Kisan Andolan 2.0: ਅੱਜ ਫਿਰ ਤੋਂ ਸ਼ੰਭੂ-ਖਨੌਰੀ ਬਾਰਡਰ ਰਾਹੀਂ ਹਰਿਆਣਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਕਿਸਾਨ, ਪੁਲਿਸ ਨਾਲ ਟਰਕਾਅ ਦੇ ਆਸਾਰ

Kisan Andolan 2.0: ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਜਾਣਗੇ। ਇਸ ਦੇ ਨਾਲ ਹੀ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਦੀ ਪਾਬੰਦੀ 15 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇਹ ਪਾਬੰਦੀ ਲਾਗੂ ਰਹੇਗੀ। 

Share:

Kisan Andolan 2.0: ਪੰਜਾਬ ਦੇ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦਾ ਅੱਜ ਦੂਜਾ ਦਿਨ ਹੈ। ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਹਰਿਆਣਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ। ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਜਾਣਗੇ। ਇਸ ਦੇ ਨਾਲ ਹੀ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਦੀ ਪਾਬੰਦੀ 15 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇਹ ਪਾਬੰਦੀ ਲਾਗੂ ਰਹੇਗੀ। ਹੁਣ ਤੱਕ ਪੰਜਾਬ ਦੇ ਕਿਸਾਨ ਹਰਿਆਣਾ ਦੀ ਕਿਸੇ ਵੀ ਸਰਹੱਦ ਤੋਂ ਅੱਗੇ ਨਹੀਂ ਵਧ ਸਕੇ ਹਨ। ਅੱਜ ਫਿਰ ਤੋਂ ਕਿਸਾਨ ਹਰਿਆਣਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ, ਜਿਸ ਕਾਰਨ ਪੁਲਿਸ ਨਾਲ ਟਕਰਾਅ ਹੋ ਸਕਦਾ ਹੈ।

ਡੀਐਸਪੀ ਸਮੇਤ 100 ਕਿਸਾਨ ਅਤੇ 19 ਜਵਾਨ ਜ਼ਖ਼ਮੀ ਹੋਏ

ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਅਤੇ ਕਰਜ਼ਾ ਮੁਆਫੀ ਸਮੇਤ 12 ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਪੰਜਾਬ ਦੇ ਕਿਸਾਨਾਂ ਨੇ ਸਰਕਾਰ ਨਾਲ ਗੱਲਬਾਤ ਅਸਫਲ ਹੋਣ ਤੋਂ ਬਾਅਦ ਮੰਗਲਵਾਰ ਸਵੇਰੇ ਦਿੱਲੀ ਵੱਲ ਮਾਰਚ ਕੀਤਾ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਟਰਾਲੀਆਂ 'ਤੇ ਟੈਂਟ ਅਤੇ ਰਾਸ਼ਨ ਲੈ ਕੇ ਆ ਰਹੇ ਕਿਸਾਨਾਂ ਨੂੰ ਹਰਿਆਣਾ ਦੀ ਸਰਹੱਦ 'ਤੇ ਰੋਕ ਦਿੱਤਾ ਗਿਆ ਹੈ। ਪਟਿਆਲਾ ਦੇ ਸ਼ੰਭੂ ਅਤੇ ਜੀਂਦ ਦੇ ਦਾਤਾਸਿੰਘਵਾਲਾ ਦੀ ਸੀਲ ਕੀਤੀ ਸਰਹੱਦ 'ਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਕਈ ਝੜਪਾਂ ਹੋਈਆਂ। ਪੁਲਿਸ ਨੇ ਪਥਰਾਅ ਕਰਨ ਅਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੌਛਾਰਾਂ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਜੀਂਦ 'ਚ ਕਿਸਾਨਾਂ 'ਤੇ ਲਾਠੀਚਾਰਜ ਵੀ ਕੀਤਾ ਗਿਆ। ਦੋਵਾਂ ਸਰਹੱਦਾਂ 'ਤੇ ਹੋਈਆਂ ਝੜਪਾਂ 'ਚ ਅੰਬਾਲਾ ਦੇ ਨਰਾਇਣਗੜ੍ਹ ਦੇ ਡੀਐਸਪੀ ਸਮੇਤ 100 ਕਿਸਾਨ ਅਤੇ 19 ਜਵਾਨ ਜ਼ਖ਼ਮੀ ਹੋ ਗਏ ਹਨ। ਇਸ ਦੇ ਨਾਲ ਹੀ ਪੰਜਾਬ ਨਾਲ ਲੱਗਦੇ ਹਰਿਆਣਾ ਦੀਆਂ ਸਾਰੀਆਂ 14 ਸਰਹੱਦਾਂ 'ਤੇ ਕਰੀਬ 20 ਹਜ਼ਾਰ ਕਿਸਾਨ ਇਕੱਠੇ ਹੋ ਗਏ ਹਨ। ਇਨ੍ਹਾਂ ਨੂੰ ਰੋਕਣ ਲਈ ਹਰਿਆਣਾ ਵਿੱਚ ਅਰਧ ਸੈਨਿਕ ਬਲਾਂ ਦੀਆਂ 64 ਕੰਪਨੀਆਂ ਅਤੇ ਪੁਲਿਸ ਦੀਆਂ 50 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। 

ਹਰਿਆਣਾ ਪੁਲਿਸ ਨੇ ਕਈ ਕਿਸਾਨ ਆਗੂ ਹਿਰਾਸਤ ਵਿੱਚ ਲਏ

ਇਸ ਤੋਂ ਪਹਿਲਾਂ ਦਿੱਲੀ ਵੱਲ ਕੂਚ ਕਰਨ 'ਤੇ ਤੁਲੇ ਹੋਏ ਕਿਸਾਨਾਂ ਨੇ ਸ਼ੰਭੂ ਸਰਹੱਦ 'ਤੇ ਬੈਰੀਕੇਡਿੰਗ ਦੀ ਪਹਿਲੀ ਪਰਤ ਤੋੜ ਦਿੱਤੀ ਸੀ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਹਰਿਆਣਾ ਪੁਲਿਸ ਵੱਲੋਂ ਸਰਹੱਦ ’ਤੇ ਜੈਮਰ ਲਾਉਣ ਕਾਰਨ ਪੰਜਾਬ ਵਾਲੇ ਪਾਸੇ ਵੀ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਹਰਿਆਣਾ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਪੰਜਾਬ ਦੇ ਫਤਿਹਗੜ੍ਹ ਸਾਹਿਬ, ਲਾਡੋਵਾਲ ਅਤੇ ਅੰਮ੍ਰਿਤਸਰ ਤੋਂ ਸਵੇਰੇ 10 ਵਜੇ ਦੇ ਕਰੀਬ ਕਿਸਾਨਾਂ ਦੇ ਜਥੇ ਦਿੱਲੀ ਲਈ ਰਵਾਨਾ ਹੋਏ। ਪ੍ਰਦਰਸ਼ਨਕਾਰੀਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ। ਕਿਸਾਨਾਂ ਨੇ ਸਰਹੱਦ 'ਤੇ ਲਗਾਏ ਬੈਰੀਕੇਡ ਹਟਾਉਣ ਲਈ ਜੇਸੀਬੀ ਮਸ਼ੀਨਾਂ ਵੀ ਆਪਣੇ ਨਾਲ ਲੈ ਲਈਆਂ ਹਨ।

ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਵਾਲੇ ਪਾਸੇ ਆ ਕੇ ਕੀਤਾ ਸਮਰਥਨ

ਪੰਜਾਬ ਦੇ ਖਨੌਰੀ ਤੋਂ ਆ ਰਹੇ ਕਿਸਾਨਾਂ ਦੀ ਜੀਂਦ ਦੇ ਦਾਤਾਸਿੰਘਵਾਲਾ ਬਾਰਡਰ 'ਤੇ ਦੁਪਹਿਰ 2.40 ਵਜੇ ਝੜਪ ਹੋ ਗਈ। ਜਦੋਂ ਪੰਜਾਬ ਦੇ ਕਿਸਾਨਾਂ ਨੇ ਸੜਕ 'ਤੇ ਪਏ ਨਾਕਿਆਂ ਨੂੰ ਹਟਾਉਣਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ ਅਤੇ ਪਾਣੀ ਦੀਆਂ ਬੌਛਾਰਾਂ ਦੀ ਵੀ ਵਰਤੋਂ ਕੀਤੀ। ਇਸ ਕਾਰਨ ਕਿਸਾਨ ਇੱਕ ਵਾਰ ਤਾਂ ਪਿੱਛੇ ਹਟ ਗਏ ਪਰ ਕੁਝ ਸਮੇਂ ਬਾਅਦ ਮੁੜ ਸੜਕ ’ਤੇ ਆ ਗਏ ਅਤੇ ਨਾਕੇ ਕੱਢਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਫਿਰ ਅੱਥਰੂ ਗੈਸ ਦੇ ਗੋਲੇ ਛੱਡੇ। ਇੱਥੇ ਹਰਿਆਣਾ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਪੰਜਾਬ ਵਾਲੇ ਪਾਸੇ ਪਹੁੰਚ ਗਏ ਅਤੇ ਧਰਨਾਕਾਰੀਆਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ। ਸ਼ਾਮ 4 ਵਜੇ ਪੰਜਾਬ ਤੋਂ ਕਿਸਾਨਾਂ ਦਾ ਇੱਕ ਹੋਰ ਜਥਾ ਸਰਹੱਦ 'ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਇੱਕ ਵਾਰ ਫਿਰ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਝੜਪ ਵਿੱਚ ਹਰਿਆਣਾ ਪੁਲਿਸ ਦੇ 10 ਮੁਲਾਜ਼ਮ, ਅਰਧ ਸੈਨਿਕ ਬਲ ਦੇ ਤਿੰਨ ਜਵਾਨ ਅਤੇ 12 ਕਿਸਾਨ ਜ਼ਖ਼ਮੀ ਹੋਏ ਹਨ। ਇੱਥੇ ਅੱਠ ਹਜ਼ਾਰ ਦੇ ਕਰੀਬ ਕਿਸਾਨ ਇਕੱਠੇ ਹੋਏ ਹਨ।  

ਪਿਹੋਵਾ ਦੇ ਟੁਕਰ ਬਾਰਡਰ 'ਤੇ 100 ਤੋਂ ਵੱਧ ਕਿਸਾਨ ਪਹੁੰਚੇ

ਕਰੀਬ 4 ਵਜੇ ਕੁਰੂਕਸ਼ੇਤਰ ਦੇ ਪਿਹੋਵਾ ਦੇ ਟੁਕਰ ਬਾਰਡਰ 'ਤੇ 100 ਤੋਂ ਵੱਧ ਕਿਸਾਨਾਂ ਦਾ ਇੱਕ ਸਮੂਹ ਪਹੁੰਚਿਆ ਅਤੇ ਕੁਝ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਸਿਰਸਾ ਵਿੱਚ ਪੰਜਾਬ ਦੀ ਸਰਹੱਦ ’ਤੇ ਪੰਜੂਆਣਾ ਨਹਿਰ ’ਤੇ ਭਾਰਤੀ ਕਿਸਾਨ ਏਕਤਾ ਦੇ ਕੌਮੀ ਪ੍ਰਧਾਨ ਲਖਵਿੰਦਰ ਔਲਖ ਦੀ ਅਗਵਾਈ ਹੇਠ 800 ਦੇ ਕਰੀਬ ਕਿਸਾਨ ਇਕੱਠੇ ਹੋਏ ਹਨ। ਹਰਿਆਣਾ ਪੁਲਿਸ ਨੇ ਸਿਰਸਾ ਦੇ ਘੱਗਰ ਪੁਲ 'ਤੇ ਨਾਕਾਬੰਦੀ ਕੀਤੀ ਹੋਈ ਹੈ। ਕਿਸਾਨ ਪੁਲਿਸ ਚੌਕੀ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਬੈਠੇ ਹਨ।
 
ਕਈ ਕਿਸਾਨ ਜੇਸੀਬੀ ਤੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਪੁੱਜੇ

ਸਥਿਤੀ ਕਾਬੂ ਤੋਂ ਬਾਹਰ ਹੁੰਦੀ ਵੇਖ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਟੁਕੜੀ ਨੇ ਸ਼ੰਭੂ ਬਾਰਡਰ 'ਤੇ ਕਈ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ। ਅੰਮ੍ਰਿਤਸਰ ਤੋਂ ਕਈ ਕਿਸਾਨ ਜੇਸੀਬੀ ਅਤੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਸਰਹੱਦ ’ਤੇ ਪੁੱਜੇ। ਕਿਸਾਨ ਕੰਡਿਆਲੀ ਤਾਰ ਅਤੇ ਮੇਖਾਂ 'ਤੇ ਮਿੱਟੀ ਖਿਲਾਰ ਕੇ ਦਿੱਲੀ ਵੱਲ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਨਾਲ ਹੀ ਬਠਿੰਡਾ ਤੋਂ 800 ਕਿਸਾਨਾਂ ਦਾ ਜਥਾ ਭਾਰਤੀ ਕਿਸਾਨ ਏਕਤਾ ਦੇ ਕੌਮੀ ਪ੍ਰਧਾਨ ਲਖਵਿੰਦਰ ਔਲਖ ਦੀ ਅਗਵਾਈ ਹੇਠ ਸਿਰਸਾ ਦੇ ਪੰਜੂਆਣਾ ਬਾਰਡਰ 'ਤੇ ਖੜ੍ਹਾ ਹੈ।

ਹਰਿਆਣਾ ਨੂੰ ਕਸ਼ਮੀਰ ਘਾਟੀ ਬਣਾ ਦਿੱਤਾ : ਪੰਧੇਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਫਤਿਹਗੜ੍ਹ ਸਾਹਿਬ ਵਿੱਚ ਕਿਹਾ ਕਿ ਅਜਿਹਾ ਨਹੀਂ ਲੱਗਦਾ ਕਿ ਪੰਜਾਬ ਅਤੇ ਹਰਿਆਣਾ ਦੋ ਸੂਬੇ ਹਨ। ਅਜਿਹਾ ਲਗਦਾ ਹੈ ਕਿ ਉਨ੍ਹਾਂ ਦੀ ਇੱਕ ਅੰਤਰਰਾਸ਼ਟਰੀ ਸਰਹੱਦ ਹੈ। ਹਰਿਆਣਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਪੰਧੇਰ ਨੇ ਕਿਹਾ ਕਿ ਹਰਿਆਣਾ ਨੂੰ ਕਸ਼ਮੀਰ ਘਾਟੀ ਬਣਾ ਦਿੱਤਾ ਗਿਆ ਹੈ। ਅਸੀਂ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਵਿੱਚ ਸ਼ਾਮਲ ਨਹੀਂ ਹੋਵਾਂਗੇ। ਸਰਕਾਰ ਸਾਡੇ 'ਤੇ ਗੋਲੀ ਚਲਾ ਸਕਦੀ ਹੈ ਜਾਂ ਲਾਠੀਚਾਰਜ ਕਰ ਸਕਦੀ ਹੈ। ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਵੀ ਸਾਡੇ ਭਰਾ ਹਨ। ਸਾਡਾ ਮਾਰਚ ਸ਼ਾਂਤਮਈ ਹੋਵੇਗਾ।

ਇਹ ਵੀ ਪੜ੍ਹੋ