ਸੀ। ਇਹ ਕਾਰਵਾਈ 'ਆਪ' ਦੇ ਸਾਬਕਾ ਆਗੂ ਅਮਰਜੀਤ ਸਿੰਘ ਬੈਂਸ ਦੀ ਸ਼ਿਕਾਇਤ 'ਤੇ ਕੀਤੀ ਗਈ ਸੀ। ਇਸ ਵਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਦੇ ਅਹੁਦੇ ’ਤੇ ਹਨ। ਜਿਸ ਕਾਰਨ ਉਨ੍ਹਾਂ ਇਸ ਮਾਮਲੇ ਸਬੰਧੀ ਰੋਪੜ ਦੇ ਐਸਐਸਪੀ ਨਾਲ ਸਿੱਧਾ ਸੰਪਰਕ ਕੀਤਾ ਅਤੇ 7 ਘੰਟਿਆਂ ਵਿੱਚ ਮਾਮਲਾ ਹੱਲ ਕਰ ਲਿਆ ਗਿਆ।

ਪੂਰਾ ਮਾਮਲਾ ਜਾਣੋ 

ਮਾਮਲਾ ਸੰਨ 2010 ਦਾ ਹੈ। ਸਾਬਕਾ ਵਿਧਾਇਕ ਸੰਦੋਆ ਦਿੱਲੀ ਵਿੱਚ ਟੈਕਸੀ ਚਲਾਉਂਦੇ ਸਨ। ਰੋਪੜ ਦਾ ਇੱਕ ਬੱਚਾ ਸੀ ਜੋ ਉਹਨਾਂ ਕੋਲੋਂ ਟੈਕਸੀ ਚਲਾਉਣਾ ਸਿੱਖ ਰਿਹਾ ਸੀ। ਉਹ ਬੱਚਾ ਸੰਦੋਆ ਦੇ ਕੋਲ ਹੀ ਰਹਿੰਦਾ ਸੀ। 2010 ਵਿੱਚ ਬੱਚਾ ਰੋਂਦਾ ਹੋਇਆ ਰੋਪੜ ਪਹੁੰਚ ਗਿਆ ਸੀ। ਜਿਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਉਸਦਾ ਮੈਡੀਕਲ ਕਰਵਾਇਆ ਗਿਆ ਸੀ। ਡਾਕਟਰੀ ਜਾਂਚ ਤੋਂ ਪਤਾ ਲੱਗਾ ਸੀ ਕਿ ਬੱਚੇ ਦੀ ਕੁੱਟਮਾਰ ਕੀਤੀ ਗਈ ਸੀ। ਬੱਚੇ ਨੇ ਉਸ ਨਾਲ ਛੇੜਛਾੜ ਦਾ ਦੋਸ਼ ਵੀ ਲਾਇਆ ਸੀ। ਘਟਨਾ ਦਿੱਲੀ ਦੀ ਸੀ ਦਿੱਲੀ ਪੁਲਿਸ ਨੂੰ ਵੀ ਇਸਦੀ ਜਾਣਕਾਰੀ ਦਿੱਤੀ ਗਈ ਸੀ। ਮਾਮਲਾ ਭਖਣ 'ਤੇ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਸੀ। ਪਰ ਇਸ ਮਾਮਲੇ ਵਿੱਚ ਰੋਪੜ ਵਿਖੇ ਡੀਡੀਆਰ ਦਰਜ ਕੀਤੀ ਗਈ ਸੀ ਅਤੇ ਦਿੱਲੀ ਪੁਲਿਸ ਨੂੰ ਇਸ ਬਾਰੇ ਕੁੱਝ ਨਹੀਂ ਦੱਸਿਆ ਗਿਆ ਸੀ।

ਇਹ ਵੀ ਪੜ੍ਹੋ