ਸਾਵਧਾਨ ! ਆਂਗਣਵਾੜੀ ਸੈਂਟਰਾਂ 'ਚ ਵੰਡਿਆ ਜਾ ਰਿਹਾ ਐਕਸਪਾਇਰੀ ਸਾਮਾਨ

ਪਿੰਡਵਾਸੀਆਂ ਨੇ ਇਕੱਠੇ ਹੋ ਕੇ ਰੋਸ ਮੁਜਾਹਰਾ ਕੀਤਾ। ਲੋਕਾਂ ਦੇ ਗੁੱਸੇ ਨੂੰ ਦੇਖਦੇ ਆਂਗਣਵਾੜੀ ਵਰਕਰ ਨੇ ਆਪਣੀ ਗਲਤੀ ਮੰਨੀ। ਪ੍ਰੰਤੂ, ਲੋਕਾਂ ਦੀ ਮੰਗ ਹੈ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ।

Share:

ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਨੂੰ ਭੇਜਣ ਵਾਲੇ ਅਤੇ ਇੱਥੋਂ ਪੌਸ਼ਟਿਕ ਆਹਾਰ ਲੈਣ ਵਾਲੇ ਲੋਕ ਸਾਵਧਾਨ ਹੋ ਜਾਣ। ਇੱਕ ਅਜਿਹਾ ਮਾਮਲਾ ਸਾਮਣੇ ਆਇਆ ਹੈ ਕਿ ਆਂਗਣਵਾੜੀ ਸੈਂਟਰਾਂ 'ਚ ਐਕਸਪਾਇਰੀ ਸਾਮਾਨ ਵੰਡਿਆ ਜਾ ਰਿਹਾ ਹੈ। ਮਾਮਲਾ ਜਿਲ੍ਹਾ ਲੁਧਿਆਣਾ ਦੇ ਪਿੰਡ ਕੋਟਲਾ ਭੜੀ ਤੋਂ ਸਾਮਣੇ ਆਇਆ ਹੈ। ਇੱਥੋਂ ਦੇ ਆਂਗਣਵਾੜੀ ਸੈਂਟਰ ਵਿੱਚ ਬੱਚਿਆਂ ਨੂੰ ਮਿਆਦ ਲੰਘਿਆ ਸਾਮਾਨ ਵੰਡਿਆ ਜਾ ਰਿਹਾ ਸੀ ਜਿਸਨੂੰ ਲੈ ਕੇ ਹੰਗਾਮਾ ਹੋ ਗਿਆ। ਇਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਾਰਵਾਈ ਦੀ ਮੰਗ ਕੀਤੀ। 

ਆਂਗਣਵਾੜੀ ਸੈਂਟਰ ਦੇ ਹਾਲਾਤ 

ਹਾਲਾਤ ਇਹ ਸਨ ਕਿ ਆਂਗਣਵਾੜੀ ਕੇਂਦਰ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਦਿੱਤੇ ਜਾਣ ਵਾਲੇ ਖਾਧ ਪਦਾਰਥਾਂ ਦੀ ਮਿਆਦ ਖਤਮ ਹੋ ਚੁੱਕੀ ਸੀ। ਸਰਕਾਰ ਵੱਲੋਂ ਭੇਜਿਆ ਸਾਮਾਨ ਖਪਤ ਦੇ ਯੋਗ ਨਹੀਂ ਸੀ। ਇਸਦੇ ਬਾਵਜੂਦ ਆਂਗਣਵਾੜੀ ਕੇਂਦਰ ਤੋਂ ਸਾਮਾਨ ਵੰਡਿਆ ਜਾ ਰਿਹਾ ਸੀ। ਐਡਵੋਕੇਟ ਗੁਰਪ੍ਰੀਤ ਸਿੰਘ ਗੋਸਲਾਂ ਅਤੇ ਪੰਚਾਇਤ ਮੈਂਬਰ ਬਲਜੀਤ ਸਿੰਘ ਨੇ ਦੱਸਿਆ ਕਿ ਆਂਗਣਵਾੜੀ ਕੇਂਦਰ ਤੋਂ ਦਿੱਤੇ ਜਾ ਰਹੇ ਸਾਮਾਨ ਦੀ ਗੁਣਵੱਤਾ ਠੀਕ ਨਹੀਂ ਹੈ। ਕਿਉਂਕਿ, ਇਸਦੀ ਵਰਤੋਂ ਕਰਨ ਦੀ ਮਿਤੀ ਲੰਘ ਗਈ ਹੈ। ਇੱਥੇ ਵੱਡੀ ਮਾਤਰਾ ਵਿੱਚ ਸਾਮਾਨ ਸਟੋਰ ਕੀਤਾ ਗਿਆ। ਸਮੇਂ ਸਿਰ ਵੰਡਿਆ ਨਹੀਂ ਗਿਆ। ਇਹ ਬਹੁਤ ਵੱਡੀ ਲਾਪਰਵਾਹੀ ਹੈ। ਕਸੂਰਵਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

ਸਿਹਤ ਨਾਲ ਖਿਲਵਾੜ

ਆਂਗਣਵਾੜੀ ਕੇਂਦਰ ਇਲਾਕੇ ਦੀਆਂ ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ ਅਤੇ ਕੇਂਦਰ ਵਿੱਚ ਆਉਣ ਵਾਲੇ 3 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਲੀਆ, ਖੀਰ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਪ੍ਰਦਾਨ ਕਰਦਾ ਹੈ। ਇਹਨਾਂ ਚੀਜ਼ਾਂ ਨੂੰ ਵਰਤਨ ਦੀ ਮਿਆਦ ਲੰਘ ਗਈ। ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਸਿਹਤ ਨਾਲ ਖਿਲਵਾੜ ਕੀਤਾ ਗਿਆ। 

ਮਹਿਕਮੇ ਨੇ ਮੰਨੀ ਗਲਤੀ 

ਇੱਕ ਪਾਸੇ ਆਂਗਣਵਾੜੀ ਵਰਕਰ ਉਰਮਿਲਾ ਦੇਵੀ ਨੇ ਗਲਤੀ ਮੰਨਦਿਆਂ ਕਿਹਾ ਕਿ ਹੈਲਪਰ ਨਹੀਂ ਆ ਰਹੀ ਸੀ। ਜਿਸ ਕਾਰਨ ਸਾਮਾਨ ਦੀ ਵੰਡ ਨਹੀਂ ਹੋ ਸਕੀ। ਦੀਵਾਲੀ ਦੀ ਸਫ਼ਾਈ ਕਰਕੇ ਸਾਮਾਨ ਵੰਡਣ ਤੋਂ ਰਹਿ ਗਿਆ। ਅੱਗੇ ਤੋਂ ਧਿਆਨ ਰੱਖਿਆ ਜਾਵੇਗਾ। ਜਦਕਿ ਸੀ.ਡੀ.ਪੀ.ਓ ਦਫਤਰ ਤੋਂ ਜਾਂਚ ਕਰਨ ਆਏ ਕਮਲਜੀਤ ਕੌਰ ਨੇ ਕਿਹਾ ਕਿ ਇਹ ਸਾਮਾਨ ਵੰਡਿਆ ਨਹੀਂ ਜਾ ਸਕਦਾ। ਕਿਉਂਕਿ ਇਸਦੀ ਮਿਆਦ ਲੰਘ ਚੁੱਕੀ ਹੈ। ਵਿਭਾਗੀ ਪੱਧਰ 'ਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ