ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੇ 2 ਹੋਰਾਂ ਖ਼ਿਲਾਫ਼ ਝੂਠੇ ਮੁਕਾਬਲੇ ਵਿੱਚ ਕੇਸ ਦਰਜ

ਫਿਲਹਾਲ ਇਸ ਮਾਮਲੇ ਦੀ ਜਾਂਚ ਐੱਸਪੀ ਹੈੱਡਕੁਆਰਟਰ ਰੋਪੜ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ 'ਤੇ ਮੁੱਖ ਦੋਸ਼ ਝੂਠੇ ਸਬੂਤ ਬਣਾਉਣ ਦਾ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਗੁਰਪ੍ਰੀਤ ਦੇਵ ਨੇ ਹਾਈ ਕੋਰਟ ਵਿੱਚ ਰਿਪੋਰਟ ਦਾਖ਼ਲ ਕੀਤੀ ਹੈ।

Share:

ਪੰਜਾਬ ਪੁਲਿਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਅਫਗਾਨਾ ਦੇ ਰਹਿਣ ਵਾਲੇ ਸੁਖਪਾਲ ਸਿੰਘ ਦੇ ਕਥਿਤ ਝੂਠੇ ਮੁਕਾਬਲੇ ਦੇ ਮਾਮਲੇ ਵਿੱਚ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਖਿਲਾਫ ਕੇਸ ਦਰਜ ਕੀਤਾ ਹੈ। ਸੂਤਰਾਂ ਦੇ ਅਨੁਸਾਰ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਹਾਈ ਕੋਰਟ ਵਿੱਚ ਦਾਇਰ ਕੀਤੇ ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਉਕਤ ਪੁਲਿਸ ਮੁਕਾਬਲਾ ਫਰਜ਼ੀ ਸੀ ਅਤੇ ਇਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।

 

SIT ਨੇ ਵੱਖ-ਵੱਖ ਧਰਾਵਾਂ ਤਹਿਤ ਕੇਸ ਕੀਤਾ ਦਰਜ

ਕਾਨੂੰਨੀ ਰਾਏ ਲੈਣ ਤੋਂ ਬਾਅਦ ਐਸਆਈਟੀ ਨੇ 22 ਅਕਤੂਬਰ ਨੂੰ ਭਗਵੰਤਪੁਰਾ ਜ਼ਿਲ੍ਹਾ ਰੋਪੜ ਵਿੱਚ ਧਾਰਾ 166, 167, 193, 195, 196, 200, 201, 203, 211, 218, 221, 420, 120ਬੀ ਆਈਪੀਸੀ ਤਹਿਤ ਨਵਾਂ ਕੇਸ ਦਰਜ ਕੀਤਾ ਸੀ। ਨਵਾਂ ਮਾਮਲਾ ਐਫਆਈਆਰ ਨੰਬਰ 76 ਤਹਿਤ ਦਰਜ ਕੀਤਾ ਗਿਆ ਹੈ ਜਿਸ ਵਿੱਚ ਹੁਣ  ਪਰਮਰਾਜ ਸਿੰਘ ਉਮਰਾਨੰਗਲ, ਤਤਕਾਲੀ ਐਸਪੀ (ਡੀ) ਰੋਪੜ ਸਮੇਤ ਦੋ ਹੋਰ ਪੁਲਿਸ ਮੁਲਾਜ਼ਮਾਂ ਜਸਪਾਲ ਸਿੰਘ, ਤਤਕਾਲੀ ਡੀਐਸਪੀ ਮੋਰਿੰਡਾ ਅਤੇ ਏਐਸਆਈ ਗੁਰਦੇਵ ਸਿੰਘ, ਤਤਕਾਲੀ ਪੁਲਿਸ ਚੌਕੀ ਲੁਥੇਰੀ (ਹੁਣ ਮ੍ਰਿਤਕ) ਖਿਲਾਫ ਦਰਜ ਕੀਤਾ ਗਿਆ ਹੈ।

 

10 ਮਾਰਚ ਨੂੰ ਐਸਆਈਟੀ ਦਾ ਕੀਤਾ ਸੀ ਗਠਨ

ਇਸ ਮਾਮਲੇ ਵਿੱਚ ਬਟਾਲਾ ਦੇ ਫਤਿਹਗੜ੍ਹ ਚੂੜੀਆਂ ਥਾਣੇ ਵਿੱਚ ਦਰਜ 15 ਮਾਰਚ 2016 ਦੀ ਐਫਆਈਆਰ ਅਤੇ ਮੋਰਿੰਡਾ ਪੁਲਿਸ ਸਟੇਸ਼ਨ ਵਿੱਚ 29 ਜੁਲਾਈ 1994 ਦੀ ਟਾਡਾ ਐਕਟ ਦੀ ਐਫਆਈਆਰ ਦੀ ਜਾਂਚ ਲਈ ਹਾਈ ਕੋਰਟ ਨੇ 10 ਮਾਰਚ ਨੂੰ ਐਸਆਈਟੀ ਦਾ ਗਠਨ ਕੀਤਾ ਸੀ। ਐਸਆਈਟੀ ਮੁਖੀ ਨੇ ਆਪਣੇ ਵਿਸਤ੍ਰਿਤ ਹਲਫ਼ਨਾਮੇ ਵਿੱਚ ਇਹ ਵੀ ਕਿਹਾ ਕਿ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਅਤੇ ਟਾਡਾ ਐਕਟ ਤਹਿਤ 29 ਜੁਲਾਈ 1994 ਨੂੰ ਦਰਜ ਕੇਸ ਦੀ ਐਫਆਈਆਰ ਨੰਬਰ 63 ਦੀ ਜਾਂਚ ਦੌਰਾਨ ਐਸਆਈਟੀ ਦੇ ਸਾਹਮਣੇ ਕੁਝ ਤੱਥ ਸਾਹਮਣੇ ਆਏ ਸਨ। ਐਨਕਾਊਂਟਰ ਵਿੱਚ ਸ਼ਾਮਲ ਅਧਿਕਾਰੀਆਂ ਵੱਲੋਂ ਝੂਠ ਦੇ ਆਧਾਰ ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਲਈ ਉਕਤ ਐਫਆਈਆਰ ਨੂੰ ਰੱਦ ਕਰਨ ਦੀ ਅਰਜ਼ੀ 2 ਦਸੰਬਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਰੋਪੜ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ

Tags :