BATALA: ਫੈਕਟਰੀ 'ਚ ਫਰਨੇਸ ਆਇਲ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਫੈਕਟਰੀ ਮਾਲਕ ਸੁਰਿੰਦਰਪਾਲ ਅਨੁਸਾਰ ਫੈਕਟਰੀ ਵਿੱਚ ਡੇਢ ਲੱਖ ਰੁਪਏ ਦਾ ਤੇਲ ਸੀ ਜੋ ਸੜ ਗਿਆ। ਪਰ ਫੈਕਟਰੀ 'ਚ ਕਿੰਨਾ ਨੁਕਸਾਨ ਹੋਇਆ ਇਹ ਬਾਅਦ 'ਚ ਦੇਖਿਆ ਜਾਵੇਗਾ ਕਿਉਂਕਿ ਧੂੰਆਂ ਅਜੇ ਨਿਕਲ ਰਿਹਾ ਸੀ।

Share:

ਬਟਾਲਾ ਦੇ ਅੰਮ੍ਰਿਤਸਰ ਰੋਡ 'ਤੇ ਸਥਿਤ ਇਕ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਫੈਕਟਰੀ 'ਚ ਅੱਗ ਫਰਨੇਸ ਆਇਲ ਕਾਰਨ ਲੱਗੀ ਦੱਸੀ ਜਾ ਰਹੀ ਹੈ। ਪਹਿਲਾਂ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਟਰੈਫਿਕ ਜਾਮ ਵਿੱਚ ਫਸ ਗਈ ਪਰ ਕਿਸੇ ਤਰ੍ਹਾਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਕਰੀਬ ਵੀਹ ਮਿੰਟਾਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਫੈਕਟਰੀ 'ਚ ਬਣਦਾ ਸੀ ਰੇਲਵੇ ਦਾ ਸਮਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਾਤੀ ਸਟੀਲ ਇੰਡਸਟਰੀ ਦੇ ਮਾਲਕ ਸੁਰਿੰਦਰ ਪਾਲ ਨੇ ਦੱਸਿਆ ਕਿ ਉਹ ਰੇਲਵੇ ਦਾ ਸਮਾਨ ਬਣਾਉਂਦੇ ਹਨ ਜੋ ਰੇਲਵੇ ਪਟੜੀਆਂ 'ਤੇ ਵਰਤਿਆ ਜਾਂਦਾ ਹੈ। ਮਾਲ ਨੂੰ ਠੀਕ ਕਰਨ ਲਈ ਫਰਨੇਸ ਆਇਲ ਦੀ ਲੋੜ ਹੁੰਦੀ ਹੈ ਅਤੇ ਫੈਕਟਰੀ ਕੋਲ ਫਰਨੇਸ ਆਇਲ ਦਾ ਛੇ ਹਜ਼ਾਰ ਲੀਟਰ, ਲਗਭਗ ਇੱਕ ਟੈਂਕਰ, ਡਰੰਮਾਂ ਵਿੱਚ ਪਿਆ ਸੀ। ਵੀਰਵਾਰ ਨੂੰ ਫੈਕਟਰੀ 'ਚ ਪਏ ਤੇਲ ਨੂੰ ਅਚਾਨਕ ਅੱਗ ਲੱਗ ਗਈ ਅਤੇ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਅਤੇ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇ ਰਿਹਾ ਸੀ।


ਅੱਗ 'ਤੇ ਪਾਇਆ ਕਾਬੂ 

ਇਸ ਸਬੰਧੀ ਗੱਲ ਕਰਨ 'ਤੇ ਡਿਪਟੀ ਫਾਇਰ ਅਫ਼ਸਰ ਓਮਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਆਉਣ 'ਤੇ ਉਹ ਤੁਰੰਤ ਗੱਡੀ ਲੈ ਕੇ ਨਿਕਲ ਪਏ ਪਰ ਬੇਰਿੰਗ ਕਾਲਜ ਨੇੜੇ ਟ੍ਰੈਫ਼ਿਕ ਜਾਮ ਹੋਣ ਕਾਰਨ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪਰ ਅਸੀਂ ਕਿਸੇ ਤਰ੍ਹਾਂ ਉਕਤ ਫੈਕਟਰੀ ਤੱਕ ਪਹੁੰਚ ਗਏ। ਜਿੱਥੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ, ਅਸੀਂ ਬੜੀ ਮਿਹਨਤ ਨਾਲ ਅੱਗ 'ਤੇ ਕਾਬੂ ਪਾਇਆ। ਫਾਇਰ ਅਫਸਰ ਨੇ ਦੱਸਿਆ ਕਿ ਅੱਗ ਤੇਲ ਕਾਰਨ ਲੱਗੀ ਹੈ, ਜਿਸ ਕਾਰਨ ਕਾਫੀ ਮੁਸ਼ੱਕਤ ਕਰਨੀ ਪਈ।

ਇਹ ਵੀ ਪੜ੍ਹੋ

Tags :