ਬਿਕਰਮ ਮਜੀਠੀਆ ਲਾਉਣਗੇ ਪੰਜਾਬ ਸਰਕਾਰ ਖਿਲਾਫ ਪੱਕਾ ਧਰਨਾ, ਜਾਣੋ ਵਜ੍ਹਾ 

ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਮਜੀਠੀਆ ਸਮੇਂ ਸਮੇਂ ਸਿਰ ਸੂਬਾ ਸਰਕਾਰ 'ਤੇ ਗੰਭੀਰ ਦੋਸ਼ ਲਾਉਂਦੇ ਆ ਰਹੇ ਹਨ। ਇਸੇ ਸਿਲਸਿਲੇ ਦੌਰਾਨ ਮਜੀਠੀਆ ਨੇ ਹੁਣ ਇੱਕ ਗੰਭੀਰ ਮਸਲੇ ਨੂੰ ਲੈ ਕੇ ਨਵਾਂ ਐਲਾਨ ਕਰ ਦਿੱਤਾ। 

Share:

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਦੇ  ਪਿੰਡ ਰੱਖ ਭੰਗਵਾ ਵਿਖੇ ਸਕੂਲ ਅਧਿਆਪਕ ਵੱਲੋਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ 'ਚ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਪੁੱਜੇ। ਉਹਨਾਂ ਦੇ ਨਾਲ ਪਤਨੀ ਤੇ ਹਲਕਾ ਵਿਧਾਇਕ ਗਨੀਵ ਕੌਰ ਮਜੀਠੀਆ ਵੀ ਸਨ। ਮਜੀਠੀਆ ਨੇ ਮੁਲਜ਼ਮ ਅਧਿਆਪਕ ਨੂੰ 24 ਘੰਟਿਆਂ ਅੰਦਰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਅਜਿਹਾ ਨਾ ਹੋਣ 'ਤੇ ਥਾਣਾ ਮਜੀਠਾ ਵਿਖੇ ਪੱਕਾ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ ਗਈ। ਦੱਸ ਦਈਏ ਕਿ  ਬੀਤੇ ਦਿਨੀਂ  ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਰੱਖ ਭੰਗਵਾ ਦੇ ਅਧਿਆਪਕ ਰਾਕੇਸ਼ ਕੁਮਾਰ ਵੱਲੋਂ ਸਕੂਲ ਦੀਆਂ ਤਿੰਨ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਸਨ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਅਧਿਆਪਕ ਵਲੋਂ ਇਹ ਹਰਕਤਾਂ ਦਸੰਬਰ ਮਹੀਨੇ ਤੋਂ ਲਗਾਤਾਰ ਜਾਰੀ ਸਨ। ਦਸੰਬਰ ਦੀਆਂ ਛੁੱਟੀਆਂ ਤੋਂ ਬਾਅਦ ਬੱਚੀਆਂ ਨੇ ਸਕੂਲ ਜਾਣ ਤੋਂ ਇਨਕਾਰ ਕੀਤਾ ਤਾਂ ਪਰਿਵਾਰਕ ਮੈਂਬਰਾਂ ਵਲੋਂ ਸਖਤੀ ਨਾਲ ਪੁੱਛਣ ’ਤੇ ਬੱਚੀਆਂ ਨੇ ਸਾਰੀ ਗੱਲ ਦੱਸੀ। ਇਸ 'ਤੇ ਬੱਚੀਆਂ ਦੇ ਮਾਪਿਆਂ ਨੇ ਸਕੂਲ ਜਾ ਕੇ ਮੁੱਖ ਅਧਿਆਪਕ ਨਾਲ ਗੱਲ ਕੀਤੀ ਪਰ ਉਨ੍ਹਾਂ ਨੇ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ। ਉਲਟਾ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਮੁਲਜ਼ਮ ਅਧਿਆਪਕ ਨਾਲ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਇਆ ਸੀ। 

ਸਰਕਾਰ ਤੇ ਸਿੱਖਿਆ ਵਿਭਾਗ ਉਪਰ ਸਵਾਲ 

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 20 ਦਸੰਬਰ ਤੋਂ ਅਧਿਆਪਕ ਵੱਲੋਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਸਕੂਲ ਦੇ ਬਾਕੀ ਅਧਿਆਪਕਾਂ ਨੂੰ ਵੀ ਪਤਾ ਸੀ ਪਰ ਉਨ੍ਹਾਂ ਨੇ ਇੰਨੇ ਦਿਨ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਮਜੀਠੀਆ ਨੇ ਕਿਹਾ ਕਿ  3 ਜਨਵਰੀ ਦਾ ਮੁਕੱਦਮਾ ਦਰਜ ਹੋਇਆ ਹੈ ਪਰ ਦੋਸ਼ੀ ਹਾਲੇ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ। ਮਜੀਠੀਆ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ ਬੋਲਦਿਆਂ ਕਿਹਾ ਕਿ 3 ਜਨਵਰੀ ਦਾ ਮੁਕੱਦਮਾ ਦਰਜ ਹੋਣ ਤੋਂ ਹੁਣ ਤੱਕ ਨਾ ਤਾਂ ਸਿੱਖਿਆ ਮੰਤਰੀ ਅਤੇ ਨਾ ਹੀ ਸਿੱਖਿਆ ਵਿਭਾਗ ਦਾ ਕੋਈ ਉਚ ਅਧਿਕਾਰੀ ਬੱਚੀਆਂ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕਰਨ ਤੱਕ ਨਹੀਂ ਆਇਆ। ਪ੍ਰੰਤੂ ਅਕਾਲੀ ਦਲ ਤੇ ਉਹ ਨਿੱਜੀ ਤੌਰ 'ਤੇ ਮਾਮਲੇ ਵਿਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਪਰਿਵਾਰਕ ਮੈਬਰਾਂ ਨਾਲ ਖੜ੍ਹੇ ਹਨ। ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਅਗਰ 24 ਘੰਟੇ ਵਿਚ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਥਾਣਾ ਮਜੀਠਾ ਵਿਖੇ ਪੱਕਾ ਧਰਨਾ ਲਗਾਉਣਗੇ।

ਇਹ ਵੀ ਪੜ੍ਹੋ