ਲੋਕ ਸਭਾ ਚੋਣਾਂ ਚ ਪੰਜਾਬ ਵਿੱਚ 13-0 ਨਾਲ ਜਿਤਾਂਗੇ: ਭਗਵੰਤ ਮਾਨ 

ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 1854 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨਾਲ ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਕੇਜਰੀਵਾਲ ਤੇ ਮਾਨ ਨੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਕੀਤਾ। 

Share:

ਗੁਰਦਾਸਪੁਰ ਤੋਂ ਕਮਲ ਦਾ ਫੁੱਲ ਚੁੱਕ ਕੇ ਆਪ ਦਾ ਝੰਡਾ ਲਗਾਓ। ਸਾਡੀ ਰਿਪੋਰਟ ਹੈ ਪੰਜਾਬ ਵਿੱਚ 13-0 ਨਾਲ ਹੋਣ ਜਾ ਰਿਹਾ ਹੈ। ਇੰਨਾ ਹੀ ਨਹੀਂ ਚੰਡੀਗੜ੍ਹ ਵਿੱਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੋਣ ਜਾ ਰਹੀ ਹੈ। ਇਹ ਦਾਅਵਾ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਵਿੱਚ ਕ੍ਰਾਂਤੀ ਰੈਲੀ ਨੂੰ ਸੰਬੋਧਿਤ ਕਰਦਿਆਂ ਕੀਤਾ। ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 1854 ਕਰੋੜ ਰੁਪਏ ਦੇ ਪ੍ਰੋਜੈਕਟਾਂ ਤੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਇੰਪਰੂਵਮੈਂਟ ਟਰੱਸਟ ਗਰਾਊਂਡ ਵਿੱਚ ਪੰਡਾਲ ਵਿੱਚ ਪੁੱਜੇ ਅਤੇ ਗੁਰਦਾਸਪੁਰ ਅਤੇ ਆਸ-ਪਾਸ ਦੇ ਖੇਤਰਾਂ ਲਈ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਵੀ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਤੁਸੀਂ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਜਿਤਾਇਆ। ਸੋਚਿਆ ਕਿ ਉਹ ਵੱਡਾ ਆਦਮੀ ਹੈ ਅਤੇ ਗੁਰਦਾਸਪੁਰ ਲਈ ਕੰਮ ਕਰੇਗਾ, ਪਰ ਉਹ ਵੀ ਦਿਖਾਈ ਨਹੀਂ ਦਿੱਤਾ। ਇਸ ਲਈ ਆਮ ਆਦਮੀ ਨੂੰ ਵੋਟ ਦਿਓ ਨਾ ਕਿ ਵੱਡੇ ਆਦਮੀ ਨੂੰ। ‘ਆਪ’ ਸਰਕਾਰ ਵੱਲੋਂ ਡੇਢ ਸਾਲ ਵਿੱਚ ਕੀਤੇ ਕੰਮਾਂ ਬਾਰੇ ਸੋਚ ਕੇ ਹੀ ਵੋਟ ਪਾਉਣੀ ਚਾਹੀਦੀ ਹੈ।

31 ਨਵੇਂ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, ਮੁਫ਼ਤ ਹੋਵੇਗਾ ਇਲਾਜ਼

ਮਾਨ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ 31 ਨਵੇਂ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਜੇਕਰ ਤੁਸੀਂ ਉੱਥੇ ਜਾਂਦੇ ਹੋ ਤਾਂ ਸਾਰਾ ਇਲਾਜ ਮੁਫ਼ਤ ਹੋਵੇਗਾ। ਪਹਿਲਾਂ ਪੈਸੇ ਚੋਰੀ ਹੋ ਜਾਂਦੇ ਸਨ, ਪਰ ਹੁਣ ਇਕ-ਇਕ ਪੈਸਾ ਤੁਹਾਡੇ ਕੋਲੋਂ ਫੜਿਆ ਜਾ ਰਿਹਾ ਹੈ। ਪ੍ਰਾਈਵੇਟ ਸੈਕਟਰ ਵਿੱਚ 3-3.5 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਹੁਣ ਵੱਡੀਆਂ ਕੰਪਨੀਆਂ ਆ ਰਹੀਆਂ ਹਨ, ਕਿਉਂਕਿ ਕੰਪਨੀਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਇੱਕ ਇਮਾਨਦਾਰ ਸਰਕਾਰ ਸੱਤਾ ਵਿੱਚ ਆਈ ਹੈ। ਇਸ ਦੌਰਾਨ ਦੋਵਾਂ ਮੁੱਖ ਮੰਤਰੀਆਂ ਨੇ ਸਰਹੱਦੀ ਜ਼ਿਲ੍ਹਿਆਂ ਲਈ ਨਵੇਂ ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ। ਦੋਵਾਂ ਮੁੱਖ ਮੰਤਰੀ ਨੇ ਲੋਕਾਂ ਨੂੰ 402 ਕਰੋੜ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵਿਖੇ ਕੋ-ਜਨਰੇਸ਼ਨ ਪਲਾਂਟ ਨਾਲ ਨਵੀਂ ਖੰਡ ਮਿੱਲ ਅਤੇ 296 ਕਰੋੜ ਰੁਪਏ ਦੀ ਲਾਗਤ ਨਾਲ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਕੋ-ਜਨਰੇਸ਼ਨ ਨਾਲ ਨਵੀਂ ਖੰਡ ਮਿੱਲ ਦਾ ਤੋਹਫਾ ਦਿੱਤਾ। ਇਹ ਮਾਣਮੱਤੇ ਪ੍ਰਾਜੈਕਟ ਜਨਵਰੀ, 2024 ਨੂੰ ਕਾਰਜਸ਼ੀਲ ਹੋਣਗੇ ਜੋ ਗੰਨਾ ਉਤਪਾਦਕਾਂ ਲਈ ਵਰਦਾਨ ਸਾਬਤ ਹੋਣਗੇ। ਉਨ੍ਹਾਂ ਨੇ ਵਡਾਲਾ ਗ੍ਰੰਥੀਆਂ ਵਿਖੇ 360.83 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 400 ਕੇ.ਵੀ. ਪਾਵਰ ਪ੍ਰਾਜੈਕਟ ਅਤੇ ਪੀਐੱਸਪੀਸੀਐੱਲ ਦੀ ਆਰਡੀਐੱਸਐਸ ਸਕੀਮ ਤਹਿਤ ਗੁਰਦਾਸਪੁਰ ਵਿਖੇ 129.54 ਕਰੋੜ ਰੁਪਏ ਅਤੇ ਪਠਾਨਕੋਟ ਵਿਖੇ 93.24 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ।  

ਕੇਂਦਰ 'ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਲਾਇਆ ਦੋਸ਼ 

ਸੀਐਮ ਮਾਨ ਨੇ ਇਕ ਵਾਰ ਫਿਰ ਕੇਂਦਰ 'ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਪਠਾਨਕੋਟ ਅਤੇ ਦੀਨਾਨਗਰ ਦੇ ਹਮਲਿਆਂ ਦਾ ਜ਼ਿਕਰ ਕੀਤਾ। ਕੇਂਦਰ ਤੋਂ ਪੈਰਾ ਮਿਲਟਰੀ ਬਲ ਪੰਜਾਬ ਵਿੱਚ ਆ ਗਏ। ਸੀਐਮ ਨੇ ਕਿਹਾ ਕਿ ਉਸ ਸਮੇਂ ਪੰਜਾਬ ਨੂੰ 7.5 ਕਰੋੜ ਰੁਪਏ ਦਾ ਬਿੱਲ ਭੇਜਿਆ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਹਰ ਤੀਜੇ ਪਰਿਵਾਰ ਦਾ ਇੱਕ ਪੁੱਤਰ ਫੌਜ ਵਿੱਚ ਹੈ ਅਤੇ ਉਸ ਨੂੰ ਫੌਜ ਵਿੱਚ ਭੇਜਣ ਲਈ ਉਨ੍ਹਾਂ ਤੋਂ ਪੈਸੇ ਲਏ ਜਾ ਰਹੇ ਹਨ। ਉਸ ਸਮੇਂ ਅਸੀਂ ਰਾਜਨਾਥ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਹ ਪੈਸਾ ਆਪਣੇ ਲੀਡ ਫੰਡ ਵਿੱਚੋਂ ਕੱਟਣ ਦੀ ਬੇਨਤੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਕੇਂਦਰ ਦਾ ਰਾਹ ਹੈ ਤਾਂ ਕੌਮੀ ਗੀਤ ਵਿੱਚੋਂ ਪੰਜਾਬ ਦਾ ਨਾਂ ਹਟਾ ਦੇਣਾ ਚਾਹੀਦਾ ਹੈ।

22 ਕਰੋੜ ਦੀ ਲਾਗਤ ਨਾਲ ਐਗਰੀਕਲਚਰ ਕਾਲਜ ਦਾ ਰੱਖਿਆ ਨੀਂਹ ਪੱਥਰ

ਦੋਵਾਂ ਮੁੱਖ ਮੰਤਰੀਆਂ ਨੇ ਗੁਰਦਾਸਪੁਰ ਦੇ ਵਸਨੀਕਾਂ ਨੂੰ 220 ਕੇਵੀ ਨਵਾਂ ਪਿੰਡ (66 ਕੇਵੀ ਐੱਸਐੱਸ ਦੇ ਅਹਾਤੇ ਵਿੱਚ ਨਵਾਂ ਗਰਿੱਡ), 220 ਕੇਵੀ ਗੁਰਦਾਸਪੁਰ ਸਮੇਤ ਐੱਸਏਐੱਸ ਅਤੇ ਨਵੀਂ 66 ਕੇ.ਵੀ. ਲਾਈਨਾਂ ਅਤੇ 66 ਕੇਵੀ ਲਾਈਨਾਂ (ਗੁਰਦਾਸਪੁਰ ਅਤੇ ਪਠਾਨਕੋਟ) ਦੇ ਵਿਸਥਾਰ ਦੀ ਵੀ ਸ਼ੁਰੂਆਤ ਕੀਤੀ ਜਿਸ ਦੀ ਲਾਗਤ ਕ੍ਰਮਵਾਰ 39.74 ਕਰੋੜ ਰੁਪਏ, 33.44 ਕਰੋੜ ਰੁਪਏ ਅਤੇ 30 ਕਰੋੜ ਰੁਪਏ ਹੈ। ਉਨ੍ਹਾਂ ਨੇ ਸੁਜਾਨਪੁਰ ਦੇ ਵਸਨੀਕਾਂ ਨੂੰ 28.55 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਹਪੁਰ ਕੰਢੀ ਹਾਈਡਲ ਪ੍ਰੋਜੈਕਟ ਦੇ ਨਿਕਾਸੀ ਸਿਸਟਮ ਵੀ ਤੋਹਫੇ ਵਜੋਂ ਦਿੱਤਾ। ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਲਾਨੌਰ ਵਿਖੇ 22 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਐਗਰੀਕਲਚਰ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ। 100 ਏਕੜ ਤੋਂ ਵੱਧ ਰਕਬੇ ਵਿੱਚ ਬਣਨ ਵਾਲਾ ਇਹ ਕਾਲਜ ਕਲਾਨੌਰ ਲਈ ਵਰਦਾਨ ਸਾਬਤ ਹੋਵੇਗਾ ਅਤੇ ਖੇਤੀਬਾੜੀ ਵਿਕਾਸ ਲਈ ਇੱਕ ਵਿਸ਼ੇਸ਼ ਖੋਜ ਕੇਂਦਰ ਵਜੋਂ ਉਭਰੇਗਾ।

ਕਿਸਾਨ ਆਗੂ ਨੇ ਆਪਣੀ ਪੱਗ ਲਾਹ ਕੇ ਕੀਤਾ ਵਿਰੋਧ 

ਰੈਲੀ ਦੌਰਾਨ ਜਿਉਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਮੂਹਰਲੀ ਕਤਾਰ ਵਿੱਚ ਬੈਠੇ ਸਰਬਜੀਤ ਸਿੰਘ ਨਾਂ ਦੇ ਕਿਸਾਨ ਆਗੂ ਨੇ ਆਪਣੀ ਪੱਗ ਲਾਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਸਭ ਦਾ ਧਿਆਨ ਕਿਸਾਨ ਆਗੂ ਵੱਲ ਹੋ ਗਿਆ, ਜਿਸ ਨੂੰ ਸੁਰੱਖਿਆ ਕਰਮੀਆਂ ਨੇ ਕੁਝ ਹੀ ਮਿੰਟਾਂ ਵਿੱਚ ਪੰਡਾਲ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਜਦੋਂ ਕੇਜਰੀਵਾਲ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਸੈਂਕੜੇ ਲੋਕ ਇਕੱਠੇ ਹੋ ਕੇ ਪੰਡਾਲ ਦੇ ਬਾਹਰ ਵੱਲ ਚਲੇ ਗਏ। ਜਿਸ ਤੋਂ ਬਾਅਦ ਇਕ ਵਾਰ ਫਿਰ ਸਾਰੇ ਖੜ੍ਹੇ ਹੋ ਗਏ ਅਤੇ ਪਿੱਛੇ ਵੱਲ ਦੇਖਣ ਲੱਗੇ। ਇਸ ਤੋਂ ਇਲਾਵਾ ਕੇਜਰੀਵਾਲ ਦੇ ਭਾਸ਼ਣ ਦੌਰਾਨ ਇਕ ਵਿਅਕਤੀ ਖੜ੍ਹਾ ਹੋ ਗਿਆ ਅਤੇ ਉੱਚੀ-ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸ ਦੇ ਭਰਾ ਦੀ ਚਿੱਟੇ ਕਾਰਨ ਮੌਤ ਹੋ ਗਈ ਹੈ। ਉਸ ਨੂੰ ਦੋਵਾਂ ਮੰਤਰੀਆਂ ਤੋਂ ਜਵਾਬ ਚਾਹੀਦਾ ਹੈ। ਇਸ ਵਿਅਕਤੀ ਨੂੰ ਵੀ ਸੁਰੱਖਿਆ ਕਰਮੀਆਂ ਨੇ ਮਿੰਟਾਂ ਵਿੱਚ ਹੀ ਪੰਡਾਲ ਵਿੱਚੋਂ ਬਾਹਰ ਕੱਢ ਦਿੱਤਾ।

ਇਹ ਵੀ ਪੜ੍ਹੋ