ਨਵਜੰਮੀ ਬੱਚੀ ਦੀ ਮੌਤ ਲਈ ਇਨਸਾਫ਼ ਦੀ ਮੰਗ, ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹੀ ਮਾਂ

ਪਿੰਡ ਰਾਜਗੜ੍ਹ ਖੁਰਦ ਦੀ ਵਸਨੀਕ ਇੱਕ ਔਰਤ ਨੇ ਬਠਿੰਡਾ ਸ਼ਹਿਰ ਵਿੱਚ ਸਥਿਤ ਨਿੱਜੀ ਹਸਪਤਾਲ ’ਤੇ ਨਵਜੰਮੇ ਬੱਚੇ ਦੇ ਇਲਾਜ ਵਿੱਚ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਕਥਿਤ ਤੌਰ ‘ਤੇ ਜਦੋਂ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਵਿਧੀ ਰਾਹੀਂ ਪੈਦਾ ਹੋਈ ਬੱਚੀ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਚਾਰ ਦਿਨਾਂ ਤੱਕ ਲਾਪਰਵਾਹੀ […]

Share:

ਪਿੰਡ ਰਾਜਗੜ੍ਹ ਖੁਰਦ ਦੀ ਵਸਨੀਕ ਇੱਕ ਔਰਤ ਨੇ ਬਠਿੰਡਾ ਸ਼ਹਿਰ ਵਿੱਚ ਸਥਿਤ ਨਿੱਜੀ ਹਸਪਤਾਲ ’ਤੇ ਨਵਜੰਮੇ ਬੱਚੇ ਦੇ ਇਲਾਜ ਵਿੱਚ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਕਥਿਤ ਤੌਰ ‘ਤੇ ਜਦੋਂ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਵਿਧੀ ਰਾਹੀਂ ਪੈਦਾ ਹੋਈ ਬੱਚੀ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਚਾਰ ਦਿਨਾਂ ਤੱਕ ਲਾਪਰਵਾਹੀ ਨਾਲ ਖੂਨ ਚੜ੍ਹਾਇਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮੌਕੇ ‘ਤੇ ਪਹੁੰਚੀ ਪੁਲਿਸ
ਇਸ ਦੇ ਵਿਰੋਧ ‘ਚ ਐਤਵਾਰ ਨੂੰ ਰਾਜਗੜ੍ਹ ਖੁਰਦ ਦੀ ਰਹਿਣ ਵਾਲੀ ਮਨਜੀਤ ਕੌਰ ਪੈਟਰੋਲ ਦੀ ਬੋਤਲ ਲੈ ਕੇ ਸਿਵਲ ਹਸਪਤਾਲ ਬਠਿੰਡਾ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈ ਅਤੇ ਇਨਸਾਫ ਦੀ ਮੰਗ ਕਰਨ ਲੱਗੀ। ਸਥਾਨਕ ਪੁਲਿਸ ਚੌਕੀ ਸਮੇਤ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਔਰਤ ਨੂੰ ਹੇਠਾਂ ਉਤਰਨ ਦੀ ਅਪੀਲ ਕਰਦੀ ਰਹੀ। ਖ਼ਬਰ ਲਿਖੇ ਜਾਣ ਤੱਕ ਔਰਤ ਟੈਂਕੀ ‘ਤੇ ਹੀ ਚੜ੍ਹੀ ਹੋਈ ਸੀ।

ਕਰੀਬ 4 ਲੱਖ ਰੁਪਏ ਵਸੂਲੇ
ਔਰਤ ਮਨਜੀਤ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ ਇੱਕ ਨਿੱਜੀ ਹਸਪਤਾਲ ਤੋਂ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਵਿਧੀ ਰਾਹੀਂ ਗਰਭ ਧਾਰਨ ਕੀਤਾ ਸੀ। ਇਸ ਦੌਰਾਨ ਪ੍ਰਾਈਵੇਟ ਹਸਪਤਾਲ ਨੇ ਉਸ ਤੋਂ ਵੱਖ-ਵੱਖ ਟੈਸਟਾਂ, ਦਵਾਈਆਂ ਅਤੇ ਇਲਾਜ ਲਈ ਕਰੀਬ 4 ਲੱਖ ਰੁਪਏ ਵਸੂਲੇ ਸਨ। ਬੱਚੇ ਦੇ ਜਨਮ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ, ਇਸ ਲਈ ਹਸਪਤਾਲ ਵਾਲੇ ਪਹਿਲੇ ਚਾਰ ਦਿਨ ਉਸ ਨੂੰ ਖੂਨ ਚੜ੍ਹਾਉਂਦੇ ਰਹੇ, ਪਰ ਬਾਅਦ ਵਿਚ ਉਸ ਨੂੰ ਕਿਸੇ ਹੋਰ ਹਸਪਤਾਲ ਲੈ ਜਾਣ ਲਈ ਕਿਹਾ। ਉਸ ਨੇ ਦੋਸ਼ ਲਾਇਆ ਕਿ ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਪ੍ਰਬੰਧਕਾਂ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਸਾਰਿਆਂ ਦੀ ਕਥਿਤ ਮਿਲੀਭੁਗਤ ਕਾਰਨ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ।
ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ
ਹੁਣ ਇਨਸਾਫ਼ ਲਈ ਆਪਣੀ ਜਾਨ ਦੇਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਇਸ ਕਾਰਨ ਉਹ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈ ਹੈ । ਉਸ ਨੇ ਕਿਹਾ ਕਿ ਜੇਕਰ ਉਸ ਦੀ ਬੱਚੀ ਦੀ ਮੌਤ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਅਤੇ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਸੂਚਨਾ ਮਿਲਣ ’ਤੇ ਡੀਐਸਪੀ ਸਿਟੀ ਵਨ ਅਤੇ ਤਹਿਸੀਲਦਾਰ ਮੌਕੇ ’ਤੇ ਪੁੱਜੇ ਅਤੇ ਔਰਤ ਨੂੰ ਹੇਠਾਂ ਉਤਰਨ ਦੀ ਕੋਸ਼ਿਸ਼ ਵਿੱਚ ਜੁਟ ਗਏ।