ਸਾਵਧਾਨ ! ਜੇਕਰ ਤੁਹਾਨੂੰ ਵੀ ਆਈ ਹੈ ਇਹੋ ਜਿਹੀ e-mail ਤਾਂ ਨਾ ਦਿਓ ਧਿਆਨ......

ਸਾਈਬਰ ਠੱਗ ਰੋਜ਼ਾਨਾ ਵੀ ਨਵੇਂ ਤਰੀਕੇ ਲੱਭ ਕੇ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਇਸਦੇ ਲਈ ਕਦੇ ਵਾਟਸ-ਅਪ ਮੈਸੇਜ ਭੇਜੇ ਜਾਂਦੇ ਹਨ ਤੇ ਕਦੇ ਫੋਨ ਕਰਕੇ ਡਰਾਇਆ ਧਮਕਾਇਆ ਜਾਂਦਾ ਹੈ। ਹੁਣ ਵੱਡੇ ਅਦਾਰਿਆਂ ਨੂੰ ਈ-ਮੇਲ ਭੇਜ ਕੇ ਡਰਾਇਆ ਜਾ ਰਿਹਾ ਹੈ। ਇਹੋ ਜਿਹੇ ਮਾਮਲਿਆਂ 'ਚ ਸਾਵਧਾਨੀ ਦੀ ਜ਼ਰੂਰਤ ਹੈ। 

Courtesy: file photo

Share:

ਫਤਿਹਗੜ੍ਹ ਸਾਹਿਬ ਦੇ ਅਮਲੋਹ ਵਿਖੇ ਸਥਿਤ ਦੇਸ਼ ਭਗਤ ਯੂਨੀਵਰਸਿਟੀ ਦੇ ਰਜਿਸਟਰਾਰ ਨਾਲ ਸਾਈਬਰ ਧੋਖਾਧੜੀ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਆਪਣੀ ਸਿਆਣਪ ਕਰਕੇ ਬਚ ਗਿਆ। ਯੂਨੀਵਰਸਿਟੀ ਨੂੰ ਧਮਕਾਉਣ ਅਤੇ ਡਰਾਉਣ ਲਈ ਭੇਜਿਆ ਗਿਆ ਈਮੇਲ ਗੰਭੀਰ ਚਿੰਤਾ ਅਤੇ ਜਾਂਚ ਦਾ ਵਿਸ਼ਾ ਹੈ। ਕਿਉਂਕਿ, ਇਸ ਵਿੱਚ ਦੇਸ਼ ਦੀਆਂ ਵੱਡੀਆਂ ਜਾਂਚ ਏਜੰਸੀਆਂ ਦਾ ਹਵਾਲਾ ਦੇ ਕੇ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਆਧਾਰ 'ਤੇ ਫਤਿਹਗੜ੍ਹ ਸਾਹਿਬ ਸਾਈਬਰ ਪੁਲਿਸ ਸਟੇਸ਼ਨ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਈਮੇਲ 23 ਜੁਲਾਈ, 2024 ਨੂੰ ਭੇਜੀ ਗਈ

ਦੇਸ਼ ਭਗਤ ਯੂਨੀਵਰਸਿਟੀ ਦੇ ਰਜਿਸਟਰਾਰ ਸੰਦੀਪ ਮੁਖਰਜੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਨੂੰ 23 ਜੁਲਾਈ, 2024 ਨੂੰ ਰਾਤ 9.20 ਵਜੇ ਈ-ਮੇਲ ਪ੍ਰਾਪਤ ਹੋਈ। ਜਿਸ ਵਿੱਚ ਯੂਨੀਵਰਸਿਟੀ 'ਤੇ ਇੰਟਰਨੈੱਟ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਹ ਈਮੇਲ ਨਵੀਂ ਦਿੱਲੀ ਦੇ ਸਾਈਬਰ ਸੈੱਲ ਪੁਲਿਸ ਕਮਿਸ਼ਨਰ ਦੁਆਰਾ ਭੇਜੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਈ-ਮੇਲ ਵਿੱਚ ਸੀਬੀਆਈ, ਰਾਅ ਅਤੇ ਆਈਬੀ ਦੇ ਅਧਿਕਾਰੀਆਂ ਦਾ ਹਵਾਲਾ ਦਿੱਤਾ ਗਿਆ। ਇੱਥੋਂ ਤੱਕ ਕਿ ਪੁਲਿਸ ਦੇ ਨਾਲ-ਨਾਲ ਇਨ੍ਹਾਂ ਏਜੰਸੀਆਂ ਦੀਆਂ ਮੋਹਰਾਂ ਅਤੇ ਲੋਗੋ ਵੀ ਵਰਤੇ ਗਏ ਸਨ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਯੂਨੀਵਰਸਿਟੀ ਨੇ ਇੰਟਰਨੈੱਟ ਦੀ ਦੁਰਵਰਤੋਂ ਕੀਤੀ ਹੈ, ਜੋ ਕਿ ਪੋਕਸੋ ਐਕਟ ਦੇ ਅਧੀਨ ਵੀ ਆਉਂਦਾ ਹੈ। ਜੇਕਰ 24 ਘੰਟਿਆਂ ਦੇ ਅੰਦਰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਜਿਸਟਰਾਰ ਦੇ ਅਨੁਸਾਰ, ਉਹਨਾਂ ਨੇ ਪਾਇਆ ਕਿ ਇਹ ਇੱਕ ਫੜਜ਼ੀ ਈ-ਮੇਲ ਸੀ। ਜਿਸ ਕਾਰਨ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।

ਪੁਲਿਸ ਤਕਨੀਕੀ ਸਾਧਨਾਂ ਨਾਲ ਜਾਂਚ ਵਿੱਚ ਲੱਗੀ 

ਫਤਿਹਗੜ੍ਹ ਸਾਹਿਬ ਪੁਲਿਸ ਨੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਸਾਈਬਰ ਪੁਲਿਸ ਸਟੇਸ਼ਨ ਵਿਖੇ ਐਫਆਈਆਰ ਦਰਜ ਕਰ ਲਈ ਗਈ ਹੈ। ਇਸ ਬਾਰੇ ਦਿੱਲੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਡੀਐਸਪੀ ਹਰਤੇਸ਼ ਕੌਸ਼ਿਕ ਨੇ ਕਿਹਾ ਕਿ ਤਕਨੀਕੀ ਤਰੀਕਿਆਂ ਨਾਲ ਜਾਂਚ ਜਾਰੀ ਹੈ। ਈ-ਮੇਲ ਵਿੱਚ ਦੱਸੇ ਗਏ ਜਾਂਚ ਏਜੰਸੀਆਂ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹਾ ਰੋਕਿਆ ਜਾ ਸਕੇ। 

ਇਹ ਵੀ ਪੜ੍ਹੋ