ਅੰਮ੍ਰਿਤਸਰ ਦੇ ਹਸਪਤਾਲ 'ਚ ਡਾਕਟਰਾਂ ਤੇ ਸਟਾਫ ਨਾਲ ਕੁੱਟਮਾਰ, ਕਮਰਾ ਬੰਦ ਕਰਕੇ ਬਚੇ

ਇਹ ਲੋਕ ਇੰਨੇ ਹਮਲਾਵਰ ਹੋ ਗਏ ਕਿ ਸਟਾਫ ਨੇ ਖ਼ੁਦ ਨੂੰ ਕਮਰੇ ਵਿਚ ਬੰਦ ਕਰ ਕੇ ਆਪਣੀ ਜਾਨ ਬਚਾਈ। ਇੱਧਰ, ਪੁਲਿਸ ਕਰਮੀ ਇਕ ਘੰਟੇ ਬਾਅਦ ਪੁੱਜੇ। ਉਦੋਂ ਤੱਕ ਇਹ ਲੋਕ ਇੱਥੋਂ ਜਾ ਚੁੱਕੇ ਸਨ। ਇਸ ਤੋਂ ਬਾਅਦ ਡਾਕਟਰਾਂ ਤੇ ਸਟਾਫ ਦਾ ਇਕ ਸਮੂਹ ਥਾਣਾ ਮਜੀਠਾ ਪੁੱਜਾ।

Courtesy: file photo

Share:

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਡਾਕਟਰਾਂ, ਸਟਾਫ ਨਰਸ ਤੇ ਦਰਜਾ ਚਾਰ ਮੁਲਾਜ਼ਮਾਂ ਨਾਲ ਕੁੱਟਮਾਰ ਦਾ ਮਾਮਲਾ ਸਾਮਣੇ ਆਇਆ। ਕਰੀਬ ਇੱਕ ਘੰਟੇ ਤੱਕ ਹਸਤਪਾਲ ਅੰਦਰ ਹੁੱਲ੍ਹੜਬਾਜ਼ੀ ਕੀਤੀ ਗਈ। ਡਾਕਟਰਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ। ਪੀਜੀ ਡਾਕਟਰਾਂ ਤੇ ਸਟਾਫ ਨੇ ਇਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਮਰੀਜ਼ਾਂ ਦੇ ਦੋਸਤ ਤੇ ਪਰਿਵਾਰ ਵਾਲੇ ਨਹੀਂ ਮੰਨੇ। ਆਖ਼ਰਕਾਰ ਡਾਕਟਰਾਂ ਦਾ ਗਰੁੱਪ ਥਾਣਾ ਮਜੀਠਾ ਪੁੱਜਾ ਅਤੇ ਸ਼ਿਕਾਇਤ ਦਰਜ ਕਰਨ ਲਈ ਕਿਹਾ। ਇਲਜ਼ਾਮ ਹੈ ਕਿ ਪੁਲਿਸ ਨੇ ਵੀ ਇਨ੍ਹਾਂ ਦੀ ਗੱਲ ਨਹੀਂ ਸੁਣੀ।
 
ਇੱਕ ਮਰੀਜ਼ ਨੂੰ ਲੱਗੀ ਸੀ ਗੋਲੀ, ਦੂਜੇ ਨੂੰ ਸੱਟਾਂ 
ਅਜਨਾਲਾ ਤੋਂ ਦੋ ਮਰੀਜ਼ਾਂ ਨੂੰ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ ਸੀ। ਇਕ ਮਰੀਜ਼ ਦੇ ਗੋਲ਼ੀ ਲੱਗੀ ਸੀ ਜਦਕਿ ਦੂਜੇ ਦੇ ਪੱਟ ਵਿਚ ਸੱਟ ਲੱਗੀ ਸੀ। ਦੋਵਾਂ ਨੂੰ ਆਰਥੋ ਯੂਨਿਟ ਨੰਬਰ ਦੋ ਵਿਖੇ ਰਾਤ ਲਗਪਗ 12.30 ਵਜੇ ਸ਼ਿਫਟ ਕੀਤਾ ਗਿਆ। ਇਸ ਤੋਂ ਬਾਅਦ ਵਾਰਡ ਦਾ ਤਾਲਾ ਬੰਦ ਕਰ ਦਿੱਤਾ ਗਿਆ। ਵਾਰਡ ਵਿਚ ਕੰਮ ਕਰ ਰਹੀ ਨਰਸਿੰਗ ਸਿਸਟਰ ਕਮਲ ਨੇ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਅੱਠ-ਦਸ ਲੋਕ ਵਾਰਡ ਦੇ ਬਾਹਰ ਪੁੱਜੇ ਅਤੇ ਦਰਵਾਜ਼ਾ ਖੜਕਾਉਣ ਲੱਗੇ। ਉਨ੍ਹਾਂ ਨੂੰ ਕਿਹਾ ਗਿਆ ਕਿ ਮਰੀਜ਼ ਦੇ ਨਾਲ ਉਨ੍ਹਾਂ ਦੇ ਪਰਿਵਾਰ ਵਾਲੇ ਹਨ ਤੇ ਤੁਸੀਂ ਕੱਲ੍ਹ ਆਉਣਾ। ਇਸ ’ਤੇ ਇਹ ਲੋਕ ਭੜਕ ਉੱਠੇ ਅਤੇ ਦਰਵਾੜਾ ਭੰਨ੍ਹਣਾ ਸ਼ੁਰੂ ਕਰ ਦਿੱਤਾ। ਇਹ ਲੋਕ ਖ਼ੁਦ ਨੂੰ ਇੱਕ ਪਾਰਟੀ ਦੇ ਆਗੂ ਦੱਸ ਰਹੇ ਸਨ। ਦਰਜਾ ਚਾਰ ਮੁਲਾਜ਼ਮ ਆਇਆ ਤਾਂ ਦਰਵਾਜ਼ਾ ਖੋਲ੍ਹ ਦਿੱਤਾ ਗਿਆ ਪਰ ਇਨ੍ਹਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
 
ਪੁਲਿਸ ਨੇ ਵੀ ਕਾਰਵਾਈ ਤੋਂ ਕੀਤਾ ਇਨਕਾਰ 
ਡਾ. ਸੋਹੇਲ ਹਾਂਡਾ ਮੁਤਾਬਕ, ਇਨ੍ਹਾਂ ਲੋਕਾਂ ਨੇ ਸਟਾਫ ਨੂੰ ਗਾਲ੍ਹਾਂ  ਕੱਢੀਆਂ। ਵਿਰੋਧ ਕਰਨ ’ਤੇ ਇਹ ਲੋਕ ਕੁੱਟਮਾਰ ’ਤੇ ਉਤਰ ਆਏ। ਇਨ੍ਹਾਂ ਡਾਕਟਰ ਤੇ ਸਟਾਫ ਨੂੰ ਕਾਲਰ ਤੋਂ ਫੜ ਕੇ ਕੁੱਟਿਆ। ਲਗਪਗ ਇਕ ਘੰਟੇ ਤੱਕ ਇਹ ਲੋਕ ਹੁੱਲ੍ਹੜਬਾਜ਼ੀ ਕਰਦੇ ਰਹੇ। ਪੁਲਿਸ ਕੰਟਰੋਲ ਰੂਪ ਨੂੰ ਫੋਨ ਕੀਤਾ ਗਿਆ। ਇਹ ਲੋਕ ਇੰਨੇ ਹਮਲਾਵਰ ਹੋ ਗਏ ਕਿ ਸਟਾਫ ਨੇ ਖ਼ੁਦ ਨੂੰ ਕਮਰੇ ਵਿਚ ਬੰਦ ਕਰ ਕੇ ਆਪਣੀ ਜਾਨ ਬਚਾਈ। ਇੱਧਰ, ਪੁਲਿਸ ਕਰਮੀ ਇਕ ਘੰਟੇ ਬਾਅਦ ਪੁੱਜੇ। ਉਦੋਂ ਤੱਕ ਇਹ ਲੋਕ ਇੱਥੋਂ ਜਾ ਚੁੱਕੇ ਸਨ। ਇਸ ਤੋਂ ਬਾਅਦ ਡਾਕਟਰਾਂ ਤੇ ਸਟਾਫ ਦਾ ਇਕ ਸਮੂਹ ਥਾਣਾ ਮਜੀਠਾ ਪੁੱਜਾ। ਇੱਥੇ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਵੱਡੇ ਸਾਹਿਬ ਨੇ ਮਨ੍ਹਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਦਰਜ ਨਾ ਕੀਤੀ ਜਾਵੇ। ਡਾ. ਹਾਂਡਾ ਨੇ ਦੱਸਿਆ ਕਿ ਉਨ੍ਹਾਂ ਘਟਨਾਕ੍ਰਮ ਦੀ ਵੀਡੀਓ ਪੁਲਿਸ ਸਾਹਮਣੇ ਰੱਖੀ ਅਤੇ ਐੱਫਆਈਆਰ ਦਰਜ ਕਰਨ ਲਈ ਕਿਹਾ ਪਰ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਤੁਸੀਂ ਇੱਥੋਂ ਜਾਓ, ਨਹੀਂ ਤਾਂ ਸਾਰਿਆਂ ਨੂੰ ਅੰਦਰ ਕਰ ਦਵਾਂਗਾ। ਇਸ ਦੀ ਰਿਕਾਰਡਿੰਗ ਵੀ ਡਾਕਟਰਾਂ ਨੇ ਕਰ ਲਈ। ਥਾਣੇ ਵਿਚ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ।
 
ਯੂਨੀਅਨ ਨੇ ਕੀਤੀ ਘਟਨਾ ਦੀ ਨਿਖੇਧੀ
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਘਟਨਾ ਨਿਖੇਧੀਯੋਗ ਹੈ। ਡਾਕਟਰਾਂ ਤੇ ਸਹਿਯੋਗੀ ਸਟਾਫ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਉਨ੍ਹਾਂ ਘਟਨਾ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਨੂੰ ਦਿੱਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਹਸਪਤਾਲ ਦੀ ਸੁਰੱਖਿਆ ਲਈ ਪ੍ਰਬੰਧ ਸਖ਼ਤ ਕੀਤੇ ਗਏ ਹਨ। ਜਿਹੜੀਆਂ ਘਾਟਾਂ ਹਨ, ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਆਰਐੱਸ ਸੇਠੀ ਨੇ ਕਿਹਾ ਕਿ ਇਹ ਘਟਨਾ ਅਤਿਅੰਤ ਨਿਖੇਧੀਯੋਗ ਹੈ। ਹਸਪਤਾਲ ਪ੍ਰਸ਼ਾਸਨ ਇਸ ’ਤੇ ਸਖ਼ਤ ਐਕਸ਼ਨ ਲਵੇ। ਸਭ ਤੋਂ ਪਹਿਲਾਂ ਹਸਪਤਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ।

 

 

 

 

 

 

 

ਇਹ ਵੀ ਪੜ੍ਹੋ