Lok Sabha Elections 2024: ਕਾਂਗਰਸ ਨੂੰ ਪੰਜਾਬ ਵਿੱਚ ਵੱਡਾ ਝਟਕਾ, ਲੁਧਿਆਣਾ ਤੋਂ MP ਰਵਨੀਤ ਬਿੱਟੂ ਨੇ ਫੜਿਆ 'ਕਮਲ'

Lok Sabha Elections 2024: ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤੇ ਰਵਨੀਤ ਬਿੱਟੂ ਲੁਧਿਆਣਾ ਸੰਸਦੀ ਸੀਟ ਤੋਂ ਲਗਾਤਾਰ ਦੋ ਵਾਰ ਤੋਂ ਸਾਂਸਦ ਹਨ। ਉਹ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ। ਮੰਨਿਆ ਜਾ ਰਿਹਾ ਹੈ ਕਿ ਉਹ ਭਾਜਪਾ ਦੀ ਟਿਕਟ ਤੇ ਹੁਣ ਲੁਧਿਆਣਾ ਸੀਟ ਤੋ ਉਮੀਦਵਾਰ ਹੋ ਸਕਦੇ ਹਨ। 

Share:

Lok Sabha Elections 2024: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਲੁਧਿਆਣਾ ਸੰਸਦੀ ਸੀਟ ਤੋਂ ਲਗਾਤਾਰ ਦੋ ਵਾਰ ਤੋਂ ਸਾਂਸਦ ਹਨ। ਉਹ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ। ਦਸ ਦੇਈਏ ਕਿ ਬਿੱਟੂ ਨੇ ਇਸ ਵਾਰ ਕਾਂਗਰਸ ਪਾਰਟੀ ਤੋਂ ਚੋਣ ਲੜਣ ਲਈ ਫਾਰਮ ਵੀ ਨਹੀਂ ਭਰਿਆ ਸੀ।

ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਇਸ ਵਾਰ ਪੰਜਾਬ ਵਿੱਚ ਕਿਸੇ ਹੋਰ ਲੋਕ ਸਭਾ ਸੀਟ ਤੋਂ ਚੋਣ ਲੜਾਈ ਜਾ ਸਕਦੀ ਹੈ। ਪਰ ਬਿੱਟੂ ਲੁਧਿਆਣਾ ਤੋਂ ਹੀ ਚੋਣ ਲੜਨਾ ਚਾਹੁੰਦੇ ਸਨ, ਜਿਸ ਕਰਕੇ ਸ਼ਾਇਦ ਉਹ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਉਹ ਭਾਜਪਾ ਦੀ ਟਿਕਟ ਤੇ ਹੁਣ ਲੁਧਿਆਣਾ ਸੀਟ ਤੋ ਉਮੀਦਵਾਰ ਹੋ ਸਕਦੇ ਹਨ। 

ਪਿਛਲੇ ਕੁਝ ਦਿਨਾਂ ਤੋਂ ਹੋਏ ਸਨ ਸਰਗਰਮ

ਸਾਂਸਦ ਰਵਨੀਤ ਸਿੰਘ ਬਿੱਟੂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਲੁਧਿਆਣਾ ਦੀ ਰਾਜਨੀਤੀ ਵਿੱਚ ਸਰਗਰਮ ਸਨ। ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਉਨ੍ਹਾਂ ਨੇ ਪਿਛਲੇ ਦਿਨੀਂ ਨਿਗਮ ਦਫਤਰ ਜੋਨ ਏ ਵਿੱਚ ਕਾਂਗਰਸੀ ਵਰਕਰਾਂ ਨਾਲ ਮਿਲ ਕੇ ਵੱਡਾ ਧਰਨਾ ਦਿੱਤਾ ਸੀ। ਜਿਥੇ ਉਨ੍ਹਾਂ ਨੇ ਨਿਗਮ ਦਫਤਰ ਨੂੰ ਤਾਲਾ ਵੀ ਲਗਾ ਦਿੱਤਾ ਸੀ। ਇਸ ਮਾਮਲੇ ਵਿੱਚ ਉਹ ਕਾਫੀ ਵਿਵਾਦ ਵਿੱਚ ਆ ਗਏ ਸਨ। ਨਿਗਮ ਮੁਲਾਜ਼ਮ ਦੀ ਸ਼ਿਕਾਇਤ ਤੇ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਸਣੇ 50 ਤੋਂ ਵੱਧ ਕਾਂਗਰਸੀ ਵਰਕਰਾਂ ਖਿਲਾਫ ਕੇਸ ਵੀ ਦਰਜ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਗ੍ਰਿਫ਼ਤਾਰੀ ਵੀ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਵੀ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਵੀ ਵਿਵਾਦ ਹੋ ਗਿਆ ਸੀ।

10 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਰਿਹਾ ਮੇਰਾ ਡੂੰਘਾ ਰਿਸ਼ਤਾ

ਭਾਜਪਾ 'ਚ ਸ਼ਾਮਲ ਹੋਣ ਦੇ ਕਾਰਨਾਂ ਬਾਰੇ ਦੱਸਦੇ ਹੋਏ ਬਿੱਟੂ ਨੇ ਕਿਹਾ, ''ਪਿਛਲੇ 10 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਮੇਰਾ ਡੂੰਘਾ ਰਿਸ਼ਤਾ ਰਿਹਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਜੀ, ਜੇਪੀ ਨੱਡਾ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ। ਮੈਂ ਸਿਰਫ ਇੱਕ ਗੱਲ ਕਹਾਂਗਾ ਕਿ ਮੈਂ ਇੱਕ ਸ਼ਹੀਦ ਪਰਿਵਾਰ ਵਿੱਚੋਂ ਹਾਂ। ਮੇਰੇ ਦਾਦਾ ਬੇਅੰਤ ਸਿੰਘ ਮੁੱਖ ਮੰਤਰੀ ਸਨ। ਪੰਜਾਬ ਨੇ ਹਨੇਰੇ ਦਾ ਸਮਾਂ ਦੇਖਿਆ ਹੈ ਅਤੇ ਇਹ ਵੀ ਦੇਖਿਆ ਹੈ ਕਿ ਇਸ ਨੂੰ ਕਿਵੇਂ ਠੀਕ ਕਰਨਾ ਹੈ। ਪੀਐਮ ਮੋਦੀ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਬਾਕੀ ਰਾਜ ਕਿੱਧਰ ਨੂੰ ਜਾਣ ਪਰ ਪੰਜਾਬ ਵਿੱਚ ਇੱਕ ਪਾੜਾ ਰਹਿ ਗਿਆ ਹੈ ਜਿੱਥੇ ਇੱਕ ਪੁਲ ਬਣਾਉਣ ਦੀ ਲੋੜ ਹੈ। ,

ਪੰਜਾਬ ਦੇ ਲੋਕਾਂ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਜੋੜਾਂਗੇ

ਬਿੱਟੂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਉਦਯੋਗਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਲੋਕ ਜਾਣਦੇ ਹਨ ਕਿ ਸਰਕਾਰ 10 ਸਾਲ ਸੱਤਾ 'ਚ ਰਹੀ ਹੈ ਅਤੇ ਬਣੀ ਰਹੇਗੀ ਤਾਂ ਅਸੀਂ ਪਿੱਛੇ ਕਿਉਂ ਰਹਿਏ। ਸਾਡਾ ਪੰਜਾਬ ਕਿਉਂ ਪਿੱਛੇ ਰਹਿ ਜਾਵੇ? ਪਰ ਇੱਕ ਸਮਾਂ ਸੀ ਜਦੋਂ ਅਕਾਲੀ ਦਲ ਨੇ ਅਜਿਹਾ ਬਿੱਲ ਲਿਆਂਦਾ ਕਿ ਜਨਤਾ ਗੁੰਮਰਾਹ ਹੋ ਗਈ ਅਤੇ ਹੁਣ ਇਸ ਤੋਂ ਪਿੱਛੇ ਹਟ ਗਈ। ਅਸੀਂ ਪੰਜਾਬ ਦੇ ਲੋਕਾਂ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਜੋੜਾਂਗੇ।

ਰਵਨੀਤ ਬਿੱਟੂ ਦਾ ਸਿਆਸੀ ਕਰਿਅਰ

ਰਵਨੀਤ ਬਿੱਟੂ ਯੂਥ ਕਾਂਗਰਸ ਦੇ ਵਿੱਚ ਵੀ ਸਰਗਰਮ ਆਗੂ ਰਹੇ ਹਨ। 10 ਸਤੰਬਰ 1975 ਨੂੰ ਜਨਮੇ ਰਵਨੀਤ ਬਿੱਟੂ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਹਨ। ਬਿੱਟੂ ਦੇ ਪਿਤਾ ਸਵਰਨਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਹਨ, ਉਹਨਾਂ ਦਾ ਜਨਮ ਥਾਂ ਪਿੰਡ ਕੋਟਲੀ ਜ਼ਿਲ੍ਹਾ ਲੁਧਿਆਣਾ ਹੈ। 23 ਦਸੰਬਰ ਸਾਲ 2008 ਦੇ ਵਿੱਚ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੀ ਯੂਥ ਕਾਂਗਰਸ ਮੁਹਿੰਮ ਨੂੰ ਅੱਗੇ ਪਹੁੰਚਾਇਆ ਸੀ। ਬਿੱਟੂ ਅਨੰਦਪੁਰ ਸਾਹਿਬ ਤੋਂ ਸਾਲ 2009 ਤੋਂ ਲੈ ਕੇ 2014 ਤੱਕ ਮੈਂਬਰ ਪਾਰਲੀਮੈਂਟ ਰਹੇ। 2014 ਦੇ ਵਿੱਚ ਰਵਨੀਤ ਬਿੱਟੂ ਲੁਧਿਆਣਾ ਕਾਂਗਰਸ ਦੀ ਟਿਕਟ ਤੋਂ ਸਾਂਸਦ ਦੀ ਚੋਣ ਲੜੇ ਅਤੇ ਜਿੱਤ ਹਾਸਿਲ ਕੀਤੀ। ਰਵਨੀਤ ਬਿੱਟੂ ਨੂੰ ਗਾਂਧੀ ਪਰਿਵਾਰ ਦੇ ਬੇਹਦ ਨੇੜੇ ਦੱਸਿਆ ਜਾਂਦਾ ਹੈ। 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਰਵਨੀਤ ਬਿੱਟੂ ਨੇ ਚੰਦੂ ਮਾਜਰਾ ਨੂੰ ਹਰਾ ਕੇ ਸੀਟ ਤੇ ਕਬਜ਼ਾ ਕੀਤਾ ਸੀ। 2014 ਵਿੱਚ ਲੁਧਿਆਣਾ ਤੋਂ ਅਕਾਲੀ ਦੱਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੂੰ ਹਰਾਇਆ ਅਤੇ ਫਿਰ ਸਵਾਲ 2019 ਦੇ ਵਿੱਚ ਸਿਮਰਨਜੀਤ ਸਿੰਘ ਬੈਂਸ ਅਤੇ ਮਹੇਸ਼ਇੰਦਰ ਗਰੇਵਾਲ ਨੂੰ ਮਾਤ ਦੇ ਕੇ ਲੋਕ ਸਭਾ ਪਹੁੰਚੇ ਰਵਨੀਤ ਬਿੱਟੂ। ਸਾਲ 2019 ਦੇ ਵਿੱਚ ਵੀ ਰਵਨੀਤ ਬਿੱਟੂ ਲੁਧਿਆਣਾ ਤੋਂ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣੇ।

ਇਹ ਵੀ ਪੜ੍ਹੋ