ਬਲਾਗਰ ਭਾਨਾ ਸਿੱਧੂ ਦੇ ਹੱਕ ਵਿੱਚ ਉਤਰੇ ਕਿਸਾਨ,ਲੁਧਿਆਣਾ-ਦਿੱਲੀ ਹਾਈਵੇ ਜਾਮ,ਟੋਲ ਪਲਾਜੇ ਬੰਦ ਕਰਨ ਦੀ ਚੇਤਾਵਨੀ

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਨਾ ਸਿੱਧੂ ਸਿਰਫ਼ ਟਰੈਵਲ ਏਜੰਟਾਂ ਤੋਂ ਧੋਖਾਧੜੀ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਪੈਸੇ ਹੀ ਮੋੜਦਾ ਸੀ। ਪੰਜਾਬ ਦੀ 'ਆਪ' ਸਰਕਾਰ ਖਿਲਾਫ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਦੇ ਦੋਸ਼ 'ਚ ਉਨ੍ਹਾਂ ਖਿਲਾਫ ਬਦਲਾਖੋਰੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Share:

Punjab News: ਬਲਾਗਰ ਭਾਨਾ ਸਿੱਧੂ ਦੇ ਹੱਕ ਵਿੱਚ ਸ਼ਨੀਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਸੀਐਮ ਭਗਵੰਤ ਸਿੰਘ ਮਾਨ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਸੰਗਰੂਰ, ਮਾਨਸਾ ਅਤੇ ਹੋਰ ਜਿਲ੍ਹਿਆਂ ਵਿੱਚ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਹੈ। ਇੰਨਾ ਹੀ ਨਹੀਂ ਸੰਗਰੂਰ ਜਾ ਰਹੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵੀ ਰਸਤੇ ਵਿੱਚ ਰੋਕ ਲਿਆ ਗਿਆ। ਜਿਵੇਂ ਹੀ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁੱਸੇ 'ਚ ਆ ਗਏ। ਉਨ੍ਹਾਂ ਅੰਮ੍ਰਿਤਸਰ, ਫ਼ਿਰੋਜ਼ਪੁਰ, ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਦੇ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ। ਸੜਕਾਂ ਵੀ ਜਾਮ ਹੋਣ ਲੱਗ ਪਈਆਂ ਹਨ। ਪੁਲੀਸ ਸੰਗਰੂਰ ਜਾਣ ਵਾਲੀਆਂ ਬੱਸਾਂ ਨੂੰ ਰੋਕ ਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਲੁਧਿਆਣਾ-ਦਿੱਲੀ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਹਾਊਸ ਦੇ ਬਾਹਰ ਲਾਏ ਬੈਰੀਕੇਡ

ਧਰਨੇ ਦੇ ਮੱਦੇਨਜ਼ਰ ਸੰਗਰੂਰ ਵਿੱਚ ਮੁੱਖ ਮੰਤਰੀ ਹਾਊਸ ਦੇ ਬਾਹਰ ਬੈਰੀਕੇਡ ਲਾ ਦਿੱਤੇ ਗਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਨਾ ਸਿੱਧੂ ਸਿਰਫ਼ ਟਰੈਵਲ ਏਜੰਟਾਂ ਤੋਂ ਧੋਖਾਧੜੀ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਪੈਸੇ ਹੀ ਮੋੜਦਾ ਸੀ। ਪੰਜਾਬ ਦੀ 'ਆਪ' ਸਰਕਾਰ ਖਿਲਾਫ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਦੇ ਦੋਸ਼ 'ਚ ਉਨ੍ਹਾਂ ਖਿਲਾਫ ਬਦਲਾਖੋਰੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

26 ਜਨਵਰੀ ਨੂੰ ਮਿਲੀ ਸੀ ਜਮਾਨਤ

ਕਾਬਿਲੇਗੌਰ ਹੈ ਕਿ ਭਾਨਾ ਸਿੱਧੂ ਨੂੰ 26 ਜਨਵਰੀ ਨੂੰ ਜ਼ਮਾਨਤ ਮਿਲ ਗਈ ਸੀ। ਪਰ ਉਸ ਵਿਰੁੱਧ ਪਟਿਆਲਾ ਵਿੱਚ ਇੱਕ ਹੋਰ ਕੇਸ ਦਰਜ ਕਰਕੇ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਸਿੱਧੂ ਖ਼ਿਲਾਫ਼ ਧਾਰਾ 379ਬੀ, 323, 341, 506, 34 ਆਈ.ਪੀ.ਸੀ ਤਹਿਤ ਕੇਸ ਨੰਬਰ 8 ਦਰਜ ਕੀਤਾ ਸੀ। ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਕਾਰਨ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਨੂੰ ਅੱਜ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਾ ਪਿਆ ਪਰ ਉਸ ਨੂੰ ਪਹਿਲਾਂ ਹੀ ਆਪਣੇ ਸਮਰਥਕਾਂ ਸਮੇਤ ਨਜ਼ਰਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ