ਆਮ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿੱਚ ਜੋੜ-ਤੋੜ ਦਾ ਦੌਰ ਹੋਇਆ ਸ਼ੁਰੂ

ਪੰਜਾਬ ਕਾਂਗਰਸ ਵਿੱਚ ਪਾਰਟੀ ਨੇ ਸੂਬੇ ਦੀ ਕਮਾਨ ਅਜਿਹੇ ਸਮੇਂ ਦੇਵੇਂਦਰ ਯਾਦਵ ਨੂੰ ਸੌਂਪੀ ਹੈ, ਜਦੋਂ ਪਾਰਟੀ ਵਿਚ 2022 ਵਰਗੇ ਹਾਲਾਤ ਇਕ ਵਾਰ ਫਿਰ ਤੋਂ ਬਣ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਕਾਂਗਰਸ ‘ਆਪ’ ਨਾਲ ਸੰਭਾਵਿਤ ਗਠਜੋੜ ਦਾ ਵਿਰੋਧ ਕਰਨ ਵਿਚ ਇਕਜੁੱਟ ਹੈ। 

Share:

2024 ਵਿੱਚ ਹੋਣ ਜਾ ਰਹੀਆਂ ਆਮ ਚੋਣਾਂ ਨੂੰ ਲੈ ਕੇ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਪੰਜਾਬ ਕਾਂਗਰਸ ਵਿੱਚ ਪਾਰਟੀ ਨੇ ਸੂਬੇ ਦੀ ਕਮਾਨ ਅਜਿਹੇ ਸਮੇਂ ਦੇਵੇਂਦਰ ਯਾਦਵ ਨੂੰ ਸੌਂਪੀ ਹੈ, ਜਦੋਂ ਪਾਰਟੀ ਵਿਚ 2022 ਵਰਗੇ ਹਾਲਾਤ ਇਕ ਵਾਰ ਫਿਰ ਤੋਂ ਬਣ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਕਾਂਗਰਸ ‘ਆਪ’ ਨਾਲ ਸੰਭਾਵਿਤ ਗਠਜੋੜ ਦਾ ਵਿਰੋਧ ਕਰਨ ਵਿਚ ਇਕਜੁੱਟ ਹੈ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਸੂਬਾ ਇੰਚਾਰਜ ਬਦਲਣ ਦੇ ਕੀ ਫਾਇਦੇ ਅਤੇ ਨੁਕਸਾਨ ਹੋਣਗੇ, ਇਹ ਤਾਂ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਨਵੇਂ ਇੰਚਾਰਜ ਦੇਵੇਂਦਰ ਯਾਦਵ ਲਈ ਸੰਤੁਲਨ ਬਣਾਉਣਾ ਆਸਾਨ ਨਹੀਂ ਹੋਵੇਗਾ। ਅਜਿਹੇ 'ਚ ਨਵੇਂ ਇੰਚਾਰਜ ਲਈ ਚੁਣੌਤੀਆਂ ਵਧ ਸਕਦੀਆਂ ਹਨ। ਨਵਜੋਤ ਸਿੰਘ ਸਿੱਧੂ ਨੇ ਨਵੇਂ ਇੰਚਾਰਜ ਦੀ ਆਮਦ ਦੀ ਤੁਲਨਾ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਨਾਲ ਕੀਤੀ ਹੈ, ਕਿਉਂਕਿ ਸਾਬਕਾ ਇੰਚਾਰਜ ਹਰੀਸ਼ ਚੌਧਰੀ ਨਾਲ ਸਿੱਧੂ ਦੇ ਸਬੰਧ ਸੁਖਾਵੇਂ ਨਹੀਂ ਸਨ। ਚੌਧਰੀ ਨੇ ਸਿੱਧੂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਵੱਡਾ ਕਾਰਨ ਮੰਨਿਆ। ਹਰੀਸ਼ ਚੌਧਰੀ ਨੇ ਪਾਰਟੀ ਹਾਈਕਮਾਂਡ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਸੀ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਸਿੱਧੂ ਮੁੜ ਸਿਆਸੀ ਪਿਚ 'ਤੇ ਸਰਗਰਮ ਨਜ਼ਰ ਆ ਰਹੇ ਹਨ।

ਸਿੱਧੂ ਦਾ ਵਿਰੋਧ ਤੇ ਆਪ ਨਾਲ ਗਠਜੋੜ ਨਵੇਂ ਕਾਂਗਰਸ ਇੰਚਾਰਜ ਲਈ ਵੱਡੇ ਚੈਲੇਂਜ਼

ਜਾਣਕਾਰੀ ਦੇ ਮੁਤਾਬਿਕ ਪੰਜਾਬ ਕਾਂਗਰਸ ਦੇ ਆਗੂ ਸਿੱਧੂ ਦੀ ਸਰਗਰਮੀ ਨੂੰ ਪਸੰਦ ਨਹੀਂ ਕਰ ਰਹੇ। ਪੰਜਾਬ ਦੇ 12 ਤੋਂ ਵੱਧ ਸਾਬਕਾ ਵਿਧਾਇਕਾਂ ਨੇ ਬਿਆਨ ਜਾਰੀ ਕਰਕੇ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਸੀ। ਇੱਕ ਪਾਸੇ ਸਿੱਧੂ ਖ਼ਿਲਾਫ਼ ਪਾਰਟੀ ਆਗੂਆਂ ਦੀ ਲਾਮਬੰਦੀ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਕਰਨ ਲਈ ਪੰਜਾਬ ਦੇ ਆਗੂਆਂ ਦੀ ਇੱਕ ਮੰਚ ’ਤੇ ਮੌਜੂਦਗੀ ਨਵੇਂ ਇੰਚਾਰਜ ਲਈ ਚੁਣੌਤੀ ਬਣ ਸਕਦੀ ਹੈ, ਕਿਉਂਕਿ ਹੁਣ ਤੱਕ ਕਾਂਗਰਸ ਹਾਈਕਮਾਂਡ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗਠਜੋੜ ਦੇ ਹੱਕ ਵਿੱਚ ਹੋਣ ਦੇ ਸੰਕੇਤ ਦਿੱਤੇ ਹਨ। ਜਦੋਂ ਕਿ ਵੱਡੀ ਗਿਣਤੀ ਕਾਂਗਰਸੀ ਆਗੂਆਂ ਦਾ ਮਨ ਹੈ ਕਿ ਜੇਕਰ ਹਾਈਕਮਾਂਡ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਜਾਂ ਤਾਂ ਘਰ ਬੈਠਣ ਦਾ ਵਿਕਲਪ ਅਪਣਾ ਲੈਣਗੇ ਜਾਂ ਫਿਰ ਕਿਸੇ ਹੋਰ ਪਾਰਟੀ ਵੱਲ ਮੁੜਨਗੇ। ਕਾਂਗਰਸ ਦੀ ਟਿਕਟ 'ਤੇ ਰੂਪਨਗਰ ਤੋਂ ਚੋਣ ਲੜ ਰਹੇ ਯੂਥ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ ਇਸ ਗੱਲ ਦਾ ਐਲਾਨ ਕਰ ਚੁੱਕੇ ਹਨ।

ਇਹ ਵੀ ਪੜ੍ਹੋ

Tags :