ਮੋਹਾਲੀ 'ਚ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ ਸ਼ਿਕੰਜਾ, ਕਈ ਸ਼ੋਅ-ਰੂਮ ਕੀਤੇ ਸੀਲ

ਕਈ ਪ੍ਰਾਪਰਟੀ ਧਾਰਕਾਂ ਵੱਲੋਂ ਨਗਰ ਨਿਗਮ ਦੇ ਨੋਟਿਸ ਦੇ ਬਾਵਜੂਦ ਵੀ ਪ੍ਰਾਪਰਟੀ ਟੈਕਸ ਨਹੀਂ ਜਮ੍ਹਾਂ ਕਰਵਾਇਆ ਗਿਆ। ਇਹਨਾਂ ਦੇ ਖ਼ਿਲਾਫ਼ ਨਗਰ ਨਿਗਮ ਨੇ ਸਖਤ ਕਾਰਵਾਈ ਕਰਦੇ ਹੋਏ ਫੇਸ-1 ਵਿੱਚ ਕੁਝ ਸ਼ੋਅਰੂਮ ਸੀਲ ਕਰ ਦਿੱਤੇ ਗਏ ਹਨ । 

Courtesy: ਮੋਹਾਲੀ ਵਿਖੇ ਨਗਰ ਨਿਗਮ ਦੀ ਟੀਮ ਨੇ ਕਈ ਸ਼ੋਅ-ਰੂਮ ਸੀਲ ਕੀਤੇ

Share:

ਨਗਰ ਨਿਗਮ ਮੋਹਾਲੀ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਨਗਰ ਨਿਗਮ ਦੀ ਟੀਮ ਵੱਲੋਂ ਪ੍ਰਾਪਰਟੀ ਸੀਲਿੰਗ ਦੀ ਕਾਰਵਾਈ ਆਰੰਭ ਕੀਤੀ ਗਈ। ਨਗਰ ਨਿਗਮ ਵੱਲੋਂ ਕਮਰਸ਼ੀਅਲ ਅਤੇ ਇੰਡਸਟਰੀਅਲ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਅਤੇ ਕਈ ਪ੍ਰਾਪਰਟੀ ਧਾਰਕਾਂ ਵੱਲੋਂ ਨਗਰ ਨਿਗਮ ਦੇ ਨੋਟਿਸ ਦੇ ਬਾਵਜੂਦ ਵੀ ਪ੍ਰਾਪਰਟੀ ਟੈਕਸ ਨਹੀਂ ਜਮ੍ਹਾਂ ਕਰਵਾਇਆ ਗਿਆ। ਇਹਨਾਂ ਦੇ ਖ਼ਿਲਾਫ਼ ਨਗਰ ਨਿਗਮ ਨੇ ਸਖਤ ਕਾਰਵਾਈ ਕਰਦੇ ਹੋਏ ਫੇਸ-1 ਵਿੱਚ ਕੁਝ ਸ਼ੋਅਰੂਮ ਸੀਲ ਕਰ ਦਿੱਤੇ ਗਏ ਹਨ । ਼

50 ਕਰੋੜ ਟੈਕਸ ਇਕੱਠਾ ਕਰਨ ਦਾ ਟੀਚਾ 

ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨਿਥ ਵੱਲੋਂ ਦੱਸਿਆ ਗਿਆ ਹੈ ਕਿ ਨਗਰ ਨਿਗਮ, ਮੋਹਾਲੀ ਦੀ ਹਦੂਦ ਅੰਦਰ ਕਈ ਹੋਟਲ ,ਪੈਟਰੋਲ ਪੰਪ, ਸ਼ੋਅ-ਰੂਮ ਅਤੇ ਹੋਰ ਕਮਰਸ਼ੀਅਲ ਪ੍ਰਾਪਰਟੀ ਧਾਰਕ, ਜਿਨ੍ਹਾਂ ਵੱਲੋਂ ਨਿਗਮ ਵੱਲੋਂ ਦੋ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਵੀ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਾਪਰਟੀ ਸੀਲ ਕਰ ਦਿੱਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਸ ਸਾਲ ਨਗਰ ਨਿਗਮ ਵਲੋਂ ਲਗਭਗ 50 ਕਰੋੜ ਪ੍ਰਾਪਰਟੀ ਟੈਕਸ ਇੱਕਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਵਿੱਚੋਂ ਹੁਣ ਤੱਕ 38.40 ਕਰੋੜ ਪ੍ਰਾਪਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਜਲਦੀ ਤੋਂ ਜਲਦੀ ਨਗਰ ਨਿਗਮ ਮੋਹਾਲੀ ਵਿਖੇ ਭਰ ਦੇਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ  ਪ੍ਰਾਪਰਟੀ ਟੈਕਸ ਵਿਆਜ ਅਤੇ ਜੁਰਮਾਨੇ ਸਮੇਤ ਵਸੂਲਿਆ ਜਾਵੇਗਾ। ਜੇਕਰ ਕੋਈ ਵਿਅਕਤੀ ਨਗਰ ਨਿਗਮ ਦੇ ਨੋਟਿਸ ਮਿਲਣ ਦੇ ਬਾਵਜੂਦ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਉਦਾ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

2 ਸ਼ਪੈਸ਼ਲ ਵਿੰਡੋਜ਼ ਖੋਲ੍ਹੀਆਂ 

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੋਕਾਂ ਦੀ ਸਹੂਲਤ ਨਗਰ ਨਿਗਮ ਮੋਹਾਲੀ ਦੇ ਦਫਤਰ ਵਿਖੇ '2 ਸਪੈਸ਼ਲ ਵਿੰਡੋਜ਼' ਪ੍ਰਾਪਰਟੀ ਟੈਕਸ ਕਲੈਕਸ਼ਨ ਲਈ ਚਾਲੂ ਹਨ, ਜਿਥੇ ਆ ਕੇ ਲੋਕ ਆਪਣਾ ਪ੍ਰਾਪਰਟੀ ਟੈਕਸ ਭਰ ਸਕਦੇ ਹਨ। ਇਸ ਤੋਂ ਇਲਾਵਾ ਆਨਲਾਈਨ ਪੋਰਟਲ ਐਮ.ਸੇਵਾ ਉਤੇ ਵੀ ਸੈਲਫ ਅਸੈਸਮੈਂਟ ਦੇ ਆਧਾਰ ਤੇ ਪ੍ਰਾਪਰਟੀ ਟੈਕਸ ਭਰਿਆ ਜਾ ਸਕਦਾ ਹੈ। ਉਨ੍ਹਾਂ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਲੋਕਾਂ ਵਲੋਂ ਗਲਤ ਅਸੈਸਮੈਂਟ ਕਰਕੇ ਘੱਟ ਪ੍ਰਾਪਰਟੀ ਟੈਕਸ ਭਰਿਆ ਜਾ ਰਿਹਾ ਹੈ ਜਾਂ ਆਪਣੀ ਪ੍ਰਾਪਰਟੀ ਨੂੰ ਕਿਸੇ ਹੋਰ ਕੈਟਾਗਰੀ ਵਿੱਚ ਦਿਖਾ ਕੇ ਘੱਟ ਪ੍ਰਾਪਰਟੀ ਟੈਕਸ ਭਰਿਆ ਜਾ ਰਿਹਾ ਹੈ, ਉਨ੍ਹਾਂ ਖ਼ਿਲਾਫ਼ ਨਗਰ ਨਿਗਮ ਵਲੋਂ ਸਖਤ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲ ਬਣਦਾ ਬਕਾਇਆ ਪ੍ਰਾਪਰਟੀ ਟੈਕਸ ਜੁਰਮਾਨੇ ਅਤੇ ਵਿਆਜ ਸਮੇਤ ਵਸੂਲਿਆ ਜਾਵੇਗਾ। ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਕਿ 01 ਮਾਰਚ 2025 ਤੋਂ ਲੈ ਕੇ 31 ਮਾਰਚ 2025 ਤੱਕ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਦਾ ਦਫ਼ਤਰ ਹਰ ਸ਼ਨੀਵਾਰ ਅਤੇ ਐਤਵਾਰ ਸਵੇਰੇ 09:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 02:00 ਵਜੇ ਤੱਕ ਖੁੱਲ੍ਹਾ ਰਹੇਗਾ, ਤਾਂ ਜੋ ਲੋਕ ਆਪਣਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾਂ ਕਰਵਾ ਸਕਣ।

ਇਹ ਵੀ ਪੜ੍ਹੋ