Drone ਨੂੰ ਲੈ ਕੇ ਤਕਰਾਰ,ਪੰਜਾਬ ਅਤੇ ਹਰਿਆਣਾ ਪ੍ਰਸ਼ਾਸਨ ਆਹਮੋ-ਸਾਹਮਣੇ

ਡੀਸੀ ਪਟਿਆਲਾ ਸ਼ੌਕਤ ਅਹਿਮਦ ਨੇ ਅੰਬਾਲਾ ਦੇ ਡੀਸੀ ਡਾ. ਸ਼ਾਲੀਨ ਨੂੰ ਪੱਤਰ ਭੇਜਿਆ। ਜਿਸ 'ਚ ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਦੇ ਡਰੋਨ ਸ਼ੰਭੂ ਬਾਰਡਰ 'ਤੇ ਪੰਜਾਬ ਦੀ ਸਰਹੱਦ 'ਤੇ ਆ ਰਹੇ ਹਨ| ਜਿੱਥੇ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟ ਰਹੇ ਹਨ। ਪਟਿਆਲਾ ਦੇ ਡੀਸੀ ਨੂੰ ਤੁਰੰਤ ਇਸ ਨੂੰ ਰੋਕਣ ਲਈ ਕਿਹਾ।

Share:

Punjab News: ਕਿਸਾਨਾਂ ਵੱਲੋਂ ਸ਼ੰਭੂ ਬਾਰਡਰ 'ਤੇ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਵਿਚਕਾਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਲਈ ਡਰੋਨ ਦੀ ਕੀਤੀ ਗਈ ਵਰਤੋਂ ਨੂੰ ਲੈ ਕੇ ਹੁਣ ਪੰਜਾਬ ਅਤੇ ਹਰਿਆਣਾ ਸਰਕਾਰਾਂ ਵਿਚਾਲੇ ਵਿਵਾਦ ਵਧ ਗਿਆ ਹੈ। ਪੰਜਾਬ ਦੇ ਪਟਿਆਲਾ ਪ੍ਰਸ਼ਾਸਨ ਨੇ ਹਰਿਆਣਾ ਪੁਲਿਸ ਵੱਲੋਂ ਆਪਣੀ ਸਰਹੱਦ 'ਤੇ ਡਰੋਨ ਉਡਾਉਣ 'ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਦੇ ਜਵਾਬ 'ਚ ਅੰਬਾਲਾ ਪ੍ਰਸ਼ਾਸਨ ਨੇ ਹੁਣ ਸ਼ੰਭੂ ਸਰਹੱਦ 'ਤੇ ਚੀਨੀ ਡੋਰ ਦੀ ਵਰਤੋਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਚੀਨੀ ਡੋਰ ਤੇ ਪਾਬੰਦੀ ਦੀ ਗੱਲ ਕਰਦਿਆਂ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਪਤੰਗ ਉਡਾਉਣ ਵਾਲਿਆ ਖਿਲਾਫ ਕੀਤੀ ਜਾਵੇ ਕਾਰਵਾਈ

ਅੰਬਾਲਾ ਦੇ ਡੀਸੀ ਡਾ.ਸ਼ਾਲੀਨ ਨੇ ਪੰਜਾਬ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਡੀਸੀ ਅਨੁਸਾਰ ਕਿਸਾਨਾਂ ਵੱਲੋਂ ਉਡਾਏ ਜਾ ਰਹੇ ਪਤੰਗਾਂ ਨੂੰ ਪਾਬੰਦੀਸ਼ੁਦਾ ਚੀਨੀ ਡੋਰ ਰਾਹੀਂ ਉਡਾਇਆ ਜਾ ਰਿਹਾ ਸੀ। ਡੀਸੀ ਨੇ ਦਾਅਵਾ ਕੀਤਾ ਕਿ ਡਰੋਨ ਨੇ ਸੰਪਰਕ ਵਿੱਚ ਆਉਣ 'ਤੇ ਪਤੰਗ ਦੀ ਡੋਰ ਨੂੰ ਕੱਟ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਡਰੋਨ ਦੀ ਸੁਰੱਖਿਅਤ ਲੈਂਡਿੰਗ ਕਰਵਾਈ। ਪਤੰਗ ਉਡਾਉਣ ਲਈ ਚੀਨੀ ਡੋਰ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ।

ਹਰਿਆਣਾ ਦੇ ਗ੍ਰਹਿ ਮੰਤਰੀ ਭੜਕੇ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਪਟਿਆਲਾ ਦੇ ਡੀਸੀ ਦੀ ਚਿੱਠੀ ਦਾ ਪਤਾ ਲੱਗਦਿਆਂ ਹੀ ਉਹ ਭੜਕ ਉੱਠੇ। ਉਨ੍ਹਾਂ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਕਿ ਕੀ ਡਰੋਨ ਨਾ ਭੇਜਣ ਦਾ ਮਤਲਬ ਇਹ ਹੈ ਕਿ ਇਹ ਭਾਰਤ-ਪਾਕਿਸਤਾਨ ਸਰਹੱਦ ਬਣ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਸਰਹੱਦ 'ਤੇ ਕਿਉਂ ਨਹੀਂ ਰੋਕਿਆ ਗਿਆ। ਜੇ ਕੋਈ ਸਾਡੀ ਪੁਲਿਸ ਨੂੰ ਮਾਰ ਕੇ ਪੰਜਾਬ ਨੂੰ ਭੱਜ ਜਾਵੇ ਤਾਂ ਕੀ ਅਸੀਂ ਉਸ ਦਾ ਪਿੱਛਾ ਕਰਕੇ ਉਸ ਨੂੰ ਫੜ ਨਹੀਂ ਸਕਦੇ? ਕੀ ਪੰਜਾਬ ਸਰਕਾਰ ਦਿੱਲੀ 'ਚ ਦਹਿਸ਼ਤ ਪਾਉਣਾ ਚਾਹੁੰਦੀ ਹੈ?

ਇਹ ਵੀ ਪੜ੍ਹੋ