Crime: iPhone ਲਈ ਰਿਸ਼ਤਿਆਂ ਦਾ ਖੂਨ, ਭਤੀਜੇ ਨੇ ਤਾਏ ਦਾ ਕਤਲ ਕਰ ਨਹਿਰ ਵਿੱਚ ਸੁੱਟੀ ਲਾਸ਼

ਥਾਣਾ ਗਿੱਦੜਬਾਹਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਮ੍ਰਿਤਕ ਦੇ ਬੈਂਕ ਖਾਤੇ ਵਿੱਚੋਂ 65 ਹਜ਼ਾਰ ਰੁਪਏ ਕਢਵਾ ਕੇ ਨਵਾਂ ਆਈਫੋਨ ਖਰੀਦਿਆ ਸੀ। ਅਜੇ ਤੱਕ ਨਹਿਰ 'ਚੋਂ ਲਾਸ਼ ਨਹੀਂ ਮਿਲੀ ਹੈ।

Share:

Punjab News: ਗਿੱਦੜਬਾਹਾ ਦੇ ਪਿੰਡ ਮਧੀਰ ਤੋਂ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਆਈਫੋਨ ਖਰੀਦਣ ਦੇ ਲਈ ਭਤੀਜੇ ਨੇ ਆਪਣੇ ਤਾਏ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇੰਨ੍ਹਾਂ ਹੀ ਨਹੀਂ ਲਾਸ਼ ਨੂੰ ਬੋਰੀ 'ਚ ਪਾ ਕੇ ਰਾਜਸਥਾਨ ਫੀਡਰ ਨਹਿਰ 'ਚ ਸੁੱਟ ਦਿੱਤਾ। ਸਥਾਨਕ ਪੁਲਿਸ ਨੇ ਮੁਲਜ਼ਮ ਭਤੀਜੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਹੈ।

ਪਹਿਲਾਂ ਕੀਤਾ ਕਤਲ ਫਿਰ ਖਾਤੇ ਵਿੱਚੋਂ ਕਢਵਾਏ ਪੈਸੇ

ਮੁਲਜ਼ਮ ਦੀ ਪਛਾਣ ਸਹਿਜਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਧੀਰ ਹਾਲ ਵਾਸੀ ਆਬਾਦ ਭਾਰੂ ਚੌਕ ਕਿੰਗਰਾ ਮੋਬਾਈਲ ਇਲੈਕਟ੍ਰੋਨਿਕਸ ਸਟਰੀਟ ਗਿੱਦੜਬਾਹਾ ਵਜੋਂ ਹੋਈ ਹੈ। ਕਤਲ ਤੋਂ ਬਾਅਦ ਮੁਲਜ਼ਮ ਨੇ ਤਾਏ ਦੇ ਬੈਂਕ ਖਾਤੇ ਵਿੱਚੋਂ 65 ਹਜ਼ਾਰ ਰੁਪਏ ਕਢਵਾ ਲਏ ਅਤੇ ਨਵਾਂ ਆਈਫੋਨ ਖਰੀਦ ਲਿਆ। ਦੂਜੇ ਪਾਸੇ ਕਤਲ ਦੇ 12 ਦਿਨ ਬਾਅਦ ਵੀ ਮ੍ਰਿਤਕ ਦੀ ਲਾਸ਼ ਨਹਿਰ ਵਿੱਚੋਂ ਨਹੀਂ ਮਿਲੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੂਟਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮਧੀਰ ਨੇ ਦੱਸਿਆ ਕਿ ਬੀਤੀ 23 ਫਰਵਰੀ ਨੂੰ ਉਹ ਅਤੇ ਉਸ ਦਾ ਲੜਕਾ ਜਗਰੂਪ ਸਿੰਘ ਆਪਣੇ ਦੂਜੇ ਲੜਕੇ ਬਲਕਾਰ ਸਿੰਘ ਦੇ ਘਰ ਗਏ ਹੋਏ ਸਨ। ਇੱਥੇ ਜਗਰੂਪ ਸਿੰਘ ਬਲਕਾਰ ਸਿੰਘ ਦੇ ਘਰ ਠਹਿਰਿਆ।

ਨਹਿਰ ਵਿੱਚ ਸੁੱਟੀ ਲਾਸ਼

ਬਲਕਾਰ ਸਿੰਘ ਦੇ ਪੁੱਤਰ ਸਹਿਜਪ੍ਰੀਤ ਸਿੰਘ ਉਰਫ਼ ਸਹਿਜ ਨੂੰ ਪਤਾ ਸੀ ਕਿ ਤਾਏ ਜਗਰੂਪ ਸਿੰਘ ਦੇ ਬੈਂਕ ਖਾਤੇ ਵਿੱਚ ਪੈਸੇ ਹਨ। ਜਿਸ 'ਤੇ ਸਹਿਜਪ੍ਰੀਤ ਨੇ ਆਪਣੇ ਤਾਏ ਜਗਰੂਪ ਸਿੰਘ ਦੇ ਗਲੇ 'ਚ ਮਫਲਰ ਪਾ ਕੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ। ਬਾਅਦ ਵਿੱਚ ਉਸ ਨੇ ਕਿਸੇ ਤਰ੍ਹਾਂ ਜਗਰੂਪ ਸਿੰਘ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਲਏ ਅਤੇ ਨਵਾਂ ਆਈਫੋਨ ਖਰੀਦ ਲਿਆ।

ਪੁਲਿਸ ਨੇ ਕਤਲ ਦਾ ਕੇਸ ਕੀਤਾ ਦਰਜ

ਥਾਣਾ ਗਿੱਦੜਬਾਹਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਮ੍ਰਿਤਕ ਦੇ ਬੈਂਕ ਖਾਤੇ ਵਿੱਚੋਂ 65 ਹਜ਼ਾਰ ਰੁਪਏ ਕਢਵਾ ਕੇ ਨਵਾਂ ਆਈਫੋਨ ਖਰੀਦਿਆ ਸੀ। ਅਜੇ ਤੱਕ ਨਹਿਰ 'ਚੋਂ ਲਾਸ਼ ਨਹੀਂ ਮਿਲੀ ਹੈ। ਮੁਲਜ਼ਮ ਸਹਿਜਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ

Tags :