ਲੁਧਿਆਣਾ 'ਚ ਐਨਕਾਉਂਟਰ, 2 ਗੈਂਗਸਟਰ ਢੇਰ, ASI ਜਖ਼ਮੀ

ਮਾਮਲਾ - ਲੁਧਿਆਣਾ ਦੇ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਨ ਦਾ ਹੈ। ਜਿਸ ਸਬੰਧੀ ਪੁਲਿਸ ਗੈਂਗਸਟਰਾਂ ਦੀ ਭਾਲ ਕਰ ਰਹੀ ਸੀ। ਭੱਜਣ ਦੀ ਕੋਸ਼ਿਸ਼ 'ਚ ਗੈਂਗਸਟਰਾਂ ਨੇ ਪਹਿਲਾਂ ਫਾਇਰਿੰਗ ਕੀਤੀ।

Share:

ਪੰਜਾਬ ਦੇ ਲੁਧਿਆਣਾ 'ਚ ਬੁੱਧਵਾਰ ਦੀ ਸ਼ਾਮ ਨੂੰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ 2 ਗੈਂਗਸਟਰ ਮਾਰੇ ਗਏ। ਇੱਕ ਏਐਸਆਈ ਜਖ਼ਮੀ ਹੋਇਆ।  ਮੁਕਾਬਲਾ ਸਾਹਨੇਵਾਲ ਦੇ ਟਿੱਬਾ ਪੁਲ ਨੇੜੇ ਸ਼ਾਮ 5.50 ਵਜੇ ਹੋਇਆ। ਇਸ ਵਿੱਚ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਉਰਫ਼ ਸੰਜੂ ਬ੍ਰਾਹਮਣ ਅਤੇ ਸ਼ੁਭਮ ਗੋਪੀ ਵਜੋਂ ਹੋਈ। ਇਹਨਾਂ ਦੇ 5 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲੁਧਿਆਣਾ ਦੇ ਕਾਰੋਬਾਰੀ ਸੰਭਵ ਜੈਨ ਦੇ ਅਗਵਾ ਮਾਮਲੇ 'ਚ ਪੁਲਿਸ ਨੇ ਰੇਡ ਕੀਤੀ ਸੀ ਤਾਂ ਗੈਂਗਸਟਰਾਂ ਨੇ ਭੱਜਣ ਦੀ ਕੋਸ਼ਿਸ਼ 'ਚ ਗੋਲੀਆਂ ਚਲਾਈਆਂ। ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਲੁਧਿਆਣਾ ਦੇ ਕਮਿਸ਼ਨਰ ਕੁਲਦੀਪ ਚਹਿਲ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਜਖ਼ਮੀ ਏਐਸਆਈ ਦਾ ਡੀਐਮਸੀ ਪਹੁੰਚ ਕੇ ਹਾਲ ਵੀ ਜਾਣਿਆ। 

ਕਾਰੋਬਾਰੀ ਨੂੰ ਮਾਰੀ ਸੀ ਗੋਲੀ 

 

17 ਨਵੰਬਰ ਨੂੰ ਰਾਤ ਕਰੀਬ 8.30 ਵਜੇ ਕੱਪੜਾ ਕਾਰੋਬਾਰੀ ਸੰਭਵ ਜੈਨ ਆਪਣੀ ਕਾਰ ਵਿੱਚ ਫੈਕਟਰੀ ਤੋਂ ਨੂਰਵਾਲਾ ਲੱਡੂ ਕਲੋਨੀ ਸਥਿਤ ਆਪਣੇ ਘਰ ਜਾ ਰਹੇ ਸੀ।  ਫੈਕਟਰੀ ਤੋਂ ਕਰੀਬ 700 ਮੀਟਰ ਦੂਰ ਬਾਈਕ ਸਵਾਰ ਵਿਅਕਤੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਇਸ ਟੱਕਰ ਤੋਂ ਬਾਅਦ ਕਾਰ 'ਚ ਸਵਾਰ ਨੌਜਵਾਨ ਕਾਰ ਦੇ ਅੱਗੇ ਡਿੱਗ ਗਿਆ ਸੀ ਅਤੇ ਜ਼ਖਮੀ ਹੋਣ ਦਾ ਡਰਾਮਾ ਕੀਤਾ ਸੀ। ਜਿਵੇਂ ਹੀ ਸੰਭਵ ਜੈਨ ਉਸ ਦੀ ਮਦਦ ਲਈ ਕਾਰ ਵਿੱਚੋਂ ਬਾਹਰ ਨਿਕਲਿਆ ਤਾਂ ਸੜਕ ਕਿਨਾਰੇ ਝਾੜੀਆਂ ਵਿੱਚ ਲੁਕੇ 4-5 ਬਦਮਾਸ਼ਾਂ ਨੇ ਉਸਨੂੰ ਘੇਰ ਲਿਆ ਸੀ।  ਸੰਭਵ ਜੈਨ ਨੂੰ ਉਸਦੀ ਹੀ ਕਾਰ ਵਿੱਚ ਅਗਵਾ ਕਰ ਲਿਆ ਗਿਆ ਸੀ। ਸੰਭਵ ਜੈਨ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸਦੇ ਪੱਟ ਵਿੱਚ ਗੋਲੀ ਮਾਰ ਦਿੱਤੀ ਸੀ।

ਇਨਕਮ ਟੈਕਸ ਦੇ ਛਾਪੇ ਦੀ ਧਮਕੀ 

ਅਗਵਾ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਸੰਭਵ ਜੈਨ ਨੂੰ ਬੰਦੂਕ ਦੀ ਨੋਕ 'ਤੇ ਆਪਣੀ ਪਤਨੀ ਸੌਮਿਆ ਨੂੰ ਪੋਨ ਕਰਾਇਆ ਸੀ।  ਉਨ੍ਹਾਂ ਦੇ ਘਰ 'ਤੇ ਇਨਕਮ ਟੈਕਸ  ਛਾਪਾ ਪੈਣ ਦੀ ਗੱਲ ਅਖਵਾ ਕੇ ਘਰ ਅੰਦਰ ਪਿਆ ਪੈਸਾ ਤੇ ਸੋਨਾ ਬੈਗ ਚ ਮੰਗਵਾ ਲਿਆ ਸੀ।  ਜਦੋਂ ਸੌਮਿਆ ਨੇ ਕਾਰੋਬਾਰੀ ਤਰੁਣ ਜੈਨ ਬਾਵਾ ਨੂੰ ਸਾਰੀ ਗੱਲ ਦੱਸੀ ਤਾਂ ਤਰੁਣ ਨੂੰ ਮਾਮਲਾ ਸ਼ੱਕੀ ਲੱਗਾ ਸੀ। ਉਹਨਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ। ਜਿਸ ਮਗਰੋਂ ਬਦਮਾਸ਼ ਕਾਰੋਬਾਰੀ ਨੂੰ ਸੁੱਟ ਕੇ ਫਰਾਰ ਹੋ ਗਏ ਸੀ ਤੇ ਕਾਰ ਲੁੱਟ ਕੇ ਲੈ ਗਏ ਸੀ। ਇਸ ਘਟਨਾ ਮਗਰੋਂ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਕਾਨੂੰਨ ਵਿਵਸਥਾ ਉਪਰ ਸਵਾਲ ਚੁੱਕੇ ਸੀ। 

 

 

 

 

 

ਇਹ ਵੀ ਪੜ੍ਹੋ