ਸਰਕਾਰੀ ਪੈਸੇ ਦਬਾਉਣ ਵਾਲੇ ਅੰਮ੍ਰਿਤਸਰ ਦੇ 3 ਕਿਸਾਨਾਂ ਖਿਲਾਫ ਕੇਸ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਦੇ ਪ੍ਰੋਜੈਕਟ ਤਹਿਤ ਜ਼ਮੀਨ ਐਕੁਆਇਰ ਕਰਦੇ ਸਮੇਂ ਸਰਕਾਰ ਨੇ ਗਲਤੀ ਨਾਲ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਵਾਧੂ ਪੈਸੇ ਟਰਾਂਸਫਰ ਕਰ ਦਿੱਤੇ ਸਨ।

Share:

ਅੰਮ੍ਰਿਤਸਰ ਪੁਲਿਸ ਨੇ 3 ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਦੇ ਪ੍ਰੋਜੈਕਟ ਤਹਿਤ ਜ਼ਮੀਨ ਐਕੁਆਇਰ ਕਰਦੇ ਸਮੇਂ ਸਰਕਾਰ ਨੇ ਗਲਤੀ ਨਾਲ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਵਾਧੂ ਪੈਸੇ ਟਰਾਂਸਫਰ ਕਰ ਦਿੱਤੇ ਸਨ ਜੋ ਇਹ ਕਿਸਾਨ ਬਾਰ-ਬਾਰ ਕਹਿਣ ਤੇ ਵੀ ਵਾਪਸ ਨਹੀਂ ਕਰ ਰਹੇ। ਜਿਸ ਦੇ ਚਲਦੇ ਐੱਸਡੀਐੱਮ-2 ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਕਿਸਾਨਾਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਤਿੰਨੋਂ ਸਕੇ ਭਰਾ


ਕਿਸਾਨਾਂ ਦੀ ਪਛਾਣ ਸਰਬਜੀਤ ਸਿੰਘ, ਗੁਰਜੀਤ ਸਿੰਘ ਅਤੇ ਮਨੋਹਰ ਵਾਸੀ ਮੁਰਾਦਪੁਰਾ ਵਜੋਂ ਹੋਈ ਹੈ। ਇਹ ਤਿੰਨੋਂ ਸਕੇ ਭਰਾ ਹਨ। ਐੱਸਡੀਐੱਮ 2 ਨੇ ਹਾਲ ਹੀ ਵਿੱਚ ਕੀਤੀ ਜਾਂਚ ਤੋਂ ਬਾਅਦ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ, ਜਦਕਿ ਦੂਜੇ ਪਾਸੇ ਕਿਸਾਨ ਹਾਲ ਹੀ ਵਿੱਚ ਮਾਨਵਾਲਾ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਇਸੇ ਪ੍ਰਾਜੈਕਟ ਤਹਿਤ ਪੈਸੇ ਦੀ ਗਲਤ ਟਰਾਂਸਫਰ ਦੀ ਜਾਂਚ ਦੀ ਮੰਗ ਕਰ ਗਏ ਸਨ। ਐੱਸਡੀਐੱਮ 2 ਨੇ ਪੁਲਿਸ ਨੂੰ ਦੱਸਿਆ ਕਿ ਦਿੱਲੀ ਅੰਮ੍ਰਿਤਸਰ ਜੰਮੂ-ਕਟੜਾ ਐਕਸਪ੍ਰੈਸ ਵੇਅ ਅਧੀਨ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਇਨ੍ਹਾਂ ਕਿਸਾਨਾਂ ਨੂੰ ਵੰਡ ਦਿੱਤਾ ਗਿਆ ਸੀ। 

 

ਨੋਟਿਸ ਮਿਲਣ ਦੇ ਬਾਵਜੂਦ ਪੈਸੇ ਵਾਪਸ ਨਹੀਂ ਕੀਤੇ

ਬਾਅਦ ਵਿੱਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਤਿੰਨਾਂ ਕਿਸਾਨਾਂ ਦੇ ਖਾਤਿਆਂ ਵਿੱਚ 15.19 ਲੱਖ ਰੁਪਏ ਪ੍ਰਤੀ ਵਿਅਕਤੀ ਵਾਧੂ ਟਰਾਂਸਫਰ ਕੀਤੇ ਗਏ ਹਨ। ਇਨ੍ਹਾਂ ਕਿਸਾਨਾਂ ਨੂੰ ਦਫ਼ਤਰ ਵੱਲੋਂ ਵਾਰ-ਵਾਰ ਪੈਸੇ ਵਾਪਸ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਪਰ ਨੋਟਿਸ ਮਿਲਣ ਦੇ ਬਾਵਜੂਦ ਤਿੰਨਾਂ ਨੇ ਪੈਸੇ ਵਾਪਸ ਨਹੀਂ ਕੀਤੇ। ਜਿਸ ਤੋਂ ਬਾਅਦ ਤਿੰਨਾਂ ਕਿਸਾਨਾਂ ਖਿਲਾਫ ਧਾਰਾ 420 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ

Tags :