ਗੁਰਦਾਸਪੁਰ 'ਚ ਪੁਰਾਣੀ ਰੰਜਿਸ਼ ਕਾਰਨ ਛੁੱਟੀ 'ਤੇ ਗਏ ਦੋ ਫੌਜੀ ਆਪਸ 'ਚ ਭਿੜੇ, ਇੱਕ ਨੇ ਚਲਾਈ ਗੋਲੀ, ਪੁਲਿਸ ਕਰ ਰਹੀ ਜਾਂਚ

ਡੀਐਸਪੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਚਾਰ ਖੋਲ ਬਰਾਮਦ ਕੀਤੇ ਗਏ ਹਨ ਅਤੇ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share:

ਗੁਰਦਾਸਪੁਰ ਦੇ ਬਟਾਲਾ ਰੋਡ 'ਤੇ ਸਥਿਤ ਇਕ ਵਰਕਸ਼ਾਪ ਦੇ ਸਾਹਮਣੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਛੁੱਟੀ 'ਤੇ ਗਏ ਫੌਜੀ ਜਵਾਨ ਲਵਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਛੁੱਟੀ 'ਤੇ ਗਏ ਇਕ ਹੋਰ ਸਿਪਾਹੀ ਹਰਦੇਵ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਪੀੜਤਾ ਵਾਲ-ਵਾਲ ਬਚ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਗੋਲੀਆਂ ਦੇ ਚਾਰ ਖੋਲ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਾਥੀਆਂ ਨਾਲ ਮਿਲ ਕੇ ਕੀਤਾ ਹਮਲਾ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਫੌਜੀ ਜਵਾਨ ਹਰਦੇਵ ਸਿੰਘ ਦੇ ਭਰਾ ਹਰਜਿੰਦਰ ਸਿੰਘ ਅਤੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਹਰਦੇਵ ਸਿੰਘ ਰੂਬਲ ਦੀ ਨੇੜਲੇ ਇਲਾਕੇ ਦੇ ਰਹਿਣ ਵਾਲੇ ਇਕ ਨੌਜਵਾਨ ਲਵਪ੍ਰੀਤ ਸਿੰਘ ਨਾਲ ਪੁਰਾਣੀ ਰੰਜਿਸ਼ ਹੈ। ਮੰਗਲਵਾਰ ਨੂੰ ਜਦੋਂ ਉਸ ਦਾ ਲੜਕਾ ਆਪਣੀ ਮਾਤਾ ਅਤੇ ਪਤਨੀ ਨਾਲ ਕਿਸੇ ਸਮਾਗਮ ਤੋਂ ਵਾਪਸ ਆਇਆ ਤਾਂ ਉਹ ਦੁਕਾਨ 'ਤੇ ਰੁਕ ਗਿਆ। ਇਸੇ ਦੌਰਾਨ ਉਕਤ ਫੌਜੀ ਆਪਣੇ ਦੋ ਦਰਜਨ ਦੇ ਕਰੀਬ ਸਾਥੀਆਂ ਸਮੇਤ ਉਥੇ ਪਹੁੰਚ ਗਿਆ। ਉਸ ਨੇ ਉਕਤ ਫੌਜੀ ਨੂੰ ਸਮਝਾਇਆ ਕਿ ਲੜਨ ਦਾ ਕੋਈ ਫਾਇਦਾ ਨਹੀਂ ਹੈ। ਜਿਸ ਕਾਰਨ ਉਹ ਪਿੱਛੇ ਹਟ ਗਿਆ ਪਰ ਜਿਵੇਂ ਹੀ ਉਹ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਉਕਤ ਫੌਜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਲੜਕੇ 'ਤੇ ਹਮਲਾ ਕਰ ਦਿੱਤਾ।

ਪਰਿਵਾਰ ਸਮੇਤ ਦੁਕਾਨ ਵਿੱਚ ਲੁਕ ਕੇ ਬਚਾਈ ਜਾਨ

.ਦੁਕਾਨਦਾਰ ਦੇ ਲੜਕੇ ਰੂਬਲ ਨੇ ਦੱਸਿਆ ਕਿ ਉਸ ਦੀ ਇਸੇ ਇਲਾਕੇ ਦੇ ਹੀ ਇਕ ਨੌਜਵਾਨ ਲਵਪ੍ਰੀਤ ਸਿੰਘ ਨਾਲ ਰੰਜਿਸ਼ ਚੱਲ ਰਹੀ ਹੈ। ਉਸ ਦੇ ਨਾਲ ਦੋ ਦਰਜਨ ਦੇ ਕਰੀਬ ਵਿਅਕਤੀ ਸਨ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਜਿਸ ਕਾਰਨ ਉਹ ਉਸ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਪਛਾਣ ਸਕਿਆ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਦੀ ਦੁਕਾਨ ਦੇ ਬਾਹਰ ਖੜ੍ਹੇ ਹੋ ਕੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਉਹ ਪਰਿਵਾਰ ਸਮੇਤ ਦੁਕਾਨ ਵਿੱਚ ਲੁਕ ਗਿਆ ਅਤੇ ਆਪਣੀ ਜਾਨ ਬਚਾਈ। ਇਸ ਦੌਰਾਨ ਇੱਕ ਗੋਲੀ ਦੁਕਾਨ ਦੇ ਬਾਹਰ ਲੱਗੇ ਦਰੱਖਤ ਵਿੱਚ ਵੀ ਜਾ ਵੱਜੀ। ਜਿਵੇਂ ਹੀ ਉਸਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਹਮਲਾਵਰ ਉਸਨੂੰ ਧਮਕੀਆਂ ਦਿੰਦੇ ਹੋਏ ਭੱਜ ਗਏ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਉਨ੍ਹਾਂ ਤੁਰੰਤ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਪਾਰਟੀ ਤੁਰੰਤ ਮੌਕੇ ’ਤੇ ਪੁੱਜੀ ਅਤੇ ਮੌਕੇ ਤੋਂ ਚਾਰ ਖੋਲ ਬਰਾਮਦ ਕੀਤੇ। ਉਸ ਨੇ ਦੱਸਿਆ ਕਿ ਪੁਲਿਸ ਦੇ ਆਉਣ ਤੋਂ ਬਾਅਦ ਵੀ ਹਮਲਾਵਰ ਲਗਾਤਾਰ ਉਸ ਨੂੰ ਫੋਨ ਕਰ ਕੇ ਧਮਕੀਆਂ ਦੇ ਰਹੇ ਸਨ। ਜਦੋਂ ਉਸ ਨੇ ਫ਼ੋਨ ਪੁਲਿਸ ਮੁਲਾਜ਼ਮਾਂ ਨੂੰ ਦਿੱਤਾ ਤਾਂ ਵੀ ਉਕਤ ਵਿਅਕਤੀਆਂ ਨੇ ਧਮਕੀਆਂ ਦੇਣੀਆਂ ਬੰਦ ਨਹੀਂ ਕੀਤੀਆਂ।


ਕੀ ਕਹਿਣਾ ਹੈ ਲਵਪ੍ਰੀਤ ਸਿੰਘ ਦੇ ਪਿਤਾ ਦਾ

ਛੁੱਟੀ 'ਤੇ ਗਏ ਉਕਤ ਸਿਪਾਹੀ ਲਵਪ੍ਰੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਗੋਲੀ ਨਹੀਂ ਚਲਾਈ ਸੀ। ਉਨ੍ਹਾਂ ਕਿਹਾ ਕਿ ਇਹ ਹਰਦੇਵ ਸਿੰਘ ਹੀ ਉਸ ਨੂੰ ਫੋਨ ਕਰਕੇ ਭੜਕਾ ਰਿਹਾ ਸੀ ਕਿ ਉਹ ਛੁੱਟੀ 'ਤੇ ਹੈ ਅਤੇ ਮਾਰ ਦੇਵੇਗਾ। ਜਦੋਂ ਉਹ ਹਰਦੇਵ ਸਿੰਘ ਨਾਲ ਗੱਲ ਕਰਨ ਗਿਆ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਹਰਦੇਵ ਸਿੰਘ ਨੇ ਗੋਲੀਆਂ ਚਲਾ ਦਿੱਤੀਆਂ।ਉਸ ਨੇ ਦੱਸਿਆ ਕਿ ਦੋਵਾਂ ਦੀ ਪੁਰਾਣੀ ਲੜਾਈ ਸੀ ਅਤੇ ਇਸ ਲੜਾਈ ਨੂੰ ਲੈ ਕੇ ਆਪਸੀ ਦੁਸ਼ਮਣੀ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਮਾਮਲਾ ਗੰਭੀਰ ਹੋਣ ਕਾਰਨ ਇਸ ਦੀ ਪੜਤਾਲ ਹੋਣੀ ਚਾਹੀਦੀ ਹੈ, ਉਸਨੇ ਕਿਹਾ ਕਿ ਉਸਦੇ ਪੁੱਤਰ ਕੋਲ ਕਿਸੇ ਕਿਸਮ ਦਾ ਕੋਈ ਹਥਿਆਰ ਨਹੀਂ ਸੀ।

ਦੋਵੇਂ ਆਰਮੀ ਦੇ ਮੁਲਾਜ਼ਮ ਹਨ ਅਤੇ ਛੁੱਟੀ 'ਤੇ ਹਨ

ਘਟਨਾ ਸਬੰਧੀ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਬਟਾਲਾ ਰੋਡ 'ਤੇ ਪੁਰਾਣੀ ਰੰਜਿਸ਼ ਕਾਰਨ ਇਹ ਦੋਵੇਂ ਧੜੇ ਆਪਸ 'ਚ ਭਿੜ ਗਏ ਹਨ ਅਤੇ ਦੋਵੇਂ ਆਰਮੀ ਦੇ ਮੁਲਾਜ਼ਮ ਹਨ ਅਤੇ ਛੁੱਟੀ 'ਤੇ ਹਨ।ਉਨ੍ਹਾਂ ਦੱਸਿਆ ਕਿ ਬਟਾਲਾ ਰੋਡ 'ਤੇ ਹਰਦੇਵ ਸਿੰਘ ਦੇ ਪਿਤਾ ਦੀ ਟਰੈਕਟਰ ਵਰਕਸ਼ਾਪ ਹੈ। ਹਰਦੇਵ ਸਿੰਘ ਆਪਣੀ ਮਾਤਾ ਅਤੇ ਪਤਨੀ ਨਾਲ ਕਿਸੇ ਸਮਾਗਮ ਤੋਂ ਵਾਪਸ ਆਇਆ ਤਾਂ ਉਹ ਦੁਕਾਨ 'ਤੇ ਰੁਕ ਗਿਆ। ਇਸੇ ਦੌਰਾਨ ਲਵਪ੍ਰੀਤ ਸਿੰਘ ਜੋ ਕਿ ਛੁੱਟੀ 'ਤੇ ਸੀ, ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ 'ਤੇ ਪੰਜ ਰਾਉਂਡ ਫਾਇਰ ਕੀਤੇ, ਖੁਸ਼ਕਿਸਮਤੀ ਇਹ ਰਹੀ ਕਿ ਹਰਦੇਵ ਸਿੰਘ ਉਥੇ ਮੌਜੂਦ ਸੀ ਅਤੇ ਉਸ ਦੀ ਜਾਨ ਬਚ ਗਈ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। 

ਇਹ ਵੀ ਪੜ੍ਹੋ