ਭਗਵੰਤ ਮਾਨ ਦੀ ਆਪ ਵਿਧਾਇਕਾਂ ਨੂੰ ਵੱਡੀ ਨਸੀਹਤ

ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਕੀਤੀ ਚਾਹ ਪਾਰਟੀ। 28 ਨਵੰਬਰ ਤੋਂ ਸ਼ੁਰੂ ਹੋਣ ਵਾਲਾ ਹੈ ਸਰਦ ਰੁੱਤ ਇਜਲਾਸ।

Share:

28 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਵਿਧਾਇਕਾਂ ਨੂੰ ਵੱਡੀ ਨਸੀਹਤ ਦਿੱਤੀ। ਇਸਦੇ ਲਈ ਮੁੱਖ ਮੰਤਰੀ ਵੱਲੋਂ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਬੁਲਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕ ਸਦਨ ’ਚ ਆਪਣੀ ਸਰਕਾਰ ਤੇ ਮੰਤਰੀਆਂ ਨੂੰ ਸਵਾਲ ਪੁੱਛ ਕੇ ਘੇਰਨ ਦੀ ਕੋਸ਼ਿਸ਼ ਨਾ ਕਰਨ। ਅਜਿਹੇ ਸਵਾਲ ਨਾ ਪੁੱਛਣ ਜਿਸ ਨਾਲ ਉਨ੍ਹਾਂ ਦੀ ਆਪਣੀ ਸਰਕਾਰ ਦੇ ਮੰਤਰੀ ਮੁਸੀਬਤ ’ਚ ਪੈ ਸਕਦੇ ਹੋਣ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ’ਚ ਨਹੀਂ ਹਨ। ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਗੱਲ ਕਰ ਕੇ ਮਸਲਾ ਹੱਲ ਕਰਵਾਉਣ। ਉਨ੍ਹਾਂ ਦੇ ਮੁਸ਼ਕਲ ਸਵਾਲਾਂ ਤੇ ਮੰਤਰੀਆਂ ਨੂੰ ਘੇਰਨ ਕਾਰਨ ਵਿਰੋਧੀਆਂ ਨੂੰ ਗੱਲ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਇਕਜੁੱਟਤਾ ਦਿਖਾਈ ਦੇਣੀ ਚਾਹੀਦੀ ਹੈ।

ਸਾਰੇ ਵਿਧਾਇਕ ਆਪ ਟੀਮ ਦੇ ਮੈਂਬਰ

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਵਿਧਾਇਕ ‘ਆਪ’ ਟੀਮ ਦੇ ਮੈਂਬਰ ਹਨ। ਸਾਰੇ ਇੱਕ ਹੀ ਵਰਦੀ ’ਚ ਖੇਡ ਰਹੇ ਹਨ। ਜੇਕਰ ਕੁੱਝ ਮੰਤਰੀ ਬਣ ਗਏ ਹਨ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਿਰਫ਼ 11 ਲੋਕ ਹੀ ਖੇਡਣਗੇ। ਸਾਰਿਆਂ ਕੋਲ ਇੱਕੋ ਜਿਹੀ ਸ਼ਕਤੀ ਹੈ। ਪ੍ਰਦਰਸ਼ਨ ਦੇ ਆਧਾਰ ’ਤੇ ਟੀਮ ਬਦਲੀ ਜਾ ਸਕਦੀ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਾਫ-ਸੁਥਰੇ ਅਕਸ ਕਾਰਨ ਹੀ ਸੱਤਾ ’ਚ ਆਈ ਹੈ ਤੇ ਇਹੀ ਸਾਡੀ ਤਾਕਤ ਹੈ। ਉਨ੍ਹਾਂ ਵਿਧਾਇਕਾਂ ਨੂੰ ਆਪਣੇ ਆਲੇ ਦੁਆਲੇ ’ਤੇ ਨਜ਼ਰ ਰੱਖਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਨਾ ਚਾਹੁੰਦੇ ਹੋਏ ਵੀ ਤੁਹਾਡੇ ਨਜ਼ਦੀਕੀ ਕੁਝ ਅਜਿਹਾ ਕਰ ਸਕਦੇ ਹਨ ਜਿਸ ਨਾਲ ਨਾ ਸਿਰਫ਼ ਤੁਹਾਡਾ ਅਕਸ ਖ਼ਰਾਬ ਹੋਵੇਗਾ ਸਗੋਂ ਸਰਕਾਰ ਲਈ ਵੀ ਮੁਸੀਬਤ ਬਣ ਜਾਵੇਗੀ।

ਵਿਧਾਇਕਾਂ ਕੋਲ ਖੁਦ ਗਏ ਸੀਐਮ 

ਚਾਹ ਪਾਰਟੀ ਦੌਰਾਨ ਮੁੱਖ ਮੰਤਰੀ ਵਾਰੀ-ਵਾਰੀ ਸਾਰੇ ਵਿਧਾਇਕਾਂ ਦੀ ਸੀਟ ਕੋਲ ਗਏ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।  ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ਦੀ ਮੰਗ ਰੱਖੀ ਤਾਂ ਅੱਗਿਓ ਮੁੱਖ ਮੰਤਰੀ ਨੇ ਕਿਹਾ ਕਿ ਪੈਸੇ ਦੀ ਕੋਈ ਘਾਟ ਨਹੀਂ, ਤੁਸੀਂ ਪ੍ਰਾਜੈਕਟ ਰਿਪੋਰਟਾਂ ਬਣਾ ਕੇ ਲਿਆਓ। ਇਸ ਦੌਰਾਨ ਮਾਸਟਰ ਸਲੀਮ ਨੇ ਗੀਤ ਗਾ ਕੇ ਸਮਾਂ ਵੀ ਬੰਨ੍ਹਿਆ। 

ਇਹ ਵੀ ਪੜ੍ਹੋ