ਆਪ MLA ਗਿਆਸਪੁਰਾ ਦਾ ਇਲਜ਼ਾਮ - 1984 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾ ਰਹੀ ਭਾਜਪਾ ਸਰਕਾਰ

ਗਿਆਸਪੁਰਾ ਨੇ ਹਰਿਆਣਾ ਅੰਦਰ ਭਾਜਪਾ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ। ਦੋਸ਼ੀ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਗਏ। ਉਹਨਾਂ ਕਿਹਾ ਕਿ ਹੌਂਦ ਚਿੱਲੜ ਵਿਖੇ 32 ਸਿੱਖ ਮਾਰੇ ਗਏ ਸਨ, ਇਸਤੋਂ ਇਲਾਵਾ ਗੁੜਗਾਉਂ ਵਿੱਚ 30 ਸਿੱਖ ਮਾਰੇ ਗਏ ਸਨ।

Courtesy: file photo

Share:

ਨਵੰਬਰ 1984 ਦੇ ਸਿੱਖ ਦੰਗਿਆਂ ਬਾਰੇ ਪੰਜਾਬ ਦੇ ਪਾਇਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਚੰਡੀਗੜ੍ਹ ਵਿਖੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ 1984 ਦੇ ਸਿੱਖ ਦੰਗਿਆਂ ਦੌਰਾਨ ਰੇਵਾੜੀ ਜ਼ਿਲ੍ਹੇ ਦੇ ਪਿੰਡ ਹੌਦ ਚਿੱਲੜ ਵਿੱਚ ਹੋਈ ਹਿੰਸਾ ਵਿੱਚ ਮਾਰੇ ਗਏ ਲੋਕਾਂ ਦੇ ਕੇਸਾਂ ਦੀ ਸੁਣਵਾਈ ਵੀ ਸਹੀ ਢੰਗ ਨਾਲ ਨਹੀਂ ਹੋਈ।

ਹਾਈ ਕੋਰਟ ਤੋਂ ਤਰੀਕਾਂ ਹੀ ਮਿਲ ਰਹੀਆਂ ਹਨ

ਆਪ ਵਿਧਾਇਕ ਗਿਆਸਪੁਰਾ ਨੇ ਹਰਿਆਣਾ ਅੰਦਰ ਭਾਜਪਾ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ। ਦੋਸ਼ੀ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਗਏ। ਉਹਨਾਂ ਕਿਹਾ ਕਿ ਹੌਂਦ ਚਿੱਲੜ ਵਿਖੇ 32 ਸਿੱਖ ਮਾਰੇ ਗਏ ਸਨ, ਇਸਤੋਂ ਇਲਾਵਾ ਗੁੜਗਾਉਂ ਵਿੱਚ 30 ਸਿੱਖ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਹਾਈਕੋਰਟ ਦਾ ਰੁਖ਼ ਵੀ ਕਰ ਚੁੱਕੇ ਹਨ ਪਰ ਹੁਣ ਤਕ ਉਨ੍ਹਾਂ ਨੂੰ ਸਿਰਫ਼ ਸੁਣਵਾਈ ਦੀਆਂ ਤਰੀਕਾਂ ਹੀ ਮਿਲ ਰਹੀਆਂ ਹਨ ਤੇ ਕੋਈ ਕਾਰਵਾਈ ਨਹੀਂ ਹੋਈ।

ਭਾਜਪਾ ਸਰਕਾਰ ਦੋਸ਼ੀਆਂ ਦਾ ਬਚਾਅ ਕਰ ਰਹੀ 

ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਇੱਕ ਪਾਸੇ ਸੱਜਣ ਕੁਮਾਰ ਦੇ ਮਾਮਲੇ ਵਿਚ ਭਾਜਪਾ ਖੁਦ ਦੀ ਪਿੱਠ ਥਪਥਪਾ ਰਹੀ ਹੈ, ਜਦਕਿ ਦੂਜੇ ਪਾਸੇ ਹਰਿਆਣਾ ਅੰਦਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਜਿਸ ਕਾਰਨ ਪੰਜਾਬ ਹਰਿਆਣਾ ਹਾਈਕੋਰਟ ਤੱਕ ਪਹੁੰਚ ਕਰਨੀ ਪਈ ਪਰ ਸਾਨੂੰ ਪਿਛਲੇ 8 ਸਾਲਾਂ ਤੋਂ ਸਿਰਫ ਤਰੀਕਾਂ ਹੀ ਮਿਲ ਰਹੀਆਂ ਹਨ। ਹਰਿਆਣਾ ਦੀ ਭਾਜਪਾ ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਭਾਜਪਾ ਸਰਕਾਰ ਤੋਂ ਪੁੱਛਦੇ ਹਾਂ ਕਿ ਹਰਿਆਣਾ ਵਿੱਚ ਮਾਰੇ ਗਏ 79 ਸਿੱਖਾਂ ਨੂੰ ਇਨਸਾਫ਼ ਕਦੋਂ ਮਿਲੇਗਾ। 

ਆਮ ਕੇਸ ਵਾਂਗ ਦੇਖ ਰਹੀ ਹਾਈ ਕੋਰਟ 

ਵਿਧਾਇਕ ਗਿਆਸਪੁਰਾ ਨੇ ਦੋਸ਼ ਲਾਇਆ ਕਿ ਹਾਈ ਕੋਰਟ ਇਸ ਮਾਮਲੇ ਨੂੰ ਆਮ ਕੇਸ ਵਾਂਗ ਦੇਖ ਰਹੀ ਹੈ। ਜਸਟਿਸ ਟੀਪੀ ਕਮਿਸ਼ਨ ਨੇ 4 ਅਫ਼ਸਰਾਂ ਵਿਰੁੱਧ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਸੀ। ਪੁਲਿਸ ਥਾਣਾ ਘਟਨਾ ਵਾਲੀ ਥਾਂ ਤੋਂ 3 ਕਿਲੋਮੀਟਰ ਦੀ ਦੂਰੀ ’ਤੇ ਸੀ ਪਰ ਪੁਲਿਸ 24 ਘੰਟੇ ਬਾਅਦ ਪਹੁੰਚੀ। ਐਸਪੀ ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸਆਈ ਰਾਮ ਕਿਸ਼ੋਰ ਅਤੇ ਰਾਮ ਕੁਮਾਰ ਵਿਰੁਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਸੀ। ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਸਿਰਫ ਤੇ ਸਿਰਫ ਹਰਿਆਣਾ ਅੰਦਰ ਰਾਜਨੀਤੀ ਹੋ ਰਹੀ ਹੈ। ਸਿੱਖਾਂ ਦੀ ਨਸਲਕੁਸ਼ੀ ਨੂੰ ਲੈਕੇ ਸਰਕਾਰ ਗੰਭੀਰ ਨਹੀਂ ਹੈ।

ਇਹ ਵੀ ਪੜ੍ਹੋ