ED in Action - ਧਰਮਸੋਤ ਦੀ ਗ੍ਰਿਫ਼ਤਾਰੀ, ਹੁਣ ਆਵੇਗੀ ਕਿਸਦੀ ਵਾਰੀ ? 3 ਦਿਨਾਂ ਦਾ ਰਿਮਾਂਡ ਮਿਲਿਆ

ਈਡੀ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਇਦਾਦ ਦਾ ਵੇਰਵਾ ਮੰਗਿਆ ਜਾ ਰਿਹਾ ਹੈ। ਈਡੀ ਦੇ ਸਵਾਲਾਂ ਦੇ ਜਵਾਬ ਧਰਮਸੋਤ ਨਹੀਂ ਦੇ ਪਾ ਰਹੇ ਹਨ। ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 

Share:

ਹਾਈਲਾਈਟਸ

  • ਖਰਚਾ ਆਮਦਨ ਨਾਲੋਂ 6.39 ਕਰੋੜ ਰੁਪਏ ਵੱਧ ਸੀ।
  • ਹਾਈ ਕੋਰਟ ਨੇ ਉਨ੍ਹਾਂ ਨੂੰ 6 ਸਤੰਬਰ 2022 ਨੂੰ ਜ਼ਮਾਨਤ ਦਿਤੀ ਸੀ।

ਪੰਜਾਬ ਨਿਊਜ਼। ਪੰਜਾਬ ਅੰਦਰ ਈਡੀ ਦੀ ਕਾਰਵਾਈ ਦਿਨੋਂਦਿਨ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਅਧੀਨ ਸੋਮਵਾਰ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਉਪਰੰਤ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਰਡਾਰ 'ਤੇ ਜੰਗਲਾਤ ਮਹਿਕਮੇ ਦੇ ਇੱਕ ਦਰਜਨ ਤੋਂ ਜ਼ਿਆਦਾ ਅਧਿਕਾਰੀ ਹਨ। ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਮਹਿਕਮੇ ਅੰਦਰ ਬਦਲੀਆਂ ਦੇ ਨਾਂਅ 'ਤੇ ਪੈਸੇ ਲੈਣ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਡੀਐੱਫਓ ਦੀ ਬਦਲੀ ਲਈ 10 ਲੱਖ ਰੁਪਏ ਤੋਂ 20 ਲੱਖ ਰੁਪਏ, ਵਨ ਰੇਂਜਰ ਲਈ 5 ਲੱਖ ਰੁਪਏ ਤੋਂ 8 ਲੱਖ ਰੁਪਏ, ਇਕ ਬਲਾਕ ਲਈ 5 ਲੱਖ ਰੁਪਏ, ਅਧਿਕਾਰੀ ਤੇ ਜੰਗਲਾਤ ਗਾਰਡ ਲਈ 2 ਲੱਖ ਤੋਂ 3 ਲੱਖ ਰੁਪਏ ਰਿਸ਼ਵਤ ਲਈ ਜਾਂਦੀ ਸੀ। 

ਈਡੀ ਨੇ ਹਾਸਿਲ ਕੀਤਾ ਰਿਮਾਂਡ

ਈਡੀ ਵੱਲੋਂ ਸਾਬਕਾ ਮੰਤਰੀ ਧਰਮਸੋਤ ਨੂੰ ਮੁਹਾਲੀ ਦੀ ਅਦਾਲਤ ਵਿਕੇ ਪੇਸ਼ ਕੀਤਾ ਗਿਆ। ਜਿੱਥੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਸਾਬਕਾ ਮੰਤਰੀ ਨੂੰ ਤਿੰਨ ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ। ਇਸ ਰਿਮਾਂਡ ਦੌਰਾਨ ਸਾਬਕਾ ਮੰਤਰੀ ਕੋਲੋਂ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ 30 ਨਵੰਬਰ 2023 ਨੂੰ ਜਿਹੜੇ ਠਿਕਾਣਿਆਂ 'ਤੇ ਰੇਡ ਕੀਤੀ ਗਈ ਸੀ, ਉਹਨਾਂ ਖਿਲਾਫ ਵੀ ਸਖਤ ਕਾਰਵਾਈ ਹੋ ਸਕਦੀ ਹੈ। 

ਬਦਲੀਆਂ ਦੇ ਨਾਂਅ ਉਪਰ ਮੋਟੀ ਰਿਸ਼ਵਤ
 
ਵਿਜੀਲੈਂਸ ਦੌਰਾਨ ਇਹ ਗੱਲ ਵੀ ਸਾਮਣੇ ਆਈ ਸੀ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਆਪਣੇ ਕਰੀਬੀ ਸਹਿਯੋਗੀਆਂ ਤੇ ਅਧਿਕਾਰੀਆਂ ਜ਼ਰੀਏ ਰਿਸ਼ਵਤ ਲੈਂਦਾ ਸੀ। ਇਸ ਮਾਮਲੇ 'ਚ ਈਡੀ ਸੱਤ ਤੋਂ ਜ਼ਿਆਦਾ ਅਧਿਕਾਰੀਆਂ ਦੇ ਬਿਆਨ ਦਰਜ ਕਰ ਚੁੱਕੀ ਹੈ। ਦੱਸ ਦਈਏ ਕਿ ਈਡੀ ਨੇ ਅਦਾਲਤ ਜ਼ਰੀਏ ਵਿਜੀਲੈਂਸ ਬਿਊਰੋ ਦੀ ਜਾਂਚ ਦਾ ਰਿਕਾਰਡ ਮੰਗਿਆ ਸੀ। ਘੱਟੋ-ਘੱਟ ਦੋ ਆਈਐੱਫਐੱਸ ਅਧਿਕਾਰੀਆਂ ਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਡਾਇਰੈਕਟੋਰੇਟ ਨੇ ਪਹਿਲਾਂ ਹੀ ਤਲਬ ਕੀਤਾ ਸੀ। ਇਹ ਵੀ ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਵਿਭਾਗ ਦੇ ਦੋ ਅਧਿਕਾਰੀਆਂ ਦੀ ਮੁੜ ਬਹਾਲੀ ਕੀਤੀ ਗਈ ਸੀ। ਹਾਲਾਂਕਿ ਬਹਾਲੀ ਦੌਰਾਨ ਕਿਹਾ ਗਿਆ ਸੀ ਕਿ ਉਕਤ ਅਧਿਕਾਰੀਆਂ ਖਿਲਾਫ਼ ਜੋ ਵਿਜੀਲੈਂਸ ਜਾਂਚ ਚੱਲ ਰਹੀ ਹੈ ਉਸ 'ਤੇ ਕੋਈ ਅਸਰ ਨਹੀਂ ਪਵੇਗਾ।
 
ਆਮਦਨ ਨਾਲੋਂ ਕਿਤੇ ਵੱਧ ਖ਼ਰਚਾ
 
ਦੱਸ ਦਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਵਿੱਚ ਫਰਵਰੀ ਵਿੱਚ ਦੂਜੀ ਵਾਰ ਮੁੜ ਗ੍ਰਿਫਤਾਰ ਕੀਤਾ ਸੀ। ਸਾਲ 2022 ‘ਚ ਵੀ ਧਰਮਸੋਤ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ ਅਤੇ 89 ਦਿਨ ਜੇਲ ‘ਚ ਬਿਤਾਉਣ ਤੋਂ ਬਾਅਦ ਸਤੰਬਰ 2022 ‘ਚ ਜ਼ਮਾਨਤ ‘ਤੇ ਬਾਹਰ ਆ ਗਏ ਸਨ। ਵਿਜੀਲੈਂਸ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੇ ਜਾਂਚ ਸਮੇਂ ਦੌਰਾਨ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2.37 ਕਰੋੜ ਰੁਪਏ ਸੀ। ਜਦਕਿ ਖਰਚਾ 8.76 ਕਰੋੜ ਰੁਪਏ ਸੀ। ਇਹ ਖਰਚਾ ਆਮਦਨ ਨਾਲੋਂ 6.39 ਕਰੋੜ ਰੁਪਏ ਵੱਧ ਸੀ।
 
6 ਸਤੰਬਰ ਨੂੰ ਮਿਲੀ ਸੀ ਜ਼ਮਾਨਤ 
 

ਇਸ ਤੋਂ ਪਹਿਲਾਂ ਵੀ ਸਾਧੂ ਸਿੰਘ ਧਰਮਸੋਤ ਨੂੰ ਪਿਛਲੇ ਸਾਲ ਜੂਨ ਵਿਚ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ। ਧਰਮਸੋਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਸਮਾਜ ਭਲਾਈ ਅਤੇ ਜੰਗਲਾਤ ਮਹਿਕਮੇ ਦੇ ਮੰਤਰੀ ਰਹੇ ਸਨ। ਉਸ ਵੇਲੇ ਉਨ੍ਹਾਂ ‘ਤੇ ਰੁੱਖ ਕੱਟਣ ਦੇ ਮਾਮਲੇ ਵਿਚ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਇਲਜ਼ਾਮਾਂ ਤਹਿਤ ਹੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਹੋਈ ਸੀ। ਹਾਈ ਕੋਰਟ ਨੇ ਉਨ੍ਹਾਂ ਨੂੰ 6 ਸਤੰਬਰ 2022 ਨੂੰ ਜ਼ਮਾਨਤ ਦਿਤੀ ਸੀ।

ਇਹ ਵੀ ਪੜ੍ਹੋ