Punjab Police ਦੀ ਸਾਬਕਾ ਮਹਿਲਾ ਡੀਐਸਪੀ ਰਾਕਾ ਗੇਰਾ ਰਿਸ਼ਵਤ ਲੈਣ ਦੇ 13 ਸਾਲ ਪੁਰਾਣੇ ਮਾਮਲੇ ਵਿੱਚ ਦੋਸ਼ੀ ਕਰਾਰ

Punjab Police: ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਰਾਕਾ ਗੇਰਾ ਅਜੇ ਜ਼ਮਾਨਤ 'ਤੇ ਸੀ। ਦਸ ਦੇਈਏ ਕਿ ਬਿਲਡਰ ਕੇਕੇ ਮਲਹੋਤਰਾ ਵਾਸੀ ਮੁੱਲਾਂਪੁਰ (ਮੁਹਾਲੀ) ਦੀ ਸ਼ਿਕਾਇਤ ’ਤੇ 25 ਜੁਲਾਈ 2011 ਨੂੰ ਸੀਬੀਆਈ ਨੇ ਰਾਕਾ ਗੇਰਾ ਨੂੰ ਸੈਕਟਰ-15 ਚੰਡੀਗੜ੍ਹ ਦੀ ਕੋਠੀ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ।

Share:

Punjab Police: ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ 13 ਸਾਲ ਪੁਰਾਣੇ ਮਾਮਲੇ ਵਿੱਚ ਸੀਬੀਆਈ (CBI) ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ (Punjab Police) ਦੀ ਸਾਬਕਾ ਮਹਿਲਾ ਡੀਐਸਪੀ ਰਾਕਾ ਗੇਰਾ (DSP Raka Gera) ਨੂੰ ਦੋਸ਼ੀ ਕਰਾਰ ਦਿੱਤਾ ਹੈ। ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਕੱਲ ਦੋਸ਼ੀ ਦੀ ਸਜ਼ਾ ਬਾਰੇ ਆਪਣਾ ਫੈਸਲਾ ਸੁਣਾਏਗੀ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਰਾਕਾ ਗੇਰਾ ਅਜੇ ਜ਼ਮਾਨਤ 'ਤੇ ਸੀ। ਦਸ ਦੇਈਏ ਕਿ ਬਿਲਡਰ ਕੇਕੇ ਮਲਹੋਤਰਾ ਵਾਸੀ ਮੁੱਲਾਂਪੁਰ (ਮੁਹਾਲੀ) ਦੀ ਸ਼ਿਕਾਇਤ ’ਤੇ 25 ਜੁਲਾਈ 2011 ਨੂੰ ਸੀਬੀਆਈ ਨੇ ਰਾਕਾ ਗੇਰਾ ਨੂੰ ਸੈਕਟਰ-15 ਚੰਡੀਗੜ੍ਹ ਦੀ ਕੋਠੀ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸੀਬੀਆਈ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਛਾਪਾ ਮਾਰਿਆ ਤਾਂ ਨਾਜਾਇਜ਼ ਹਥਿਆਰ ਵੀ ਮਿਲੇ। ਛਾਪੇਮਾਰੀ ਵਿੱਚ AK-47 ਦੇ 67 ਕਾਰਤੂਸ, .32 ਬੋਰ ਦੀ ਜਰਮਨ ਬਣੀ ਰਿਵਾਲਵਰ ਅਤੇ ਡਬਲ ਬੈਰਲ ਬੰਦੂਕ ਬਰਾਮਦ ਹੋਈ।

ਹਥਿਆਰ ਬਰਾਮਦਗੀ ਮਾਮਲੇ ਵਿੱਚ ਰਾਕਾ ਗੇਰਾ ਨੂੰ ਕਰ ਦਿੱਤਾ ਸੀ ਬਰੀ

ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵੱਲੋਂ ਰਾਕਾ ਗੇਰਾ ਨੂੰ ਘਰੋਂ ਹਥਿਆਰਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਪਹਿਲਾਂ ਹੀ ਬਰੀ ਕਰ ਦਿੱਤਾ ਗਿਆ ਹੈ। ਰਾਕਾ ਨੇ ਸਾਲ 2011 ਵਿੱਚ ਮੁੱਲਾਂਪੁਰ ਦੇ ਬਿਲਡਰ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਗ੍ਰਿਫ਼ਤਾਰੀ ਸਮੇਂ ਉਹ ਮੁਹਾਲੀ ਵਿੱਚ ਡੀਐਸਪੀ ਵਜੋਂ ਤਾਇਨਾਤ ਸੀ। ਸੀਬੀਆਈ ਕੋਲ ਰਾਕਾ ਖ਼ਿਲਾਫ਼ ਸਬੂਤ ਵਜੋਂ ਵੀਡੀਓ ਫੁਟੇਜ ਸੀ। ਹਾਲਾਂਕਿ ਰਾਕਾ ਗੇਰਾ 'ਤੇ ਰਿਸ਼ਵਤ ਲੈਣ ਦਾ ਦੋਸ਼ ਲਗਾਉਣ ਵਾਲੇ ਬਿਲਡਰ ਨੇ ਬਾਅਦ ਵਿਚ ਅਦਾਲਤ ਵਿਚ ਆਪਣੀ ਗਵਾਹੀ ਦੌਰਾਨ ਆਪਣੇ ਬਿਆਨਾਂ ਤੋਂ ਮੁਕਰ ਲਿਆ ਸੀ, ਪਰ ਸੀਬੀਆਈ ਨੇ ਰਾਕਾ ਦੇ ਖਿਲਾਫ ਕੁੱਲ 49 ਗਵਾਹ ਪੇਸ਼ ਕੀਤੇ ਸਨ। ਕੇਸ ਦੀ ਸੁਣਵਾਈ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤਕਰੀਬਨ ਪੰਜ ਸਾਲ ਰੋਕ ਲਗਾ ਦਿੱਤੀ ਸੀ। ਅਗਸਤ 2023 ਵਿੱਚ ਪਾਬੰਦੀ ਹਟਾਏ ਜਾਣ ਤੋਂ ਬਾਅਦ ਮੁਕੱਦਮਾ ਦੁਬਾਰਾ ਸ਼ੁਰੂ ਹੋਇਆ।

ਇਹ ਵੀ ਪੜ੍ਹੋ