ਗੰਦੇ ਪਾਣੀ ਦੀ ਮਾਰ - ਪੰਜਾਬ ਦੇ ਇਸ ਪਿੰਡ ਦਾ ਹਰ ਬੰਦਾ ਬਿਮਾਰ, 3 ਮਹੀਨਿਆਂ 'ਚ 35 ਮੌਤਾਂ, ਕਦੋਂ ਜਾਗੇਗੀ ਸਰਕਾਰ 

ਨਾ ਕੋਈ ਸਿਹਤ ਮਹਿਕਮਾ, ਨਾ ਸਿਵਲ ਪ੍ਰਸ਼ਾਸਨ ਤੇ ਨਾ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਲੋਕਾਂ ਦੀ ਸਾਰ ਲੈ ਰਹੇ ਹਨ। ਲੰਬੇ ਸਮੇਂ ਤੋਂ ਕਾਰਵਾਈ ਦਾ ਭਰੋਸਾ ਦੇ ਕੇ ਮਾਮਲਾ ਠੰਡੇ ਬਸਤੇ ਪਾਇਆ ਹੋਇਆ ਹੈ। ਜਿਸਦਾ ਖਾਮਿਆਜਾ ਲੋਕ ਭੁਗਤ ਰਹੇ ਹਨ। 

Share:

ਹਾਈਲਾਈਟਸ

  • ਹਰ ਘਰ ਵਿੱਚ ਕਿਸੇ ਨੂੰ ਚਮੜੀ ਦੀ ਸਮੱਸਿਆ ਹੈ ਤਾਂ ਕਿਸੇ ਨੂੰ ਜਿਗਰ ਦੀ ਸਮੱਸਿਆ
  • ਪਿੰਡ ਵਾਸੀਆਂ ਨੇ ਧਰਨਾ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ
ਪੰਜਾਬ ਨਿਊਜ। ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਕਈ ਅਜਿਹੇ ਇਲਾਕੇ ਵੀ ਹਨ ਜਿੱਥੋਂ ਦੇ ਲੋਕ ਅੱਜ ਵੀ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਇਹਨਾਂ ਚੋਂ ਲੁਧਿਆਣਾ ਦਾ ਪਿੰਡ ਮਾਂਗਟ ਵੀ ਸ਼ਾਮਲ ਹੈ। ਇੱਥੇ ਡਾਇੰਗ ਫੈਕਟਰੀ ਕਾਰਨ ਪਿੰਡ ਦਾ ਪਾਣੀ ਲਗਾਤਾਰ ਖਰਾਬ ਹੋ ਰਿਹਾ ਹੈ। ਲੋਕਾਂ ਨੂੰ ਪੀਣ ਵਾਲਾ ਪਾਣੀ ਤਾਂ ਦੂਰ ਫਸਲਾਂ ਦੀ ਸਿੰਚਾਈ ਤੱਕ ਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ ਹੈ। ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਹਾਲੇ ਤੱਕ ਕਿਸੇ ਨੇ ਪਿੰਡ ਵਾਲਿਆਂ ਦੀ ਸਾਰ ਨਹੀਂ ਲਈ। 
 
ਪਿੰਡ 'ਚ ਫੈਲਿਆ ਕੈਂਸਰ ਤੇ ਹੋਰ ਬਿਮਾਰੀਆਂ
ਪਿੰਡ ਦੇ ਹਾਲਾਤ ਇਹ ਹਨ ਕਿ ਹਰ ਘਰ ਵਿੱਚ ਕਿਸੇ ਨੂੰ ਚਮੜੀ ਦੀ ਸਮੱਸਿਆ ਹੈ ਤਾਂ ਕਿਸੇ ਨੂੰ ਜਿਗਰ ਦੀ ਸਮੱਸਿਆ। ਕੈਂਸਰ ਤੱਕ ਫੈਲ ਗਿਆ ਹੈ। ਗੰਦੇ ਪਾਣੀ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ। ਦੱਸਿਆ ਜਾ ਰਿਹਾ ਹੈ ਕਿ 3 ਮਹੀਨਿਆਂ ਦੌਰਾਨ ਪਿੰਡ ਵਿੱਚ 35 ਲੋਕਾਂ ਦੀ ਇਸ ਵਜ੍ਹਾ ਕਰਕੇ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 12 ਲੋਕ ਕੈਂਸਰ ਕਾਰਨ ਆਪਣੀ ਜਾਨ ਗੁਆ ​​ਚੁੱਕੇ ਹਨ।  ਪਿੰਡ ਦੀ ਮੁੱਖ ਸੜਕ ਦੇ ਪਾਰ ਇੰਡਸਟਰੀ ਏਰੀਆ ਐਲਾਨਿਆ ਹੋਇਆ ਹੈ। ਇੱਥੇ ਕੱਪੜਾ ਬਣਾਉਣ ਦਾ ਵੱਡਾ ਕਾਰਖਾਨਾ ਹੈ।  ਵੱਡੀ ਫੈਕਟਰੀ ਲਗਾਈ ਹੋਈ ਹੈ। ਉਸ ਸਮੇਂ ਟੈਕਸਟਾਈਲ ਫੈਕਟਰੀ ਕਾਰਨ ਕੋਈ ਨਹੀਂ ਬੋਲਿਆ ਸੀ।  ਬਾਅਦ ਵਿੱਚ ਉਕਤ ਫੈਕਟਰੀ ਮਾਲਕ ਨੇ ਰੰਗਾਈ (ਡਾਈ) ਦਾ ਕੰਮ ਸ਼ੁਰੂ ਕੀਤਾ।  ਦੋ ਫੁੱਟ ਡੂੰਘਾ ਟੋਆ ਪੁੱਟਿਆ ਸੀ ਅਤੇ ਉਸ ਵਿੱਚ ਗੰਦਾ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਸੀ।  ਹੌਲੀ ਹੌਲੀ   ਫੈਕਟਰੀ ਮਾਲਕ ਨੇ 8 ਏਕੜ ਜ਼ਮੀਨ ਖਰੀਦ ਲਈ ਅਤੇ ਸਪੋਟਾ ਦੇ ਦਰੱਖਤ ਲਗਾਉਣ ਦੇ ਨਾਲ-ਨਾਲ 10-10 ਫੁੱਟ ਡੂੰਘੇ ਟੋਏ ਪੁੱਟ ਕੇ ਉਨ੍ਹਾਂ ਵਿੱਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਪਿੰਡ ਦਾ ਪਾਣੀ ਗੰਦਾ ਹੋਣ ਲੱਗਾ। 
 
ਰੱਟਿਆ-ਰਟਾਇਆ ਜਵਾਬ ਦੇ ਕੇ ਮੋੜੇ ਲੋਕ 
ਇਸ ਪੂਰੇ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਕੁਮਾਰ ਗੌਰਵ ਨੇ ਇਸਦੀ ਸ਼ਿਕਾਇਤ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੀਤੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਪਿੰਡ ਦਾ ਦੌਰਾ ਕੀਤਾ ਅਤੇ ਉਥੋਂ ਪਾਣੀ ਦੇ ਸੈਂਪਲ ਲਏ। ਪਰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ‘ਤੇ ਰਿਪੋਰਟ ਨਾ ਮਿਲਣ ‘ਤੇ ਪਿੰਡ ਦੇ ਲੋਕ ਕੁਮਾਰ ਗੌਰਵ ਨੂੰ ਨਾਲ ਲੈ ਕੇ ਫੋਕਲ ਪੁਆਇੰਟ ਸਥਿਤ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ਪੁੱਜੇ। ਇੱਥੇ ਪਿੰਡ ਵਾਸੀਆਂ ਨੇ ਧਰਨਾ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ। ਜਿੱਥੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦੇ ਕੇ ਵਾਪਿਸ ਭੇਜ ਦਿੱਤਾ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ਼ ਇੰਜਨੀਅਰ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਪਿੰਡ ਵਿੱਚੋਂ ਪਾਣੀ ਦੇ ਸੈਂਪਲ ਭੇਜੇ ਗਏ ਹਨ, ਜਿਸਦੀ ਕਾਰਵਾਈ ਜਾਰੀ ਹੈ। ਉਨ੍ਹਾਂ ਦੇ ਅਧਿਕਾਰੀ ਰਿਪੋਰਟ ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਜਿਵੇਂ ਹੀ ਰਿਪੋਰਟ ਪੂਰੀ ਹੋਵੇਗੀ, ਜ਼ਰੂਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ