Farmer Protest: ਕਿਸਾਨ ਦਿੱਲੀ ਕੂਚ ਤੇ ਅੱਜ ਲੈਣਗੇ ਫੈਸਲਾ, ਜਥੇਬੰਦੀਆਂ ਕਰਨਗੇ ਸ਼ੰਭੂ ਬਾਰਡਰ 'ਤੇ ਮੀਟਿੰਗ

ਦਿੱਲੀ ਮਾਰਚ ਮੁਲਤਵੀ ਕਰਨ ਤੋਂ ਬਾਅਦ ਹਰਿਆਣਾ ਵਿੱਚ ਸੜਕਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਦਿੱਲੀ ਪੁਲਿਸ ਨੇ ਹਰਿਆਣਾ ਨਾਲ ਲੱਗਦੇ ਸਿੰਘੂ ਅਤੇ ਟਿੱਕਰੀ ਬਾਰਡਰ ਨੂੰ ਅਸਥਾਈ ਤੌਰ 'ਤੇ ਖੋਲ੍ਹਿਆ। ਜਿਸ ਤੋਂ ਬਾਅਦ ਇੱਥੇ ਟਰੈਫਿਕ ਜਾਮ ਦੇਖਣ ਨੂੰ ਮਿਲਿਆ।

Share:

Farmer Protest: ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਕਿਸਾਨ ਅਜੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਡੱਟੇ ਹੋਏ ਹਨ। ਇੱਥੇ ਦੱਸਣਯੋਗ ਹੈ ਕਿ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਚੱਲੋ ਮਾਰਚ 29 ਫਰਵਰੀ ਤੱਕ ਟਾਲ ਦਿੱਤਾ ਗਿਆ ਸੀ।  ਅੱਜ ਕਿਸਾਨ 29 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਲੈਣਗੇ। ਇਸ ਦੇ ਲਈ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੰਭੂ ਬਾਰਡਰ 'ਤੇ ਹੋਵੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਕਿਸਾਨ ਆਗੂਆਂ ਨੇ ਆਪੋ-ਆਪਣੇ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਹੁਣ ਉਹ ਸਾਂਝੀ ਮੀਟਿੰਗ ਕਰਨਗੇ।

ਅੰਬਾਲਾ ਵਿੱਚ ਇੰਟਰਨੈੱਟ ਬੰਦ

ਇਸ ਦੇ ਨਾਲ ਹੀ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਅੰਬਾਲਾ ਵਿੱਚ ਇੰਟਰਨੈੱਟ ਬੰਦ ਕਰਨ ਦਾ ਐਲਾਨ ਕੀਤਾ ਹੈ। ਅੰਦੋਲਨ ਦੀ ਅਗਵਾਈ ਕਰ ਰਹੇ ਸਰਵਣ ਪੰਧੇਰ ਅਤੇ ਜਗਜੀਤ ਡੱਲੇਵਾਲ ਨੇ ਕਿਹਾ ਹੈ ਕਿ ਦੋਵਾਂ ਫੋਰਮਾ ਦੀ ਸਾਂਝੀ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕਰਨ ਵਾਲੀਆਂ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। 29 ਫਰਵਰੀ ਨੂੰ ਵਿਸਥਾਰਤ ਰਣਨੀਤੀ ਬਣਾ ਕੇ ਅਗਲੇਰੀ ਘੋਸ਼ਣਾ ਕੀਤੀ ਜਾਵੇਗੀ।

ਹਾਈ ਕੋਰਟ ਨੇ ਮੰਗੀ ਅੰਦੋਲਨ ਦੌਰਾਨ ਜ਼ਖਮੀ ਹੋਏ ਕਿਸਾਨ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ

ਖਨੌਰੀ ਬਾਰਡਰ 'ਤੇ ਜ਼ਖਮੀ ਹੋਏ ਕਿਸਾਨ ਪ੍ਰਿਤਪਾਲ ਸਿੰਘ ਸਬੰਧੀ ਹਾਈਕੋਰਟ 'ਚ ਸੋਮਵਾਰ ਨੂੰ ਸੁਣਵਾਈ ਹੋਈ। ਹਾਈਕੋਰਟ ਵਿੱਚ ਹਰਿਆਣਾ ਪੁਲਿਸ ਨੇ ਪ੍ਰਿਤਪਾਲ ਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਹ ਕਿਸਾਨ-ਪੁਲਿਸ ਝੜਪ ਦੌਰਾਨ ਹਰਿਆਣਾ ਸਰਹੱਦ 'ਤੇ ਡਿੱਗਿਆ ਸੀ। ਉਸ ਨੂੰ ਇਲਾਜ ਲਈ ਰੋਹਤਕ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ। ਅੱਜ (28 ਫਰਵਰੀ) ਹਾਈ ਕੋਰਟ ਨੇ ਰੋਹਤਕ ਪੀਜੀਆਈ ਤੋਂ ਪ੍ਰਿਤਪਾਲ ਦੀ ਮੈਡੀਕਲ ਰਿਪੋਰਟ ਮੰਗੀ ਹੈ।

ਇਹ ਵੀ ਪੜ੍ਹੋ