CHANDIGARH: ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਹੋਇਆ ਹੰਗਾਮਾ, ਕਾਂਗਰਸ ਤੇ ਭਾਜਪਾ ਸਮਰਥਕਾਂ ਵਿਚਾਲੇ ਹੋਈ ਧੱਕਾ-ਮੁੱਕੀ

ਭਾਜਪਾ ਵਰਕਰਾਂ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਉਨ੍ਹਾਂ ਦੇ ਕੌਂਸਲਰਾਂ ਨੂੰ ਅਗਵਾ ਕਰ ਲਿਆ ਹੈ। ਇਨ੍ਹਾਂ ਦੀ ਪਹਿਰੇਦਾਰੀ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਰਾਹੀਂ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share:

ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਮੰਗਲਵਾਰ ਸ਼ਾਮ ਚੰਡੀਗੜ੍ਹ 'ਚ ਹੰਗਾਮਾ ਹੋਇਆ। ‘ਆਪ’ ਨਾਲ ਗੱਠਜੋੜ ਤੋਂ ਬਾਅਦ ਕਾਂਗਰਸੀ ਕੌਂਸਲਰ ਜਸਵੀਰ ਬੰਟੀ ਮੇਅਰ ਦੇ ਅਹੁਦੇ ਲਈ ਨਾਮਜ਼ਦਗੀ ਵਾਪਸ ਲੈਣ ਲਈ ਨਿਗਮ ਦਫ਼ਤਰ ਪੁੱਜੇ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਉਸ ਦੇ ਪਿਤਾ ਵੀ ਉੱਥੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਮੇਰੇ ਲੜਕੇ ਜਸਵੀਰ ਬੰਟੀ ਨੂੰ ਕਾਂਗਰਸ ਨੇ ਅਗਵਾ ਕਰ ਲਿਆ ਹੈ। ਉਸ ਨੂੰ ਰੋਪੜ ਦੇ ਇੱਕ ਹੋਟਲ ਵਿੱਚ ਰੱਖਿਆ ਗਿਆ ਹੈ ਅਤੇ ਉਸ ਨੂੰ ਘਰ ਨਹੀਂ ਆਉਣ ਦਿੱਤਾ ਜਾ ਰਿਹਾ। ਉਨ੍ਹਾਂ ਨਿਗਮ ਦਫ਼ਤਰ ਦੇ ਬਾਹਰੋਂ ਐਸਐਸਪੀ ਕੰਵਰਦੀਪ ਕੌਰ ਨੂੰ ਬੁਲਾਇਆ। ਜਿਸ ਤੋਂ ਬਾਅਦ ਐਸਐਸਪੀ ਪੁਲਿਸ ਫੋਰਸ ਨਾਲ ਉਥੇ ਪੁੱਜੇ।
ਹੰਗਾਮੇ ਦਾ ਪਤਾ ਲੱਗਦਿਆਂ ਹੀ ਚੰਡੀਗੜ੍ਹ ਭਾਜਪਾ ਦੇ ਵਰਕਰ ਵੀ ਉਥੇ ਪਹੁੰਚ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਦੇਖਦਿਆਂ ਪੁਲਿਸ ਨੇ ਉਨ੍ਹਾਂ ਨੂੰ ਨਗਰ ਨਿਗਮ ਦੇ ਗੇਟ ’ਤੇ ਹੀ ਰੋਕ ਲਿਆ। ਭਾਜਪਾ ਵਰਕਰਾਂ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਉਨ੍ਹਾਂ ਦੇ ਕੌਂਸਲਰਾਂ ਨੂੰ ਅਗਵਾ ਕਰ ਲਿਆ ਹੈ। ਇਨ੍ਹਾਂ ਦੀ ਪਹਿਰੇਦਾਰੀ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਰਾਹੀਂ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਬਾਹਰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਕਾਂਗਰਸੀ ਸਮਰਥਕ ਵੀ ਉਥੇ ਪਹੁੰਚ ਗਏ। ਜਿਸ ਤੋਂ ਬਾਅਦ ਦੋਹਾਂ ਹੀ ਪਾਰਟੀਆਂ ਦੇ ਵਰਕਰਾਂ ਦੀ ਆਪਸ 'ਚ ਭਿੜਤ ਹੋ ਗਈ ਅਤੇ ਦੋਹਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਵੱਖ-ਵੱਖ ਕੀਤਾ ਅਤੇ ਉਥੋਂ ਭਜਾ ਦਿੱਤਾ।

ਕੌਂਸਲਰ ਬੰਟੀ ਨੂੰ ਪੁਲਿਸ ਸੁਰੱਖਿਆ ਵਿੱਚ ਛੱਡਿਆ ਗਿਆ ਉਸ ਦੇ ਘਰ

ਹੁਣ ਪੁਲਿਸ ਨੇ ਫੈਸਲਾ ਕੀਤਾ ਕਿ ਕੌਂਸਲਰ ਬੰਟੀ ਨੂੰ ਕਾਂਗਰਸ ਨਾਲ ਰੋਪੜ ਭੇਜਣ ਦੀ ਬਜਾਏ ਉਸ ਦੇ ਘਰ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਬੰਟੀ ਨੂੰ ਪੁਲਿਸ ਸੁਰੱਖਿਆ ਹੇਠ ਉਸਦੇ ਘਰ ਛੱਡ ਦਿੱਤਾ ਗਿਆ। ਇਸੇ ਦੌਰਾਨ ਮੇਅਰ ਚੋਣ ਲਈ ਵੋਟਾਂ ਪੈਣ ਤੋਂ 2 ਦਿਨ ਪਹਿਲਾਂ ਨਿਗਮ ਸਕੱਤਰ ਗੁਰਿੰਦਰ ਸਿੰਘ ਸੋਢੀ ਮੈਡੀਕਲ ਛੁੱਟੀ ’ਤੇ ਚਲੇ ਗਏ ਹਨ। ਚੋਣ ਅਧਿਕਾਰੀ ਅਨਿਲ ਮਸੀਹ ਨੇ ਉਨ੍ਹਾਂ ਦੀ ਥਾਂ ਸੰਯੁਕਤ ਕਮਿਸ਼ਨਰ ਈਸ਼ਾ ਕੰਬੋਜ ਨੂੰ ਚਾਰਜ ਸੌਂਪਿਆ ਹੈ। ਚੋਣਾਂ ਨਾਲ ਸਬੰਧਤ ਸਾਰਾ ਕੰਮ ਸਕੱਤਰ ਦੀ ਜ਼ਿੰਮੇਵਾਰੀ ਹੈ।

ਜਸਵੀਰ ਬੰਟੀ ਨੂੰ ਨਾਮਜ਼ਦਗੀ ਵਾਪਸ ਲੈਣ ਲਈ ਕਿਹਾ ਗਿਆ

ਚੰਡੀਗੜ੍ਹ ਨਿਗਮ 'ਚ ਮੇਅਰ ਦੀ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਹੋ ਗਿਆ ਹੈ। ਜਿਸ ਤਹਿਤ ਇੱਥੇ ‘ਆਪ’ ਦਾ ਮੇਅਰ ਬਣੇਗਾ ਜਦਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਕੋਲ ਹੀ ਰਹਿਣਗੇ। ਮੇਅਰ ਦੀ ਸੀਟ 'ਆਪ' ਕੋਲ ਜਾਣ ਤੋਂ ਬਾਅਦ ਜਸਵੀਰ ਬੰਟੀ ਨੂੰ ਨਾਮਜ਼ਦਗੀ ਵਾਪਸ ਲੈਣ ਲਈ ਕਿਹਾ ਗਿਆ ਸੀ। ਉਹ ਕੱਲ੍ਹ ਸੋਮਵਾਰ ਨੂੰ ਵੀ ਆਏ ਸਨ ਪਰ ਸਬੰਧਤ ਅਧਿਕਾਰੀ ਛੁੱਟੀ ’ਤੇ ਸੀ। ਜਿਸ ਤੋਂ ਬਾਅਦ ਉਹ ਅੱਜ ਫਿਰ ਆਏ ਸਨ।

ਕਰਾਸ ਵੋਟਿੰਗ ਦੇ ਡਰੋਂ ਕੌਂਸਲਰ ਚੰਡੀਗੜ੍ਹ ਤੋਂ ਬਾਹਰ

ਚੰਡੀਗੜ੍ਹ ਨਗਰ ਨਿਗਮ ਵਿੱਚ 18 ਜਨਵਰੀ ਨੂੰ ਮੇਅਰ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਹਾਰਸ ਟਰੇਡਿੰਗ ਅਤੇ ਕੌਂਸਲਰਾਂ ਦੀ ਕਰਾਸ ਵੋਟਿੰਗ ਤੋਂ ਡਰਦੀਆਂ ਸਨ। ਇਸੇ ਕਾਰਨ ਆਮ ਆਦਮੀ ਪਾਰਟੀ ਪੰਜਾਬ ਦੇ ਰੋਪੜ ਵਿੱਚ ਆਪਣੇ ਕੌਂਸਲਰਾਂ ਨੂੰ ਲੈ ਕੇ ਗਈ। ਕਾਂਗਰਸ ਆਪਣੇ ਕੌਂਸਲਰਾਂ ਨੂੰ ਸ਼ਿਮਲਾ ਲੈ ਗਈ ਜਦਕਿ ਭਾਜਪਾ ਨੇ ਪੰਚਕੂਲਾ ਬੁਲਾਇਆ। ਹਾਲਾਂਕਿ ਕਾਂਗਰਸ ਅਤੇ 'ਆਪ' ਦੇ ਗਠਜੋੜ ਤੋਂ ਬਾਅਦ ਰੋਪੜ 'ਚ ਸਾਰੇ ਕੌਂਸਲਰਾਂ ਨੂੰ ਇਕੱਠਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ