ਕਿਸਾਨਾਂ ਨੇ ਫਿਰ ਵਿਬਤਾ 'ਚ ਪਾਈ ਸਰਕਾਰ, ਰਾਜਪਾਲ ਹੱਥ ਡੋਰ !

ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਸਰਹੱਦਾਂ ਉਪਰ ਪੱਕਾ ਮੋਰਚਾ ਲਾਇਆ ਗਿਆ ਹੈ। 28 ਨਵੰਬਰ ਨੂੰ ਸੂਬੇ ਦੇ ਰਾਜਪਾਲ ਨਾਲ ਮੀਟਿੰਗ ਦੀ ਸਮਾਂ ਤੈਅ ਹੋਇਆ ਹੈ। 

Share:

ਆਪਣੇ ਪੱਕੇ ਮੋਰਚਿਆਂ ਨਾਲ ਏਕਤਾ ਦਾ ਸਬੂਤ ਦੇਣ ਵਾਲੇ ਕਿਸਾਨਾਂ ਨੇ ਇੱਕ ਵਾਰ ਫਿਰ ਸਰਕਾਰ ਨੂੰ ਵਿਬਤਾ ਪਾ ਦਿੱਤੀ ਹੈ। ਇਸ ਵਾਰ ਮੰਗਾਂ ਨੂੰ ਲੈ ਕੇ ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਸਰਹੱਦਾਂ ਉਪਰ ਡੇਰੇ ਲਾਏ ਗਏ ਹਨ। ਇਸ ਮਸਲੇ ਦਾ ਹੱਲ ਕੱਢਣ ਲਈ 28 ਨਵੰਬਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੀਟਿੰਗ ਸਵੇਰੇ 11 ਵਜੇ ਤੈਅ ਹੋਈ ਹੈ। ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਰਾਜਪਾਲ ਇਸਦਾ ਹੱਲ ਕਰਦੇ ਹਨ ਜਾਂ ਫਿਰ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਵੱਲ ਕੂਚ ਕਰਨਗੀਆਂ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਨੂੰ ਲੈ ਕੇ 26 ਤੋਂ 28 ਨਵੰਬਰ ਤੱਕ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਸਰਕਾਰ ਨੇ ਐਮਐਸਪੀ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ। ਜਿਸਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ।


ਵੱਡਾ ਫੈਸਲਾ ਲੈ ਸਕਦੇ ਹਨ ਕਿਸਾਨ 

ਪੰਜਾਬ ਭਰ ਤੋਂ ਕਿਸਾਨ ਟਰੈਕਟਰ-ਟਰਾਲੀਆਂ ਨਾਲ ਧਰਨੇ ਦੀ ਤਿਆਰੀ 'ਚ ਚੰਡੀਗੜ੍ਹ ਪੁੱਜੇ ਸਨ। ਪਰ ਭਾਰੀ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਇਸ ਲਈ ਕਿਸਾਨ ਬਾਵਾ ਵਾਈਟ ਹਾਊਸ ਫੇਜ਼-11 ਤੋਂ ਜਗਤਪੁਰਾ ਚੌਕ ਤੱਕ ਸੜਕ ਦੇ ਦੋਵੇਂ ਪਾਸੇ ਜਾਮ ਲਾ ਕੇ ਬੈਠ ਗਏ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਕੋਈ ਹੋਰ ਫੈਸਲਾ ਲਿਆ ਜਾਵੇਗਾ। ਦੱਸ ਦਈਏ ਕਿ ਕਰੀਬ 5 ਹਜ਼ਾਰ ਕਿਸਾਨ ਜਗਤਪੁਰਾ ਪਹੁੰਚ ਚੁੱਕੇ ਹਨ, ਜਦਕਿ 1 ਹਜ਼ਾਰ ਦੇ ਕਰੀਬ ਕਿਸਾਨ ਪੰਚਕੂਲਾ ਪਹੁੰਚ ਚੁੱਕੇ ਹਨ। ਕਿਸਾਨਾਂ ਨੇ ਉਥੇ ਟੈਂਟ ਲਗਾ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ ਕਿਸਾਨਾਂ ਨੇ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। 

ਧਰਨੇ 'ਤੇ ਹੀ ਮਨਾਉਣਗੇ ਗੁਰਪੁਰਬ 

ਚੰਡੀਗੜ੍ਹ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਹ ਆਪਣੇ ਵਿਚਾਰ ਰਾਜਪਾਲ ਤੱਕ ਪਹੁੰਚਾਉਣ ਲਈ ਚੰਡੀਗੜ੍ਹ ਜਾਣਾ ਚਾਹੁੰਦੇ ਹਨ। ਉਹਨਾਂ ਨੂੰ ਰੋਕਿਆ ਗਿਆ ਹੈ। ਜੇਕਰ ਕੋਈ ਧੱਕੇਸ਼ਾਹੀ ਕੀਤੀ ਗਈ ਤਾਂ ਦਿੱਲੀ ਵਾਂਗੂੰ ਹਾਲਾਤ ਬਣ ਜਾਣਗੇ। ਦੱਸ ਦਈਏ ਕਿ ਧਰਨੇ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਹਨ। ਕਿਸਾਨਾਂ ਨੇ ਇਹ ਫੈਸਲਾ ਵੀ ਲਿਆ ਕਿ 27 ਨਵੰਬਰ ਨੂੰ ਧਰਨੇ ਵਾਲੀ ਥਾਂ 'ਤੇ ਹੀ ਗੁਰਪੁਰਬ ਮਨਾਇਆ ਜਾਵੇਗਾ। 

ਇਹ ਵੀ ਪੜ੍ਹੋ