ਕਾਂਗਰਸੀ ਵਿਧਾਇਕ ਖਹਿਰਾ ਅੱਜ ਕਪੂਰਥਲਾ ਅਦਾਲਤ 'ਚ ਹੋਣਗੇ ਪੇਸ਼

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕੱਲ੍ਹ ਕਪੂਰਥਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

Share:

ਕਪੂਰਥਲਾ ਦੇ ਭੁਲੱਥ ਇਲਾਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਦਰਜ ਧਾਰਾ 195-ਏ ਅਤੇ 506 ਆਈਪੀਸੀ ਤਹਿਤ ਕੇਸ ਵਿੱਚ ਅਦਾਲਤ ਨੇ ਕੱਲ੍ਹ ਦੇਰ ਸ਼ਾਮ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ। ਦੱਸਣਯੋਗ ਹੈ ਕਿ ਕਈ ਸਾਲ ਪੁਰਾਣੇ ਐਨਡੀਪੀਐਸ ਕੇਸ ਵਿੱਚ ਜੇਲ੍ਹ ਵਿੱਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕੱਲ੍ਹ ਕਪੂਰਥਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇੱਕ ਦਿਨ ਦੇ ਰਿਮਾਂਡ ਦੌਰਾਨ ਵਿਧਾਇਕ ਸੁਖਪਾਲ ਖਹਿਰਾ ਨੂੰ ਰਾਤ ਨੂੰ ਕਪੂਰਥਲਾ ਦੇ ਸੀਆਈਏ ਸਟਾਫ਼ ਵਿੱਚ ਰੱਖਿਆ ਗਿਆ।

 

ਔਰਤ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਕੇਸ

ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ 4 ਜਨਵਰੀ ਨੂੰ ਸਵੇਰੇ ਸੁਭਾਨਪੁਰ ਥਾਣੇ ਵਿੱਚ ਇੱਕ ਔਰਤ ਰਣਜੀਤ ਕੌਰ ਦੀ ਸ਼ਿਕਾਇਤ ਤੇ ਧਾਰਾ 195-ਏ ਅਤੇ 506 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਦੀ ਸੁਣਵਾਈ ਦੌਰਾਨ ਵਿਧਾਇਕ ਸੁਖਪਾਲ ਨੂੰ ਜੱਜ ਸੁਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ।

 

ਖਹਿਰਾ ਦੇ ਵਕੀਲ ਨੇ ਕੇਸ ਨੂੰ ਝੂਠਾ ਦੱਸਿਆ

ਸੁਖਪਾਲ ਖਹਿਰਾ ਦੇ ਵਕੀਲ ਸੁਖਮਨ ਸਿੰਘ ਨੇ ਪੂਰੇ ਮਾਮਲੇ ਨੂੰ ਝੂਠਾ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸ਼ੰਕਾ ਪ੍ਰਗਟਾਈ ਕਿ ਇਸ ਤੋਂ ਬਾਅਦ ਵੀ ਸਰਕਾਰ ਕੁਝ ਕਰ ਸਕਦੀ ਹੈ ਅਤੇ ਕੋਈ ਨਵੀਂ ਯੋਜਨਾ ਬਣਾ ਸਕਦੀ ਹੈ। ਸਰਕਾਰ ਚਾਹੁੰਦੀ ਹੈ ਕਿ ਉਹ ਜੇਲ੍ਹ ਤੋਂ ਬਾਹਰ ਨਾ ਆਵੇ।

ਇਹ ਵੀ ਪੜ੍ਹੋ