ਕਰਨਲ ਬਾਠ ਕੁੱਟਮਾਰ ਮਾਮਲਾ - ਛੇਤੀ ਨਤੀਜੇ 'ਤੇ ਪੁੱਜੇਗੀ SIT, ਕਈ ਅਫ਼ਸਰਾਂ ਖਿਲਾਫ ਹੋ ਸਕਦੀ ਹੈ ਵੱਡੀ ਕਾਰਵਾਈ

ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਏ.ਡੀ.ਜੀ.ਪੀ.  ਏਐਸ ਰਾਏ ਦੇ ਨਾਲ ਸਿਟ ਮੈਂਬਰ ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਮਲਿਕ, ਐਸ.ਪੀ. ਐਸ.ਏ.ਐਸ ਨਗਰ ਮਨਪ੍ਰੀਤ ਸਿੰਘ ਅਤੇ ਡੀ.ਐਸ.ਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਵੱਲੋਂ ਕਰੀਬ ਤਿੰਨ ਘੰਟੇ ਤੱਕ ਕੇਸ ਨਾਲ ਸਬੰਧਤ ਮੁਲਾਜ਼ਮਾਂ ਦੇ ਬਿਆਨ ਦਰਜ਼ ਕੀਤੇ ਗਏ।

Courtesy: file photo

Share:

ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਹੋਈ ਕੁੱਟਮਾਰ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਅੱਜ ਜਾਂਚ ਨੂੰ ਵਿਧੀਵਤ ਢੰਗ ਨਾਲ ਹੋਰ ਅੱਗੇ ਵਧਾਉਂਦਿਆਂ ਕੇਸ ਨਾਲ ਸਬੰਧਤ ਸਿਵਲ ਲਾਈਨ ਥਾਣੇ ਦੇ ਛੇ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਦੇ ਥਾਣਾ ਖੇਤਰ ’ਚ ਇਹ ਘਟਨਾ ਵਾਪਰੀ ਉਨ੍ਹਾਂ ਦੇ ਬਿਆਨ ਅੱਜ  ਸਰਕਟ ਹਾਊਸ ਪਟਿਆਲਾ ਵਿਖੇ ਕਲਮਬੱਧ ਕੀਤੇ ਗਏ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਏ.ਡੀ.ਜੀ.ਪੀ.  ਏਐਸ ਰਾਏ ਦੇ ਨਾਲ ਸਿਟ ਮੈਂਬਰ ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਮਲਿਕ, ਐਸ.ਪੀ. ਐਸ.ਏ.ਐਸ ਨਗਰ ਮਨਪ੍ਰੀਤ ਸਿੰਘ ਅਤੇ ਡੀ.ਐਸ.ਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਵੱਲੋਂ ਕਰੀਬ ਤਿੰਨ ਘੰਟੇ ਤੱਕ ਕੇਸ ਨਾਲ ਸਬੰਧਤ ਮੁਲਾਜ਼ਮਾਂ ਦੇ ਬਿਆਨ ਦਰਜ਼ ਕੀਤੇ ਗਏ।

31 ਮਾਰਚ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ 

ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਏ.ਡੀ.ਜੀ.ਪੀ.  ਏਐਸ ਰਾਏ ਨੇ ਦੱਸਿਆ ਕਿ ਸਿਟ ਵੱਲੋਂ 31 ਮਾਰਚ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਸੀ ਅਤੇ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਨੂੰ ਬੀਤੇ ਦਿਨ ਭਾਰਤ ਸਰਕਾਰ ਦੀ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਵਿਖੇ ਜਮ੍ਹਾਂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਿਟ ਦੀ ਮੀਟਿੰਗ ਦੌਰਾਨ ਇਸ ਕੇਸ ਨਾਲ ਸਬੰਧਤ ਸਿਵਲ ਲਾਈਨ ਥਾਣੇ ਦੇ ਛੇ ਪੁਲਿਸ ਮੁਲਾਜ਼ਮਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ ਤੇ ਇਸ ਨਾਲ ਹੁਣ ਸਿਟ ਕੋਲ ਬਿਆਨ ਤੇ ਦਸਤਾਵੇਜ਼ੀ ਸਬੂਤ ਹੋਣ ਨਾਲ ਜਾਂਚ ਵਿਧੀਵਤ ਢੰਗ ਨਾਲ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਿਟ ਵੱਲੋਂ ਬਹੁਤ ਜਲਦ ਕੇਸ ਨੂੰ ਨਤੀਜੇ ਤੱਕ ਪਹੁੰਚਾਇਆ ਜਾਵੇਗਾ।

30 ਆਮ ਨਾਗਰਿਕਾਂ ਨੇ ਫੋਨ ਕੀਤੇ 

ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ  ਏਐਸ ਰਾਏ ਨੇ ਕਿਹਾ ਕਿ 31 ਮਾਰਚ ਨੂੰ ਸਿਟ ਵੱਲੋਂ ਇਸ ਕੇਸ ਨਾਲ ਸਬੰਧਤ ਸੂਚਨਾ ਦੇਣ ਲਈ ਫ਼ੋਨ ਨੰਬਰ 75083 00342 ਜਾਰੀ ਕੀਤਾ ਗਿਆ ਸੀ, ਜਿਸ ’ਤੇ 30 ਦੇ ਕਰੀਬ ਕਾਲਾਂ ਆਈਆਂ ਹਨ, ਪਰ ਉਨ੍ਹਾਂ ਕਾਲਾਂ ਰਾਹੀਂ ਕਿਸੇ ਨੇ ਵੀ ਸਬੂਤ ਪੇਸ਼ ਨਹੀਂ ਕੀਤਾ ਸਗੋਂ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿਟ ਵੱਲੋਂ ਇਸ ਕੇਸ ਨਾਲ ਸਬੰਧਤ ਹੋਰਨਾਂ ਨੂੰ ਵੀ ਪੁੱਛਗਿੱਛ ਲਈ ਵੀ ਬੁਲਾਇਆ ਜਾਵੇਗਾ। ਏ.ਐਸ.ਰਾਏ ਨੇ ਦੱਸਿਆ ਕਿ ਸਿਟ ਵੱਲੋਂ ਘਟਨਾ ਦੀ ਟਾਈਮ ਲਾਈਨ ਬਣਾਈ ਗਈ ਹੈ ਤੇ ਜਿਥੇ-ਜਿਥੇ ਫਰਕ ਪਾਇਆ ਗਿਆ ਹੈ, ਉਨ੍ਹਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਏ.ਡੀ.ਜੀ.ਪੀ ਰਾਏ ਨੇ ਕਿਹਾ ਕਿ ਕਰਨਲ ਬਾਠ ਵੱਲੋਂ ਦਰਜ ਕਰਵਾਏ ਐਫਆਈਆਰ ਵਿਚਲੇ ਬਿਆਨਾਂ ਨੂੰ ਵੀ ਵਾਚਿਆ ਜਾ ਰਿਹਾ ਹੈ ਅਤੇ ਜੇਕਰ ਕਰਨਲ ਬਾਠ ਵੱਲੋਂ ਇਸ ਸਬੰਧੀ ਹੋਰ ਕੋਈ ਬਿਆਨ ਜਾਂ ਨੁਕਤਾ ਸਾਂਝਾ ਕਰਨਾ ਹੈ ਤਾਂ ਉਹ ਕਦੇ ਵੀ ਸਿਟ ਕੋਲ ਆਪਣਾ ਪੱਖ ਪੇਸ਼ ਕਰ ਸਕਦੇ ਹਨ। 

ਇਹ ਵੀ ਪੜ੍ਹੋ