ਬਿਜਲੀ ਮਹਿਕਮੇ ਦਾ ਜੇਈ 5000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ

ਜੇ.ਈ. ਨੇ 15,000 ਰੁਪਏ ਰਿਸ਼ਵਤ ਦੀ ਮੰਗ ਕਰਦਿਆਂ ਕਿਹਾ ਕਿ ਮੀਟਰ ਸਿਰਫ਼ ਰਿਸ਼ਵਤ ਦੇਣ ਤੋਂ ਬਾਅਦ ਹੀ ਲਗਾਇਆ ਜਾਵੇਗਾ।

Courtesy: ਵਿਜੀਲੈਂਸ ਨੇ ਜੇਈ ਨੂੰ ਗ੍ਰਿਫਤਾਰ ਕੀਤਾ

Share:

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਜੂਨੀਅਰ ਇੰਜੀਨੀਅਰ (ਜੇ.ਈ.) ਮਨੋਜ ਕੁਮਾਰ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਸ਼ਿਕਾਇਤਕਰਤਾ ਨਿਊ ਅਮਰ ਨਗਰ, ਡਾਬਾ, ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।

ਮੀਟਰ ਲਾਉਣ ਬਦਲੇ ਮੰਗੀ ਸੀ ਰਿਸ਼ਵਤ

ਸ਼ਿਕਾਇਤਕਰਤਾ, ਜੋ ਕਿ ਇੱਕ ਵੈਲਡਿੰਗ ਦੀ ਦੁਕਾਨ ਚਲਾਉਂਦਾ ਹੈ, ਨੇ ਦੱਸਿਆ ਕਿ ਉਸਦੀ ਪਤਨੀ ਨੇ ਨਿਊ ਅਮਰ ਨਗਰ ਵਿਖੇ ਇੱਕ ਦੋ ਮੰਜ਼ਿਲਾ ਘਰ ਖਰੀਦਿਆ ਸੀ ਅਤੇ ਉਹ ਇਸ ਘਰ ਦੀ ਪਹਿਲੀ ਮੰਜ਼ਿਲ 'ਤੇ ਇੱਕ ਛੋਟੀ ਫੈਕਟਰੀ ਲਗਾਉਣਾ ਚਾਹੁੰਦਾ ਸੀ, ਜਿਸ ਲਈ 10 ਕਿਲੋਵਾਟ ਦੇ ਵਪਾਰਕ ਬਿਜਲੀ ਮੀਟਰ ਦੀ ਜ਼ਰੂਰਤ ਸੀ। ਸ਼ਿਕਾਇਤ ਮੁਤਾਬਕ, ਉਸਨੇ ਲੁਧਿਆਣਾ ਦੇ ਜਨਤਾ ਨਗਰ ਸਥਿਤ ਪੀ.ਐਸ.ਪੀ.ਸੀ.ਐਲ. ਦਫ਼ਤਰ ਵਿਖੇ ਨਵੇਂ ਮੀਟਰ ਲਈ ਅਰਜ਼ੀ ਦਿੱਤੀ ਅਤੇ ਲੋੜੀਂਦੀ ਫੀਸ ਜਮ੍ਹਾ ਕਰਵਾਈ। ਪੰਦਰਾਂ ਦਿਨਾਂ ਉਪਰੰਤ, ਉਕਤ ਜੇ.ਈ. ਮਨੋਜ ਕੁਮਾਰ ਨੇ ਜਗ੍ਹਾ ਦਾ ਦੌਰਾ ਕੀਤਾ ਅਤੇ "ਫੁੱਟਕਲ ਖਰਚਿਆਂ" ਲਈ ਉਸ ਤੋਂ 3,000 ਰੁਪਏ ਲਏ। ਇਸ ਤੋਂ ਬਾਅਦ ਜੇ.ਈ. ਨੇ 15,000 ਰੁਪਏ ਰਿਸ਼ਵਤ ਦੀ ਮੰਗ ਕਰਦਿਆਂ ਕਿਹਾ ਕਿ ਮੀਟਰ ਸਿਰਫ਼ ਰਿਸ਼ਵਤ ਦੇਣ ਤੋਂ ਬਾਅਦ ਹੀ ਲਗਾਇਆ ਜਾਵੇਗਾ।

ਵਿਜੀਲੈਂਸ ਨੇ ਜਾਲ ਵਿਛਾ ਕੇ ਫੜਿਆ

ਬੁਲਾਰੇ ਨੇ ਦੱਸਿਆ ਕਿ ਜਦੋਂ ਸ਼ਿਕਾਇਤਕਰਤਾ 19 ਫਰਵਰੀ, 2025 ਨੂੰ ਮੀਟਰ ਲਗਾਉਣ ਦੇ ਸਬੰਧ ਵਿੱਚ ਦੁਬਾਰਾ ਪੀ.ਐਸ.ਪੀ.ਸੀ.ਐਲ. ਦਫ਼ਤਰ ਗਿਆ ਤਾਂ ਜੇ.ਈ. ਨੇ ਫਿਰ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦੀ ਬੇਨਤੀ 'ਤੇ, ਉਕਤ ਜੇ.ਈ. 5,000 ਰੁਪਏ ਦੀ ਪੇਸ਼ਗੀ ਲੈਣ ਅਤੇ ਬਾਕੀ ਰਕਮ ਦੀ ਅਦਾਇਗੀ ਮੀਟਰ ਲਗਾਉਣ ਤੋਂ ਬਾਅਦ ਕਰਨ ਲਈ ਸਹਿਮਤ ਹੋ ਗਿਆ। ਫਿਰ ਜੇ.ਈ. ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੇ ਭੁਗਤਾਨ ਲਈ ਦਫ਼ਤਰ ਬੁਲਾਇਆ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਨੂੰ ਪੀ.ਐਸ.ਪੀ.ਸੀ.ਐਲ. ਦਫ਼ਤਰ, ਜਨਤਾ ਨਗਰ, ਲੁਧਿਆਣਾ ਵਿਖੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਸਬੰਧੀ ਜੇ.ਈ. ਮਨੋਜ ਕੁਮਾਰ ਵਿਰੁੱਧ ਵਿਜੀਲੈਂਸ ਬਿਊਰੋ ਦੇ ਪੁਲਿਸ ਸਟੇਸ਼ਨ, ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ