ਦੇਵ ਦੀਵਾਲੀ ਤੇ ਖੰਨਾ 'ਚ ਹੋਇਆ ਵੱਡਾ ਹਾਦਸਾ, ਛੱਪੜ ਵਿੱਚ ਕਾਰ ਪਲਟਨ ਨਾਲ ਨੌਜਵਾਨ ਦੀ ਮੌਤ

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਸਦਰ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Share:

ਅੱਜ ਦੇਵ ਦੀਵਾਲੀ ਦਾ ਪਵਿਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਕੱਲ ਨੂੰ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਨੂੰ ਲੈ ਕੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰ ਖੰਨਾ ਵਿੱਚ ਸ਼ਨੀਵਾਰ ਦੇਰ ਰਾਤ ਨੂੰ ਹੋਈ ਮੰਦਭਾਗੀ ਘਟਨਾ ਤੋਂ ਬਾਅਦ ਗਮ ਦਾ ਮਾਹੌਲ ਬਣ ਗਿਆ ਹੈ। ਅਸਲ ਵਿੱਚ ਤਿੰਨ ਦੋਸਤ ਵਿਆਹ ਤੋ ਪਰਤ ਰਹੇ ਸਨ ਤਾਂ ਉਹਨਾਂ ਦੀ ਕਾਰ ਛੱਪੜ ਵਿੱਚ ਜਾ ਡਿੱਗੀ। ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਜਦਕਿ ਦੋ ਨੌਜਵਾਨਾਂ ਨੂੰ ਬਚਾ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਤਰਨਦੀਪ ਸਿੰਘ (33) ਵਾਸੀ ਪਿੰਡ ਰਾਜੇਵਾਲ ਵਜੋਂ ਹੋਈ ਹੈ। ਤਰਨਦੀਪ ਸਿੰਘ ਖੇਤੀ ਦਾ ਕੰਮ ਕਰਦਾ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਸਦਰ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਲੋਕਾਂ ਨੇ ਟ੍ਰੈਕਟਰ-ਟਰਾਲੀ ਅਤੇ ਰੱਸੀਆਂ ਦੀ ਮਦਦ ਨਾਲ ਕਾਰ ਕੱਢੀ ਬਾਹਰ

ਜਾਣਕਾਰੀ ਮੁਤਾਬਕ ਤਰਨਦੀਪ ਆਪਣੇ ਦੋਸਤਾਂ ਗੁਰਪ੍ਰੀਤ ਅਤੇ ਨਿਸ਼ਾਂਤ ਨਾਲ ਇਕ ਵਿਆਹ ਸਮਾਗਮ 'ਚ ਗਿਆ ਹੋਇਆ ਸੀ। ਤਿੰਨੋਂ ਸ਼ਨੀਵਾਰ ਰਾਤ ਨੂੰ ਕਾਰ ਵਿੱਚ ਵਾਪਸ ਆ ਰਹੇ ਸਨ। ਪਿੰਡ ਨਰਾਇਣਗੜ੍ਹ ਕੋਲ ਕਾਰ ਬੇਕਾਬੂ ਹੋ ਗਈ। ਕਾਰ ਪਹਿਲਾਂ ਇੱਕ ਖੰਭੇ ਨਾਲ ਟਕਰਾ ਗਈ ਅਤੇ ਫਿਰ ਖਾਈ ਵਿੱਚ ਜਾ ਡਿੱਗੀ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਟ੍ਰੈਕਟਰ-ਟਰਾਲੀ ਅਤੇ ਰੱਸੀਆਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਘਟਨਾ ਦੇ 15 ਮਿੰਟਾਂ ਵਿੱਚ ਹੀ ਗੁਰਪ੍ਰੀਤ ਅਤੇ ਨਿਸ਼ਾਂਤ ਨੂੰ ਬਾਹਰ ਕੱਢ ਲਿਆ ਗਿਆ। ਜਿਸ ਕਾਰਨ ਦੋਵਾਂ ਦੀ ਜਾਨ ਬਚ ਗਈ। ਜਦੋਂ ਤੱਕ ਤਰਨਦੀਪ ਨੂੰ ਬਚਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਉਸਦੇ ਪਰਿਵਾਰ ਵਿੱਚ ਮਾਤਾ-ਪਿਤਾ, ਪਤਨੀ ਅਤੇ ਲਗਭਗ 7 ਸਾਲ ਦੀ ਇੱਕ ਧੀ ਸ਼ਾਮਲ ਹੈ। ਤਰਨਦੀਪ ਇਸ ਦੁਨੀਆ ਨੂੰ ਸਦਾ ਲਈ ਛੱਡ ਗਿਆ। ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। 

ਇਹ ਵੀ ਪੜ੍ਹੋ