Farmer Protest: ਦੋ ਦਿਨਾਂ ‘ਚ ਪੁਲਿਸ ਦੀ ਝੜਪ ਵਿੱਚ 65 ਕਿਸਾਨ ਜ਼ਖਮੀ,3 ਗੰਭੀਰ

ਜ਼ਖਮੀਆਂ ਦਾ ਇਲਾਜ ਰਾਜਪੁਰਾ ਵਿਖੇ ਜਾਰੀ ਹੈ ਜਦਕਿ 52 ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

Share:

Punjab News: ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ 13 ਫਰਵਰੀ ਨੂੰ ਦਿੱਲੀ ਚੱਲੋ ਮਾਰਚ ਸ਼ੁਰੂ ਕੀਤਾ ਗਿਆ ਸੀ। ਹਰਿਆਣਾ ਪੁਲਿਸ ਨੇ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ 'ਤੇ ਬੈਰੀਕੇਡ ਲਗਾ ਕੇ ਰੋਕਿਆ ਅਤੇ ਨਾਲ ਹੀ ਅੱਥਰੂ ਗੈਸ ਦੇ ਬੰਬ ਅਤੇ ਪੈਲੇਟ ਗੰਨ ਦੇ ਗੋਲੇ ਚਲਾ ਕੇ ਰੋਕਿਆ। ਇੱਥੇ 13 ਅਤੇ 14 ਫਰਵਰੀ ਨੂੰ ਦੋਵਾਂ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ 5 ਦਰਜਨ ਤੋਂ ਵੱਧ ਕਿਸਾਨ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਅਤੇ ਬਨੂੜ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਕੁਝ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹਨ।

13 ਅਤੇ 14 ਫਰਵਰੀ ਨੂੰ 65 ਜ਼ਖਮੀ ਹੋਏ ਦਾਖਲ

ਪਟਿਆਲਾ ਦੀ ਚੀਫ਼ ਮੈਡੀਕਲ ਅਫ਼ਸਰ ਡਾ. ਰਮਿੰਦਰ ਕੌਰ ਨੇ ਦੱਸਿਆ ਕਿ 13 ਅਤੇ 14 ਫਰਵਰੀ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਕੁੱਲ 65 ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਦੇ ਸਿਰ ਵਿੱਚ ਰਬੜ ਦੀ ਗੋਲੀ ਵੱਜੀ ਅਤੇ ਦੋ ਦੀ ਅੱਖਾਂ ਵਿੱਚ ਅੱਥਰੂ ਗੈਸ ਦੀ ਗੋਲੀ ਲੱਗਣ ਕਾਰਨ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀਆਂ ਵਿੱਚੋਂ ਇੱਕ ਦੀ ਉਂਗਲ ਉੱਤੇ ਅੱਥਰੂ ਗੈਸ ਦਾ ਬੰਬ ਲੱਗਾ ਅਤੇ ਉਸ ਨੂੰ ਪਲਾਸਟਿਕ ਸਰਜਰੀ ਦੀ ਲੋੜ ਸੀ। ਚਾਰਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। 8 ਜ਼ਖਮੀਆਂ ਦਾ ਇਲਾਜ ਰਾਜਪੁਰਾ ਵਿਖੇ ਜਾਰੀ ਹੈ ਜਦਕਿ 52 ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਜ਼ਖਮੀ ਕਿਸਾਨਾਂ ਦੇ ਇਲਾਜ ਲਈ ਸਰਗਰਮ ਪੰਜਾਬ ਸਰਕਾਰ

ਪੰਜਾਬ ਦੀ 'ਆਪ' ਸਰਕਾਰ ਜ਼ਖਮੀ ਕਿਸਾਨਾਂ ਦੇ ਇਲਾਜ ਲਈ ਸਰਗਰਮ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਅਤੇ ਹਰਿਆਣਾ ਸਰਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਡਿਊਟੀ ਲਗਾ ਦਿੱਤੀ ਹੈ ਕਿ ਉਹ ਹਸਪਤਾਲ ਪਹੁੰਚ ਕੇ ਜ਼ਖ਼ਮੀ ਕਿਸਾਨਾਂ ਦਾ ਹਾਲ-ਚਾਲ ਪੁੱਛਣ| ਜੋੜੇਮਾਜਰਾ ਨੇ ਬੁੱਧਵਾਰ ਨੂੰ ਰਾਜਪੁਰਾ ਹਸਪਤਾਲ ਪਹੁੰਚ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਜੋੜਾਮਾਜਰਾ ਨੇ ਕਿਹਾ ਕਿ ਕਿਸਾਨਾਂ 'ਤੇ ਅੱਥਰੂ ਗੈਸ ਅਤੇ ਪੈਲੇਟ ਗੰਨ ਦੀ ਵਰਤੋਂ ਕਰਨਾ ਗਲਤ ਹੈ। ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਹਸਪਤਾਲ ਪਹੁੰਚੇ।

ਇਹ ਵੀ ਪੜ੍ਹੋ