35 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਹਿਲਾ ਨੂੰ ਮਿਲਿਆ ਲੁਧਿਆਣਾ ਨਗਰ ਨਿਗਮ ਦੇ ਮੇਅਰ ਦਾ ਅਹੁੱਦਾ, ਮੱਧ ਵਰਗੀ ਪਰਿਵਾਰ ਨਾਲ ਸਬੰਧਤ ਮਹਿਲਾ

ਮਹੱਤਵਪੂਰਨ ਗੱਲ ਇਹ ਹੈ ਕਿ ਇੰਦਰਜੀਤ ਨੇ ਆਪਣਾ ਰਾਜਨੀਤਿਕ ਸਫ਼ਰ 2022 ਵਿੱਚ ਹੀ ਸ਼ੁਰੂ ਕੀਤਾ ਸੀ ਅਤੇ ਇੰਨੇ ਘੱਟ ਸਮੇਂ ਵਿੱਚ ਮੇਅਰ ਦਾ ਅਹੁਦਾ ਹਾਸਲ ਕੀਤਾ। ਹੁਣ ਉਸਨੂੰ ਸ਼ਹਿਰ ਵਿੱਚ ਬਹੁਤ ਸਾਰੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share:

ਲੁਧਿਆਣਾ ਨਗਰ ਨਿਗਮ ਦੇ 35 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਮੇਅਰ ਦਾ ਅਹੁਦਾ ਸੰਭਾਲਣ ਦਾ ਮੌਕਾ ਮਿਲਿਆ ਹੈ। ਨਵ-ਨਿਯੁਕਤ ਮੇਅਰ ਇੰਦਰਜੀਤ ਕੌਰ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹਨ ਅਤੇ ਸ਼ਹਿਰ ਦੇ ਸੁਭਾਸ਼ ਨਗਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀਆਂ ਹਨ। 37 ਸਾਲਾ ਇੰਦਰਜੀਤ ਕੋਲ ਬੀ.ਕਾਮ ਅਤੇ ਐਮ.ਬੀ.ਏ. ਦੀ ਡਿਗਰੀ ਹੈ, ਜਦੋਂ ਕਿ ਉਸਦੇ ਪਤੀ ਰਵੀ ਆਨੰਦ ਦਾ ਹੌਜ਼ਰੀ ਦਾ ਕਾਰੋਬਾਰ ਹੈ। ਇਨ੍ਹਾਂ ਵਿੱਚ ਸ਼ਹਿਰ ਦੀ ਸਫ਼ਾਈ, ਸੀਵਰੇਜ ਦੀ ਸਮੱਸਿਆ, ਬੁੱਢਾ ਨਾਲੇ ਦੀ ਸਫ਼ਾਈ ਆਦਿ ਵਰਗੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਸ਼ਾਮਲ ਹਨ। ਇਸ ਤੋਂ ਇਲਾਵਾ, ਤਾਜਪੁਰ ਰੋਡ 'ਤੇ ਸਥਿਤ ਕੂੜੇ ਦੇ ਡੰਪ ਨੂੰ ਹਟਾਉਣਾ, ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ, ਸੜਕਾਂ ਦਾ ਨਿਰਮਾਣ ਅਤੇ ਸ਼ਹਿਰ ਵਿੱਚ ਸਿਟੀ ਬੱਸ ਸੇਵਾ ਸ਼ੁਰੂ ਕਰਨਾ ਮੁੱਖ ਚੁਣੌਤੀਆਂ ਹਨ।
ਆਪ ਵਿੱਚ ਸ਼ਾਮਲ ਹੋਏ ਕਿਸੇ ਵੀ ਕੌਂਸਲਰ ਨੂੰ ਨਹੀਂ ਮਿਲਿਆ ਅਹੁੱਦਾ
ਨਗਰ ਨਿਗਮ ਚੋਣਾਂ ਵਿੱਚ ਇੱਕ ਦਿਲਚਸਪ ਸਥਿਤੀ ਇਹ ਰਹੀ ਕਿ ਜਿੱਥੇ ਆਮ ਆਦਮੀ ਪਾਰਟੀ ਨੂੰ 41, ਕਾਂਗਰਸ ਨੂੰ 30 ਅਤੇ ਭਾਜਪਾ ਨੂੰ 19 ਸੀਟਾਂ ਮਿਲੀਆਂ। ਕਿਸੇ ਨੂੰ ਵੀ 48 ਸੀਟਾਂ ਦਾ ਬਹੁਮਤ ਨਹੀਂ ਮਿਲਿਆ। ਇਸ ਤੋਂ ਬਾਅਦ 'ਆਪ' ਨੇ ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਆਪਣੇ ਪੱਖ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਕਾਂਗਰਸ ਦੇ 4, ਭਾਜਪਾ ਦਾ 1 ਅਤੇ ਇੱਕ ਆਜ਼ਾਦ ਕੌਂਸਲਰ 'ਆਪ' ਵਿੱਚ ਸ਼ਾਮਲ ਹੋਏ। ਹਾਲਾਂਕਿ, ਦੂਜੀਆਂ ਪਾਰਟੀਆਂ ਤੋਂ 'ਆਪ' ਵਿੱਚ ਸ਼ਾਮਲ ਹੋਏ ਕਿਸੇ ਵੀ ਕੌਂਸਲਰ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਦਾ ਅਹੁਦਾ ਨਹੀਂ ਮਿਲਿਆ।

ਮਦਨ ਲਾਲ ਬੱਗਾ ਰਹੇ ਪਿੱਛੇ
ਲੁਧਿਆਣਾ ਵਿੱਚ, ਸਾਰੇ ਵਿਧਾਇਕ ਆਪਣੇ ਨਜ਼ਦੀਕੀ ਸਾਥੀ ਕੌਂਸਲਰਾਂ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਪ੍ਰਾਪਤ ਕਰਨ ਵਿੱਚ ਰੁੱਝੇ ਹੋਏ ਸਨ ਅਤੇ ਲਗਾਤਾਰ ਹਾਈਕਮਾਨ ਦੇ ਸੰਪਰਕ ਵਿੱਚ ਸਨ, ਪਰ ਉਨ੍ਹਾਂ ਵਿੱਚੋਂ ਵਿਧਾਇਕ ਪੱਪੀ, ਵਿਧਾਇਕ ਭੋਲਾ ਅਤੇ ਵਿਧਾਇਕ ਕੁਲਵੰਤ ਸਿੱਧੂ ਸਫਲ ਰਹੇ ਜਦੋਂ ਕਿ ਮਦਨ ਲਾਲ ਬੱਗਾ ਪਿੱਛੇ ਰਹਿ ਗਏ। ਵਿਧਾਇਕ ਮਦਨ ਲਾਲ ਬੱਗਾ ਦੇ ਕਿਸੇ ਵੀ ਸਾਥੀ ਕੌਂਸਲਰ ਨੂੰ ਕੋਈ ਅਹੁਦਾ ਨਹੀਂ ਮਿਲਿਆ ਜਦੋਂ ਕਿ ਬੱਗਾ ਆਪਣੇ ਪੁੱਤਰ ਅਮਨ ਬੱਗਾ ਲਈ ਡਿਪਟੀ ਮੇਅਰ ਦਾ ਅਹੁਦਾ ਦਿਵਾਉਣ ਲਈ ਪਾਰਟੀ ਹਾਈ ਕਮਾਂਡ ਨਾਲ ਲਗਾਤਾਰ ਸੰਪਰਕ ਵਿੱਚ ਸਨ। ਪਰ ਨਾ ਤਾਂ ਉਨ੍ਹਾਂ ਦੇ ਪੁੱਤਰ ਅਤੇ ਨਾ ਹੀ ਉਨ੍ਹਾਂ ਦੇ ਹਲਕੇ ਦੇ ਕਿਸੇ ਸਾਥੀ ਕੌਂਸਲਰ ਨੂੰ ਇਹ ਅਹੁਦਾ ਮਿਲਿਆ।
ਲੋਕਾਂ ਵੱਲੋਂ ਕੀਤਾ ਗਿਆ ਹਾਰ ਪਾ ਕੇ ਸਵਾਗਤ 
ਮੇਅਰ ਅਤੇ ਡਿਪਟੀ ਮੇਅਰ ਦਾ ਉਨ੍ਹਾਂ ਦੇ ਹਲਕਿਆਂ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਮੇਅਰ ਬਣਨ ਤੋਂ ਬਾਅਦ, ਇੰਦਰਜੀਤ ਕੌਰ ਦਾ ਉਨ੍ਹਾਂ ਦੇ ਹਲਕੇ ਅਤੇ ਵਾਰਡ ਦੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ। ਲੋਕਾਂ ਨੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪਰਿੰਸ ਜੌਹਰ ਦਾ ਹਾਰ ਪਾ ਕੇ ਸਵਾਗਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਸ਼ਹਿਰ ਦੀਆਂ ਸੈਂਕੜੇ ਸਮੱਸਿਆਵਾਂ ਹਨ ਪਰ ਉਹ ਇਕੱਠੇ ਬੈਠ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਣਗੀਆਂ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੀਆਂ। ਇੰਦਰਜੀਤ ਕੌਰ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਦੇ ਰਾਹ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇਣਗੇ ਅਤੇ ਲੁਧਿਆਣਾ ਨੂੰ ਇੱਕ ਮਾਡਲ ਸ਼ਹਿਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
 

ਇਹ ਵੀ ਪੜ੍ਹੋ