Badal ਦੇ ਤਿੱਖੇ ਬੋਲ... ਦਿੱਲੀ ਵਿਚਲੀਆਂ ਤਾਕਤਾਂ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ’ਤੇ ਲੱਗੀਆਂ

ਆਪ ਸਰਕਾਰ ਤੇ ਦੋ ਸਾਲਾਂ ਵਿਚ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਅਤੇ 1500 ਕਰੋੜ ਰੁਪਏ ਤਾਂ ਸਿਰਫ ਇਸ਼ਤਿਹਾਰਬਾਜ਼ੀ ’ਤੇ ਖਰਚ ਕਰਨ ਦਾ ਲਗਾਇਆ ਆਰੋਪ।

Share:

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਿਆ ਹੈ। ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿਚ ਅਟਾਰੀ (Attari) ਵਿੱਚ ਕਰਵਾਏ ਪ੍ਰੋਗਰਾਮ ਵਿਚ ਇੱਕਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ, ਨੌਜਵਾਨਾਂ, ਔਰਤਾਂ, ਗਰੀਬਾਂ, ਵਪਾਰੀਆਂ ਤੇ ਸਰਕਾਰੀ ਮੁਲਾਜ਼ਮਾਂ ਸਮੇਤ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਪੰਜਾਬ ਵਿਚ ਸਮਾਜ ਦਾ ਹਰ ਵਰਗ ਸੰਤਾਪ ਹੰਢਾ ਰਿਹਾ ਹੈ ਤੇ ਕਾਨੂੰਨ ਵਿਵਸਥਾ ਮੁਕੰਮਲ ਤੌਰ ’ਤੇ ਢਹਿ ਢੇਰੀ ਹੋ ਚੁੱਕੀ ਹੈ ਤੇ ਨਸ਼ਾ ਤਸਕਰੀ ਸਿਖ਼ਰਾਂ ’ਤੇ ਹੈ।


ਕਾਂਗਰਸ ’ਤੇ ਵੀ ਸਾਧਿਆ ਨਿਸ਼ਾਨਾ

ਪੰਥ ਤੇ ਸੂਬੇ ਦੇ ਭਲੇ ਵਾਸਤੇ ਸ਼੍ਰੋਮਣੀ ਅਕਾਲੀ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਕਮਜ਼ੋਰ ਹੋਣ ਨਾਲ ਪੰਥ ਨੂੰ ਵੱਡੀ ਸੱਟ ਵੱਜਦੀ ਹੈ ਕਿਉਂਕਿ ਦਿੱਲੀ ਵਿਚਲੀਆਂ ਤਾਕਤਾਂ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਬਣਾ ਕੇ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀਆਂ ਵਿਚ ਦਖਲ ਦੇ ਕੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ’ਤੇ ਲੱਗੀਆਂ ਹਨ। ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਹ ਗੱਲ ਸਮਝਣ ਕਿ ਕਾਂਗਰਸ ਤੇ ਆਪ ਨੇ ਹਮੇਸ਼ਾ ਧਾਰਮਿਕ ਸਥਾਨਾਂ ’ਤੇ ਹਮਲੇ ਕੀਤੇ ਹਨ ਭਾਵੇਂ ਉਹ ਕਾਂਗਰਸ (Congress) ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤਾ ਗਿਆ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਅਕਾਲ ਬੁੰਗਾ ਸਾਹਿਬ ’ਤੇ ਕੀਤਾ ਗਿਆ ਹਮਲਾ ਹੋਵੇ।

ਸਰਕਾਰੀ ਫੰਡਾਂ ਦੀ ਹੋ ਰਹੀ ਦੁਰਵਰਤੋਂ : ਮਜੀਠੀਆ 

ਇਸ ਮੌਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ (Punjab) ਨੂੰ ਕੰਗਾਲੀ ਵੱਲ ਲਿਜਾ ਰਹੇ ਹਨ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਚਾਰਟਡ ਜਹਾਜ਼ ਵਾਸਤੇ ਤੇ ਉਹਨਾਂ ਦੇ ਮਹਿਮਾ ਗਾਇਨ ’ਤੇ ਖਰਚ ਵਾਸਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਦੋ ਸਾਲਾਂ ਵਿਚ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਜਿਸ ਵਿਚੋਂ 1500 ਕਰੋੜ ਰੁਪਏ ਤਾਂ ਸਿਰਫ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜੋ ਪਿਛਲੀ ਕਾਂਗਰਸ ਨੇ ਨੀਂਹ ਰੱਖੀ ਸੀ, ਉਹੋ ਕੁਝ ਹੋ ਰਿਹਾ ਹੈ। ਕਾਂਗਰਸ ਦੇ ਆਗੂ ਸੁਖਪਾਲ ਖਹਿਰਾ ਖਿਲਾਫ ਬਦਲਾਖੋਰੀ ਦੀਆਂ ਕਾਰਵਾਈਆਂ ਬਾਰੇ ਉਹਨਾਂ ਕਿਹਾ ਕਿ ਇਹ ਸਭ ਕੁਝ ਵੀ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਦਾ ਨਤੀਜਾ ਹੈ।

ਇਹ ਵੀ ਪੜ੍ਹੋ

Tags :