Crime News: 17 ਸਾਲਾਂ ਨੌਜਵਾਨ ਦੀ ਡਰੇਨ ਵਿੱਚੋਂ ਮਿਲੀ ਲਾਸ਼, ਦੋਸਤਾਂ ਨੇ ਹੀ ਕੀਤਾ ਕਤਲ , ਪੁੱਛਗਿੱਛ ਦੌਰਾਨ ਦੋਹਰੇ ਕਤਲ ਕਾਂਡ ਦਾ ਹੋਇਆ ਖੁਲਾਸਾ

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਨੀਕਰਨ ਸਿੰਘ ਦੀ ਲਾਸ਼ ਬਰਾਮਦ ਕੀਤੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇੱਕ ਹੋਰ ਐਨਆਰਆਈ ਦੇ ਕਤਲ ਦਾ ਖੁਲਾਸਾ ਕੀਤਾ।

Share:

Punjab News: ਮੋਗਾ ਜਿਲ੍ਹੇ ਦੇ ਪਿੰਡ ਮੇਹਣਾ ਵਿੱਚ 17 ਸਾਲਾਂ ਦੇ ਨੌਜਵਾਨ ਦੀ ਲਾਸ਼ ਇੱਕ ਡਰੇਨ ਵਿੱਚੋਂ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਮੋਗਾ ਦੇ ਮਹਿਣਾ ਦੇ ਡਰੇਨ 'ਚੋਂ ਪੁਲਿਸ ਨੇ ਬੱਧਨੀ ਖੁਰਦ ਦੇ ਰਹਿਣ ਵਾਲੇ ਮਨੀਕਰਨ ਸਿੰਘ ਨਾਂ ਦੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮਨੀਕਰਨ ਸਿੰਘ ਵੀਰਵਾਰ ਸਵੇਰੇ ਦੋ ਦੋਸਤਾਂ ਹਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨਾਲ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਫਿਲਮ ਦੇਖਣ ਜਾ ਰਹੇ ਹਨ। ਜਦੋਂ ਉਹ ਰਾਤ ਤੱਕ ਘਰ ਨਹੀਂ ਪਹੁੰਚਿਆ ਤਾਂ ਉਸ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਮ੍ਰਿਤਕ ਦੇ ਭਰਾ ਮਨੀਕਰਨ ਸਿੰਘ ਦੇ ਬਿਆਨਾਂ 'ਤੇ ਉਸ ਦੇ ਦੋ ਦੋਸਤਾਂ ਕੁਲਵਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਹਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਮਿਲ ਕੇ ਮਨੀਕਰਨ ਸਿੰਘ ਦਾ ਕਤਲ ਕਰਕੇ ਮੋਗਾ ਦੇ ਮਹਿਣਾ ਨੇੜੇ ਡਰੇਨ 'ਚ ਸੁੱਟ ਦਿੱਤਾ ਸੀ | ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਨੀਕਰਨ ਸਿੰਘ ਦੀ ਲਾਸ਼ ਬਰਾਮਦ ਕੀਤੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇੱਕ ਹੋਰ ਐਨਆਰਆਈ ਦੇ ਕਤਲ ਦਾ ਖੁਲਾਸਾ ਕੀਤਾ।

ਐਨਆਰਆਈ ਦਾ ਕਤਲ

ਹਰਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਮਨੀਕਰਨ ਸਿੰਘ ਨੇ ਮਿਲ ਕੇ 15 ਦਿਨ ਪਹਿਲਾਂ ਬੱਧਨੀ ਖੁਰਦ ਵਿੱਚ 40 ਸਾਲਾ ਐਨਆਰਆਈ ਮਨਦੀਪ ਸਿੰਘ ਦਾ ਉਸ ਦੇ ਹੀ ਘਰ ਵਿੱਚ ਕਤਲ ਕਰ ਦਿੱਤਾ ਸੀ। ਐਨਆਰਆਈ ਮਨਦੀਪ ਸਿੰਘ ਘਰ ਵਿੱਚ ਇਕੱਲਾ ਰਹਿੰਦਾ ਸੀ। ਪੁਲਿਸ ਨੇ ਸ਼ੁੱਕਰਵਾਰ ਸ਼ਾਮ ਐਨਆਰਆਈ ਦੀ ਲਾਸ਼ ਨੂੰ ਉਸਦੇ ਘਰੋਂ ਬਰਾਮਦ ਕਰਕੇ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ। ਉਸ ਦੇ ਗੁਆਂਢੀ ਜੱਗਾ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ। ਪਿਛਲੇ 15 ਦਿਨਾਂ ਤੋਂ ਮਨਦੀਪ ਸਿੰਘ ਦਾ ਨਾ ਤਾਂ ਕੋਈ ਫੋਨ ਆਇਆ ਅਤੇ ਨਾ ਹੀ ਉਸ ਨੂੰ ਪਿੰਡ ਵਿੱਚ ਕਿਸੇ ਨੇ ਦੇਖਿਆ। ਉਨ੍ਹਾਂ ਸੋਚਿਆ ਕਿ ਸ਼ਾਇਦ ਮਨਦੀਪ ਸਿੰਘ ਬਾਹਰ ਗਿਆ ਹੋਵੇਗਾ।

ਕੀ ਬੋਲੇ ਐਸਐਚਓ

ਥਾਣਾ ਬੱਧਨੀ ਕਲਾਂ ਦੇ ਐਸ.ਐਚ.ਓ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੋਗਾ ਦੇ ਪਿੰਡ ਬੱਧਨੀ ਖੁਰਦ ਵਿੱਚ ਇੱਕ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਦੋ ਦੋਸਤਾਂ ਤੋਂ ਪੁੱਛਗਿੱਛ ਦੌਰਾਨ ਕਤਲ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਉਨ੍ਹਾਂ ਦੀ ਸੂਚਨਾ 'ਤੇ ਪੁਲਿਸ ਨੇ ਐਨਆਰਆਈ ਦੀ ਲਾਸ਼ ਉਸ ਦੇ ਘਰੋਂ ਬਰਾਮਦ ਕੀਤੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਨੀਕਰਨ ਅਤੇ ਮਨਦੀਪ ਸਿੰਘ ਦਾ ਕਤਲ ਕਿਉਂ ਕੀਤਾ ਗਿਆ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।

ਇਹ ਵੀ ਪੜ੍ਹੋ