ਪਾਣੀ ਦੀ ਟੈਂਕੀ 'ਚ ਡਿੱਗਿਆ ਮੋਬਾਇਲ ਫੋਨ ਲੱਭਦੇ ਪਿਓ-ਪੁੱਤ ਦੀ ਡੁੱਬਣ ਨਾਲ ਮੌਤ

ਲੋਕਾਂ ਨੇ ਦੱਸਿਆ ਕਿ ਪੁੱਤਰ ਨੂੰ ਪਾਣੀ 'ਚ ਡੁੱਬਦਾ ਦੇਖ ਕੇ ਨਿਰਮਲ ਸਿੰਘ ਨੇ ਖੁਦ ਪਾਣੀ 'ਚ ਛਾਲ ਮਾਰ ਦਿੱਤੀ। ਭਾਵੇਂ ਨਿਰਮਲ ਸਿੰਘ ਤੈਰਨਾ ਜਾਣਦਾ ਸੀ ਪਰ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਡੁੱਬ ਗਿਆ।

Share:

ਹਾਈਲਾਈਟਸ

  • ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ

ਅਬੋਹਰ ਉਪਮੰਡਲ ਦੇ ਪਿੰਡ ਸ਼ੇਰਗੜ੍ਹ ਦੇ ਖੇਤਾਂ ਵਿੱਚ ਬਣੀ ਪਾਣੀ ਦੇ ਟੈਂਕੀ ਵਿੱਚ ਡੁੱਬਣ ਕਾਰਨ ਪਿਓ-ਪੁੱਤ ਦੀ ਮੌਤ ਹੋ ਗਈ। ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੋਬਾਇਲ ਫੋਨ ਪਾਣੀ ਦੇ ਟੈਂਕੀ 'ਚ ਡਿੱਗਿਆ ਸੀ। ਜਿਸ ਨੂੰ ਲੱਭਣ ਦੌਰਾਨ ਦੋਵੇਂ ਡੁੱਬ ਗਏ।

ਸ਼ੇਰਗੜ੍ਹ ਵਿੱਚ ਸੀ ਦੋ ਕਿੱਲੇ ਜ਼ਮੀਨ

ਚਸ਼ਮਦੀਦਾਂ ਨੇ ਪੁਲਿਸ ਨੂੰ ਦੱਸਿਆ ਕਿ 45 ਸਾਲਾ ਨਿਰਮਲ ਸਿੰਘ ਪੁੱਤਰ ਗੁਰਜੀਤ ਸਿੰਘ ਮੂਲ ਤੌਰ ’ਤੇ ਰਾਜਸਥਾਨ ਦੇ ਪਿੰਡ ਦਲਿਆਂਵਾਲੀ ਦਾ ਰਹਿਣ ਵਾਲਾ ਸੀ, ਜਿਸ ਦੀ ਅਬੋਹਰ ਦੇ ਪਿੰਡ ਸ਼ੇਰਗੜ੍ਹ ਵਿੱਚ ਦੋ ਕਿੱਲੇ ਜ਼ਮੀਨ ਹੈ। ਜਿੱਥੇ ਨਿਰਮਲ ਸਿੰਘ ਅਤੇ ਉਸ ਦਾ ਪੁੱਤਰ ਸੁਖਬੀਰ ਸਿੰਘ ਫ਼ਸਲਾਂ ਦੀ ਦੇਖਭਾਲ ਲਈ ਆਉਂਦੇ ਰਹਿੰਦੇ ਸਨ। ਲੋਕਾਂ ਨੇ ਦੱਸਿਆ ਕਿ ਨਿਰਮਲ ਸਿੰਘ ਦੇ ਖੇਤਾਂ ਨੇੜੇ ਪਾਣੀ ਦੀ ਟੈਂਕੀ ਹੈ। ਜਿਸ ਨਾਲ ਖੇਤਾਂ ਵਿੱਚ ਫ਼ਸਲਾਂ ਦੀ ਸਿੰਚਾਈ ਕੀਤੀ ਜਾਂਦੀ ਹੈ। ਕਰੀਬ 15 ਦਿਨ ਪਹਿਲਾਂ ਨਿਰਮਲ ਦੇ 15 ਸਾਲਾ ਪੁੱਤਰ ਸੁਖਬੀਰ ਸਿੰਘ ਦਾ ਮੋਬਾਈਲ ਫੋਨ ਪਾਣੀ ਦੀ ਟੈਂਕੀ ਵਿੱਚ ਡਿੱਗ ਗਿਆ ਸੀ। ਉਸ ਸਮੇਂ ਉਨ੍ਹਾਂ ਨੇ ਇਸ ਨੂੰ ਲੱਭਣ ਲਈ ਕੋਈ ਉਪਰਾਲਾ ਨਹੀਂ ਕੀਤਾ, ਪਰ ਅੱਜ ਸਵੇਰੇ 9 ਵਜੇ ਦੇ ਕਰੀਬ ਦੋਵੇਂ ਪਿਓ-ਪੁੱਤ ਪਿੰਡ ਦਲਿਆਂਵਾਲੀ ਤੋਂ ਸ਼ੇਰਗੜ੍ਹ ਪੁੱਜੇ ਅਤੇ ਸੁਖਬੀਰ ਸਿੰਘ ਨੇ ਨਿਰਮਲ ਸਿੰਘ ਨਾਲ ਮੋਬਾਈਲ ਕੱਢਣ ਦੀ ਕੋਸ਼ਿਸ਼ ਕੀਤੀ।

 

ਰੱਸੀ ਦੀ ਮਦਦ ਨਾਲ ਉਤਰਿਆ ਸੀ ਹੇਠਾਂ

ਸੁਖਬੀਰ ਸਿੰਘ ਰੱਸੀ ਦੀ ਮਦਦ ਨਾਲ ਪਾਣੀ ਵਾਲੀ ਟੈਂਕੀ  'ਚ ਵੜਿਆ ਸੀ, ਜਦਕਿ ਉਸ ਦਾ ਪਿਤਾ ਨਿਰਮਲ ਸਿੰਘ ਉੱਪਰ ਖੜ੍ਹਾ ਰੱਸੀ ਨੂੰ ਫੜੀ ਬੈਠਾ ਸੀ | ਲੋਕਾਂ ਨੇ ਦੱਸਿਆ ਕਿ ਮੋਬਾਈਲ ਦੀ ਭਾਲ ਕਰਦੇ ਸਮੇਂ ਸੁਖਬੀਰ ਸਿੰਘ ਡੂੰਘੇ ਪਾਣੀ ਵਿੱਚ ਜਾ ਵੜਿਆ ਅਤੇ ਜਦੋਂ ਉਹ ਆਪਣਾ ਸੰਤੁਲਨ ਗੁਆ ​​ਬੈਠਾ ਤਾਂ ਉਸ ਦੇ ਹੱਥ ਵਿੱਚੋਂ ਰੱਸੀ ਤਿਲਕ ਗਈ ਅਤੇ ਉਹ ਪਾਣੀ ਵਿੱਚ ਡੁੱਬਣ ਲੱਗਾ। ਲੋਕਾਂ ਨੇ ਦੱਸਿਆ ਕਿ ਪੁੱਤਰ ਨੂੰ ਪਾਣੀ 'ਚ ਡੁੱਬਦਾ ਦੇਖ ਕੇ ਨਿਰਮਲ ਸਿੰਘ ਨੇ ਖੁਦ ਪਾਣੀ 'ਚ ਛਾਲ ਮਾਰ ਦਿੱਤੀ। ਭਾਵੇਂ ਨਿਰਮਲ ਸਿੰਘ ਤੈਰਨਾ ਜਾਣਦਾ ਸੀ ਪਰ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਡੁੱਬ ਗਿਆ। ਘਟਨਾ ਦਾ ਪਤਾ ਲੱਗਦੇ ਹੀ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਥਾਣਾ ਖੂਈਆਂ ਸਰਵਰ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੀ ਮਦਦ ਨਾਲ ਦੋਹਾਂ ਲਾਸ਼ਾਂ ਨੂੰ ਬਾਹਰ ਕੱਢਿਆ। ਜਿਨ੍ਹਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ