ਜ਼ਿਮਨੀ ਚੋਣ - ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਨੂੰ ਆਪ ਨੇ ਮੈਦਾਨ 'ਚ ਉਤਾਰਿਆ 

ਇਸ ਸੀਟ ਉਪਰ ਛੇਤੀ ਹੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ।

Courtesy: file photo

Share:

ਲੁਧਿਆਣਾ ਦੀ ਹਲਕਾ ਪੱਛਮੀ ਦੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਰਾਜਸਭਾ ਮੈਂਬਰ ਸੰਜੀਵ ਅਰੋੜਾ ਦਾ ਨਾਮ ਐਲਾਨ ਦਿੱਤਾ ਗਿਆ ਹੈ। ਪਹਿਲਾਂ ਹੀ ਇਹ ਚਰਚਾ ਹੋ ਰਹੀ ਸੀ ਕਿ ਸੰਜੀਵ ਅਰੋੜਾ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਜੀਵ ਅਰੋੜਾ ਆਪਣੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣਗੇ। ਉਹਨਾਂ ਦੀ ਥਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਾਂ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦਿਆ ਪੰਜਾਬ ਤੋਂ ਰਾਜ ਸਭਾ ਮੈਂਬਰ ਬਣ ਕੇ ਜਾ ਸਕਦੇ ਹਨ। ਦੂਜੇ ਪਾਸੇ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਉਣ ਮਗਰੋਂ ਪਾਰਟੀ ਲੀਡਰਾਂ ਦੀਆਂ ਪ੍ਰਤਿਕ੍ਰਿਆਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ।

ਗੋਗੀ ਦੀ ਪਤਨੀ ਨੂੰ ਕੀਤਾ ਜਾਵੇਗਾ ਐਡਜਸਟ 

ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੇ ਪਤਨੀ ਵੱਲੋਂ ਵੀ ਇਸ ਸੀਟ ਉੱਤੇ ਦਾਅਵੇਦਾਰੀ ਕੀਤੀ ਜਾ ਰਹੀ ਸੀ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਦੀਆਂ ਚਰਚਾਵਾਂ ਵੀ ਸੁਣਨ ਨੂੰ ਮਿਲ ਰਹੀਆਂ ਸਨ। ਪ੍ਰੰਤੂ ਅਜਿਹਾ ਨਹੀਂ ਹੋ ਸਕਿਆ। ਸੂਤਰਾਂ ਦੀ ਮੰਨੀਏ ਤਾਂ ਇਹ ਵੀ ਖ਼ਬਰ ਹੈ ਕਿ ਜੇਕਰ ਦਿੱਲੀ 'ਚ ਆਪ ਦੀ ਸਰਕਾਰ ਬਣ ਜਾਂਦੀ ਤਾਂ ਸ਼ਾਇਦ ਸਮੀਕਰਨ ਹੋਰ ਹੁੰਦੇ ਅਤੇ ਇਸ ਸੀਟ ਤੋਂ ਮਰਹੂਮ ਵਿਧਾਇਕ ਗੋਗੀ ਦੀ ਪਤਨੀ ਨੂੰ ਵੀ ਉਮੀਦਵਾਰ ਬਣਾ ਦਿੱਤਾ ਜਾਂਦਾ। ਲੁਧਿਆਣਾ ਤੋਂ ਆਪ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਏ ਜਾਣ ਉੱਤੇ ਕਿਹਾ ਕਿ ਪਾਰਟੀ ਦਾ ਫ਼ੈਸਲਾ ਸਭ ਨੂੰ ਮਨਜ਼ੂਰ ਹੈ। ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੇ ਪਤਨੀ ਵੀ ਇੱਕ ਕਾਬਲ ਔਰਤ ਹਨ। ਉਨ੍ਹਾਂ ਨੂੰ ਵੀ ਕਿਤੇ ਹੋਰ ਐਡਜਸਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਪਾਰਟੀ ਨੇ ਕਈ ਸਮੀਕਰਨ ਦੇਖ ਕੇ ਹੀ ਆਪਣਾ ਉਮੀਦਵਾਰ ਐਲਾਨਿਆ ਹੈ। ਸੰਜੀਵ ਅਰੋੜਾ ਇੱਕ ਮਜਬੂਤ ਦਾਅਵੇਦਾਰ ਹਨ।

10 ਜੁਲਾਈ ਤੋਂ ਪਹਿਲਾਂ ਹੋਵੇਗੀ ਚੋਣ 

ਦੱਸ ਦੇਈਏ ਕਿ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਇਸ ਸਾਲ 10 ਜਨਵਰੀ ਦੀ ਰਾਤ ਘਰ ਵਿਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਅਕਾਲ ਚਲਾਣੇ ਕਰਕੇ ਲੁਧਿਆਣਾ ਪੱਛਮੀ ਹਲਕੇ ਦੀ ਸੀਟ ਖ਼ਾਲੀ ਹੋ ਗਈ ਸੀ। ਇਸ ਸੀਟ ਉਪਰ ਛੇਤੀ ਹੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ। ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਨ ਸਭਾ ਦੀ 6 ਮਹੀਨਿਆਂ 'ਚ 10 ਜੁਲਾਈ ਤੋਂ ਪਹਿਲਾਂ ਮੁੜ ਚੋਣ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ।

ਇਹ ਵੀ ਪੜ੍ਹੋ