ਆਪ-ਕਾਂਗਰਸ ਗਠਜੋੜ ਦੀ ਚਰਚਾ ਵਿਚਾਲੇ ਭਗਵੰਤ ਮਾਨ ਦਾ ਵੱਡਾ ਬਿਆਨ, ਲੋਕ ਸਭਾ ਚੋਣਾਂ ਨੂੰ ਲੈ ਕੇ ਦਾਅਵਾ ਠੋਕਿਆ 

ਪਹਿਲਾਂ ਹੀ ਗਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਅੰਦਰ ਕਾਟੋ-ਕਲੇਸ਼ ਦਿਖਾਈ ਦੇ ਰਿਹਾ ਹੈ। ਹੁਣ ਸੀਐਮ ਮਾਨ ਨੇ ਨਵਾਂ ਬਿਆਨ ਦੇ ਕੇ ਹੋਰ ਚਰਚਾ ਛੇੜ ਦਿੱਤੀ ਹੈ। ਜਿਸਦੇ ਕਈ ਮਾਇਨੇ ਕੱਢੇ ਜਾ ਰਹੇ ਹਨ। 

Share:

ਹਾਈਲਾਈਟਸ

  • ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਨੂੰ ਲੈ ਕੇ ਚਰਚਾ ਸਿਖਰਾਂ 'ਤੇ ਹੈ।
  • ਲੋਕ ਸਭਾ ਚੋਣਾਂ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ।

ਪੰਜਾਬ ਨਿਊਜ਼। ਇੱਕ ਪਾਸੇ ਦੇਸ਼ ਭਰ ਅੰਦਰ ਭਾਜਪਾ ਦੇ ਖਿਲਾਫ ਇੰਡੀਆ ਗਠਜੋੜ ਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਨੂੰ ਲੈ ਕੇ ਚਰਚਾ ਸਿਖਰਾਂ 'ਤੇ ਹੈ। ਦੂਜੇ ਪਾਸੇ ਇਸ ਸਿਆਸੀ ਮਾਹੌਲ ਦੌਰਾਨ ਹੁਣ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਵੱਡਾ ਬਿਆਨ ਜਾਰੀ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ। ਇਹ ਦਾਅਵਾ ਸੰਗਰੂਰ ਦੇ ਧੂਰੀ ਹਲਕੇ ਅੰਦਰ ਕੀਤਾ ਗਿਆ। ਮਾਨ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਰਾਜ ਦੀਆਂ ਸਾਰੀਆਂ ਸੀਟਾਂ ’ਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ। ਜਨਤਾ ਨੇ ਅਗਲੀਆਂ ਆਮ ਚੋਣਾਂ ਵਿਚ ਰਾਜ ਦੀਆਂ ਸਾਰੀਆਂ 13 ਸੀਟਾਂ ਜਿਤਾਉਣ ਦਾ ਮਨ ਬਣਾ ਲਿਆ ਹੈ। ਲੋਕ ਸਭਾ ਚੋਣਾਂ 13-0 ਦੇ ਸਕੋਰ ਨਾਲ ਜਿੱਤਣਗੇ, ਜਦਕਿ ਹੋਰਨਾਂ ਪਾਰਟੀਆਂ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ।

29 ਕਰੋੜ ਦੀ ਗ੍ਰਾਂਟ ਜਾਰੀ 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਰਵਾਰ ਨੂੰ ਪਿੰਡ ਕਾਂਝਲਾ ’ਚ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਸੰਗਰੂਰ ਜ਼ਿਲ੍ਹੇ ਵਿਚ 4.62 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ 14 ਨਵੀਆਂ ਦਿਹਾਤੀ ਆਧੁਨਿਕ ਲਾਇਬ੍ਰੇਰੀਆਂ ਨੌਜਵਾਨਾਂ ਨੂੰ ਸਮਰਪਿਤ ਕੀਤੀਆਂ।  ਸ਼ਾਮ ਨੂੰ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ’ਚ 92 ਲੱਖ ਦੀ ਲਾਗਤ ਨਾਲ ਬਣੇ ਹਾਕੀ ਐਸਟ੍ਰੋਟਰਫ ਮੈਦਾਨ ਤੇ 14 ਲੱਖ ਦੀ ਲਾਗਤ ਨਾਲ ਬਣਿਆ ਵੇਟ ਲਿਫਟਿੰਗ ਸੈਂਟਰ ਦਾ ਉਦਘਾਟਨ ਕੀਤਾ।

 ਹਲਕੇ ਦੇ ਲੋਕਾਂ ਤੋਂ ਮੰਗੀ ਮੁਆਫ਼ੀ 

26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਦੌਰਾਨ ਦਿੱਲੀ ਵਿਚ ਪੰਜਾਬ ਦੀਆਂ ਝਾਕੀਆਂ ਨੂੰ ਰੱਦ ਕੀਤੇ ਜਾਣ ’ਤੇ ਮਾਨ ਨੇ ਕਿਹਾ ਕਿ ਇਹੀ ਝਾਕੀਆਂ ਹੁਣ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਪਿੰਡਾਂ ਵਿਚ ਕੱਢੀਆਂ ਜਾਣਗੀਆਂ ਤੇ ਪੰਜਾਬ ਦੀ ਕਿਸੇ ਵੀ  ਰੂਪ ਵਿਚ ਇੱਜ਼ਤ ਘੱਟ ਨਹੀਂ ਹੋਣ ਦਿਆਂਗੇ। ਉਨ੍ਹਾਂ ਆਪਣੇ ਹਲਕੇ ਧੂਰੀ ਦੇ ਲੋਕਾਂ ਤੋਂ ਮਾਫੀ ਮੰਗੀ ਕਿ ਬੇਸ਼ੱਕ ਉਹ ਆਪਣੇ ਹਲਕੇ ਦੇ ਹਰ ਪਿੰਡ ਵਿਚ ਆਉਣ ਤੋਂ ਲੇਟ ਹੋ ਜਾਣ ਪਰ ਉਨ੍ਹਾਂ ਦੀ ਪਤਨੀ ਜ਼ਰੂਰ ਹਾਜ਼ਰੀ ਲਗਾਏਗੀ। ਉਨ੍ਹਾਂ ਕਿਹਾ ਕਿ ਹਲਕਾ ਧੂਰੀ ਦੇ ਹਰ ਪਿੰਡ ਦੇ ਵਿਕਾਸ ਲਈ ਅੱਜ 29 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ ਜਿਸ ਨਾਲ ਹਰ ਪਿੰਡ ਦੀ ਅਹਿਮ ਜ਼ਰੂਰਤ ਨੂੰ ਪੂਰਾ ਕੀਤਾ ਜਾਵੇਗਾ। 

ਇਹ ਵੀ ਪੜ੍ਹੋ