ਪੰਜਾਬ 'ਚ ਕਿਸਾਨ ਮੁੜ ਜਾਮ ਕਰਨਗੇ ਹਾਈਵੇਅ !

ਗੰਨੇ ਦੀ ਕੀਮਤ 'ਚ 11 ਰੁਪਏ ਵਾਧੇ ਨੂੰ ਦੱਸਿਆ ਕੋਝਾ ਮਜ਼ਾਕ। ਕਿਹਾ - ਮੁੱਖ ਮੰਤਰੀ ਨੇ ਮੀਟਿੰਗ 'ਚ ਕੀਤੇ ਵਾਅਦੇ ਮੁਤਾਬਕ ਨਹੀਂ ਵਧਾਏ ਭਾਅ। 

Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਸ਼ੁੱਕਰਵਾਰ ਸਵੇਰੇ ਆਪਣੇ ਐਕਸ ਹੈਂਡਲ ਰਾਹੀਂ ਪੋਸਟ ਕਰਕੇ ਗੰਨੇ ਦੀ ਕੀਮਤ 'ਚ 11 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਤਾਂ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਇਸਦਾ ਵਿਰੋਧ ਕਰ ਦਿੱਤਾ।  ਗੰਨਾ ਉਤਪਾਦਕਾਂ ਨੇ ਗੰਨੇ ਦੇ ਖਰੀਦ ਮੁੱਲ 'ਚ 11 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦੇ ਸ਼ਗਨ ਦੇ ਫੈਸਲੇ ਨੂੰ ਸਵੀਕਾਰ ਨਹੀਂ ਕੀਤਾ ਤੇ ਮੁੜ ਹਾਈਵੇਅ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। 
 
ਸ਼ਗਨ 21, 51 ਰੁਪਏ ਦਾ ਵੀ ਹੁੰਦਾ 
 
ਜਲੰਧਰ ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਭਾਸ਼ਾ 'ਚ ਜਵਾਬ ਦਿੰਦੇ ਹੋਏ ਕਿਹਾ ਕਿ 11 ਰੁਪਏ ਸ਼ਗਨ ਦੀ ਗੱਲ ਕਰ ਰਹੇ ਹਨ, ਸ਼ਗਨ ਤਾਂ 21 ਤੇ 51 ਰੁਪਏ ਦਾ ਵੀ ਹੁੰਦਾ ਹੈ। ਸੀਐਮ ਨੇ 11 ਰੁਪਏ ਦੇ ਸ਼ਗਨ ਨਾਲ ਉਹਨਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਹੋਵੇਗਾ। ਸਰਕਾਰ ਨੂੰ ਆਪਣੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਗੰਨੇ ਦਾ ਭਾਅ 400 ਰੁਪਏ ਤੋਂ ਵੱਧ ਦਿੱਤਾ ਜਾਵੇ। 
 
ਕਿਸਾਨ ਆਗੂਆਂ ਨੇ ਕੀਤਾ ਐਲਾਨ

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਤੇ ਕਿਸਾਨ ਆਗੂ ਜੰਗਬੀਰ ਚੌਹਾਨ ਨੇ ਕਿਹਾ ਕਿ ਗੰਨੇ ਦੀ ਕੀਮਤ 'ਚ ਵਾਧੇ ਸਬੰਧੀ ਸਿਰਫ਼ ਸ਼ੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਗਈ ਹੈ।  ਇਸ ਬਾਰੇ ਕੋਈ ਨੋਟੀਫਿਕੇਸ਼ਨ ਵੀ ਨਹੀਂ ਜਾਰੀ ਕੀਤਾ ਗਿਆ। ਮੁੱਖ ਮੰਤਰੀ ਨੂੰ ਸ਼ਨੀਵਾਰ ਨੂੰ ਗੰਨੇ ਦਾ ਸਮਰਥਨ ਮੁੱਲ 400 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤੇ ਖੰਡ ਮਿੱਲਾਂ ਨੂੰ ਤੁਰੰਤ ਚਾਲੂ ਕਰਨਾ ਚਾਹੀਦਾ ਹੈ। ਗੰਨਾ ਕਾਸ਼ਤਕਾਰਾਂ ਨੇ ਰੇਲਵੇ ਲਾਈਨਾਂ ’ਤੇ ਬੈਠੇ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸਾਂ ਦੀ ਸਖ਼ਤ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ  ਕਿ ਜਿਸ ਦਿਨ ਇਨ੍ਹਾਂ ਕੇਸਾਂ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਫਿਰ ਉਸਦਾ ਜਵਾਬ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ