Faridkot Encounter : 9 ਸਾਲ ਪੁਰਾਣੇ ਮਾਮਲੇ 'ਚ 4 ਪੁਲਿਸ ਮੁਲਾਜ਼ਮਾਂ ਤੇ 2 ਸ਼ਰਾਬ ਠੇਕੇਦਾਰਾਂ ਨੂੰ ਸੰਮਨ ਜਾਰੀ

ਇਸ ਮਾਮਲੇ ਦੀ ਸ਼ਿਕਾਇਤ ਤੋਂ ਬਾਅਦ 2021 ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਘਟਨਾ ਦੀ ਜਾਂਚ ਕੀਤੀ ਸੀ ਅਤੇ ਸਿੱਟਾ ਕੱਢਿਆ ਸੀ ਕਿ ਅਜਮੇਰ ਸਿੰਘ ਨੂੰ ਪੁਲਿਸ ਨੇ ਸਵੈ-ਰੱਖਿਆ ਵਿੱਚ ਗੋਲੀ ਮਾਰੀ ਸੀ। ਹਾਲਾਂਕਿ, ਅਦਾਲਤ ਨੂੰ ਪੁਲਿਸ ਦੇ ਬਿਆਨ ਵਿੱਚ ਕਈ ਕਮੀਆਂ ਮਿਲੀਆਂ, ਜੋ ਸਵੈ-ਰੱਖਿਆ ਦੇ ਦਾਅਵੇ 'ਤੇ ਸ਼ੱਕ ਪੈਦਾ ਕਰਦੀਆਂ ਹਨ।

Courtesy: file photo

Share:

 

ਪੰਜਾਬ ਦੇ ਫਰੀਦਕੋਟ 'ਚ ਲਗਭਗ 9 ਸਾਲ ਪੁਰਾਣੇ ਕਥਿਤ ਕਤਲ ਕੇਸ ਵਿੱਚ ਜੈਤੋ ਦੀ ਇੱਕ ਅਦਾਲਤ ਨੇ  ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਹੇਠ ਚਾਰ ਪੁਲਿਸ ਕਰਮਚਾਰੀਆਂ ਸਮੇਤ ਛੇ ਵਿਅਕਤੀਆਂ ਨੂੰ ਸੰਮਨ ਜਾਰੀ ਕੀਤਾ ਹੈ। ਇਹਨਾਂ ਨੂੰ 6 ਮਾਰਚ 2025 ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਦੱਸ ਦਈਏ ਕਿ ਮਈ 2016 ਦੇ ਇਸ ਮਾਮਲੇ ਵਿੱਚ ਫਰੀਦਕੋਟ ਪੁਲਿਸ ਵਿਵਾਦਾਂ ਵਿੱਚ ਘਿਰ ਗਈ ਹੈ।

ਕਬੱਡੀ ਖਿਡਾਰੀ ਦਾ ਕੀਤਾ ਸੀ ਮੁਕਾਬਲਾ 

ਫਰੀਦਕੋਟ ਦੀ ਜੈਤੋ ਸਬ-ਡਵੀਜ਼ਨ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਮੁਕਤਸਰ ਵਾਸੀ ਮਨਜੀਤ ਕੌਰ ਨੇ ਦੋਸ਼ ਲਗਾਇਆ ਸੀ ਕਿ ਉਸਦੇ ਪੁੱਤਰ ਅਜਮੇਰ ਸਿੰਘ, ਜੋ ਕਿ ਇੱਕ ਕਬੱਡੀ ਖਿਡਾਰੀ ਸੀ ਅਤੇ ਸ਼ਰਾਬ ਵੇਚਦਾ ਸੀ, ਨੂੰ ਗਲਤ ਤਰੀਕੇ ਨਾਲ ਗੈਂਗਸਟਰ ਵਜੋਂ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਚ ਇੱਕ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਬਠਿੰਡਾ ਦੇ ਦੋ ਸ਼ਰਾਬ ਠੇਕੇਦਾਰਾਂ ਸਮੇਤ ਰਸੂਖ ਵਾਲੇ ਵਿਅਕਤੀਆਂ ਨੇ ਪੁਲਿਸ ਨਾਲ ਮਿਲ ਕੇ ਕਾਰੋਬਾਰੀ ਝਗੜਿਆਂ ਕਾਰਨ ਉਸਦੇ ਪੁੱਤ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ।

ਐਸਆਈਟੀ ਨੇ 2021 ਵਿੱਚ ਕੀਤੀ ਸੀ ਜਾਂਚ 

ਇਸ ਮਾਮਲੇ ਦੀ ਸ਼ਿਕਾਇਤ ਤੋਂ ਬਾਅਦ 2021 ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਘਟਨਾ ਦੀ ਜਾਂਚ ਕੀਤੀ ਸੀ ਅਤੇ ਸਿੱਟਾ ਕੱਢਿਆ ਸੀ ਕਿ ਅਜਮੇਰ ਸਿੰਘ ਨੂੰ ਪੁਲਿਸ ਨੇ ਸਵੈ-ਰੱਖਿਆ ਵਿੱਚ ਗੋਲੀ ਮਾਰੀ ਸੀ। ਹਾਲਾਂਕਿ, ਅਦਾਲਤ ਨੂੰ ਪੁਲਿਸ ਦੇ ਬਿਆਨ ਵਿੱਚ ਕਈ ਕਮੀਆਂ ਮਿਲੀਆਂ, ਜੋ ਸਵੈ-ਰੱਖਿਆ ਦੇ ਦਾਅਵੇ 'ਤੇ ਸ਼ੱਕ ਪੈਦਾ ਕਰਦੀਆਂ ਹਨ। ਮੁੱਢਲੀ ਸੁਣਵਾਈ ਦੌਰਾਨ ਮੁੱਖ ਗਵਾਹਾਂ, ਜਿਨ੍ਹਾਂ ਵਿੱਚ ਮ੍ਰਿਤਕ ਦੇ ਭੈਣ-ਭਰਾ ਸੁਖਵਿੰਦਰ ਕੌਰ ਅਤੇ ਰਣਜੀਤ ਸਿੰਘ ਸ਼ਾਮਲ ਸਨ, ਨੇ ਗਵਾਹੀ ਦਿੱਤੀ ਕਿ ਅਜਮੇਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਝੂਠਾ ਫਸਾਇਆ ਗਿਆ ਸੀ। ਅਦਾਲਤ ਨੇ ਭਾਰਤੀ ਦੰਡਾਵਲੀ ਸੰਹਿਤਾ ਦੀਆਂ ਧਾਰਾਵਾਂ 302 (ਕਤਲ), 201 (ਸਬੂਤ ਗਾਇਬ ਕਰਨਾ), 120-ਬੀ (ਅਪਰਾਧਿਕ ਸਾਜ਼ਿਸ਼), 506 (ਅਪਰਾਧਿਕ ਧਮਕੀ), 148 ਅਤੇ 149 ਦੇ ਨਾਲ-ਨਾਲ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਅੱਗੇ ਵਧਾਈ ਹੈ। 
 

ਇਹ ਵੀ ਪੜ੍ਹੋ