ਬੀ.ਐਸ.ਐਫ. ਦਾ ਆਪਰੇਸ਼ਨ 'ਸਰਦ ਹਵਾ' ਕਰੇਗਾ ਬਾਰਡਰ ਤੇ ਘੁਸਪੈਠ ਨੂੰ ਨਾਕਾਮ

ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਵਿਚ ਵਿਸ਼ੇਸ਼ ਤੌਰ ਤੇ ਨਜ਼ਰ ਰੱਖੀ ਜਾ ਰਹੀ ਹੈ। ਜਵਾਨ ਵਿਸ਼ੇਸ਼ ਆਪਰੇਸ਼ਨਾਂ ਤਹਿਤ ਗਸ਼ਤ ਕਰਨਗੇ। 

Share:

ਪੰਜਾਬ ਵਿੱਚ ਠੰਡ ਨੇ ਰਫ਼ਤਾਰ ਫੜ ਲਈ ਹੈ। ਸਵੇਰੇ-ਸ਼ਾਮ ਧੁੰਦ ਪੈਣ ਲਗੀ ਹੈ। ਜਿਸ ਕਾਰਨ ਵਿਜ਼ਿਬਿਲਿਟੀ ਵੀ ਘਟਣ ਲਗੀ ਹੈ। ਇਸਦਾ ਫ਼ਾਇਦਾ ਬਾਰਡਰ ਤੇ ਪਾਕਿਸਤਾਨੀ ਤਸਕਰ ਤੇ ਘੁਸਪੈਠ ਕਰਨ ਵਾਲੇ ਉੱਠਾ ਸਕਦੇ ਹਨ। ਇਸ ਨੂੰ ਵੇਖਦੇ ਹੋਏ ਸੀਮਾ ਸੁਰੱਖਿਆ ਬੱਲ ( ਬੀ.ਐਸ.ਐਫ) ਪਹਿਲੇ ਹੀ ਅਲਰਟ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਦੀਆਂ ਦੇ ਮੌਸਮ 'ਚ ਧੁੰਦ ਪੈਣ ਤੋਂ ਬਾਅਦ ਬੀ.ਐਸ.ਐਫ. ਅਗਲੇ ਕੁਝ ਦਿਨਾਂ 'ਚ ਆਪਰੇਸ਼ਨ 'ਸਰਦ ਹਵਾ' ਸ਼ੁਰੂ ਕਰਨ ਜਾ ਰਹੀ ਹੈ। ਇਸ ਦੌਰਾਨ ਜਵਾਨ ਵਿਸ਼ੇਸ਼ ਆਪਰੇਸ਼ਨਾਂ ਤਹਿਤ ਗਸ਼ਤ ਕਰਨਗੇ। ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਵਿਚ ਵਿਸ਼ੇਸ਼ ਤੌਰ ਤੇ ਨਜ਼ਰ ਰੱਖੀ ਜਾ ਰਹੀ ਹੈ।

ਨਾਗਰਿਕਾਂ ਨੂੰ ਵੀ ਕੀਤਾ ਜਾ ਰਿਹਾ ਚੌਕਸ

ਘੁਸਪੈਠੀਆਂ ਲਈ ਹਨੇਰੀਆਂ ਧੁੰਦ ਵਾਲੀਆਂ ਰਾਤਾਂ ਬਹੁਤ ਅਨੁਕੂਲ ਹੁੰਦੀਆਂ ਹਨ। ਇਸ ਦੇ ਮੱਦੇਨਜ਼ਰ ਬੀ.ਐਸ.ਐਫ. ਅਲਰਟ ਮੋਡ ਵਿੱਚ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਚੌਕਸੀ ਰੱਖ ਰਹੀ ਹੈ। ਜ਼ਿਲ੍ਹਿਆਂ ਦੀਆਂ ਸਰਹੱਦਾਂ ’ਤੇ ਪਈ ਧੁੰਦ ਦਾ ਫਾਇਦਾ ਉਠਾ ਕੇ ਘੁਸਪੈਠੀਆਂ ਵੱਲੋਂ ਵਧਦੀ ਸਰਦੀ ਦੌਰਾਨ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਬੀ.ਐਸ.ਐਫ. ਨੇ ਵੀ ਪੁਲਿਸ ਤੇ ਸਥਾਨਕ ਨਾਗਰਿਕਾਂ ਨੂੰ ਚੌਕਸ ਕਰਨਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਨਿਵਾਸੀਆਂ ਨੂੰ ਦੇਰ ਸ਼ਾਮ ਤੋਂ ਸਵੇਰੇ ਸੱਤ ਵਜੇ ਤੱਕ ਸਰਹੱਦੀ ਖੇਤਰਾਂ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਗਈ ਹੈ।ਟ

24 ਘੰਟੇ ਸਰਹੱਦੀ ਪਿੰਡਾਂ ਦੀ ਸੁਰੱਖਿਆ ਕਰਨਗੀਆਂ ਟੀਮਾਂ

ਪੁਲਿਸ ਅਧਿਕਾਰੀਆਂ ਮੁਤਾਬਕ ਸਰਦੀਆਂ 'ਚ ਜਦੋਂ ਧੁੰਦ ਵਧ ਜਾਂਦੀ ਹੈ ਤਾਂ ਸਰਹੱਦ 'ਤੇ ਘੁਸਪੈਠ ਦਾ ਖਤਰਾ ਵੱਧ ਜਾਂਦਾ ਹੈ। ਜਵਾਨ ਘੋੜਿਆਂ ਦੇ ਨਾਲ-ਨਾਲ ਫੌਜੀ ਜੀਪਾਂ 'ਚ ਸਵਾਰ ਹੋ ਕੇ ਸਰਹੱਦ 'ਤੇ ਨਜ਼ਰ ਰੱਖਣਗੇ। ਪਾਕਿਸਤਾਨ ਵਿੱਚ ਤਸਕਰ ਇਸ ਸੀਜ਼ਨ ਦਾ ਫਾਇਦਾ ਉਠਾ ਕੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਰਹੱਦੀ ਇਲਾਕਿਆਂ ਵਿੱਚ ਬੀ.ਐਸ.ਐਫ ਨੇ ਪੰਜਾਬ ਪੁਲਿਸ ਦੀਆਂ ਟੀਮਾਂ ਬਣਾਈਆਂ ਹਨ, ਜੋ 24 ਘੰਟੇ ਸਰਹੱਦੀ ਪਿੰਡਾਂ ਦੀ ਸੁਰੱਖਿਆ ਕਰਨਗੀਆਂ। ਬੀ.ਐਸ.ਐਫ. ਦੀ 144ਵੀਂ ਬਟਾਲੀਅਨ ਦੇ ਜਵਾਨ ਦਿਨ-ਰਾਤ ਚੌਕਸ ਰਹਿੰਦੇ ਹਨ।

ਆਉਣ-ਜਾਣ ਵਾਲੇ ਲੋਕਾਂ ’ਤੇ ਵਿਸ਼ੇਸ਼ ਨਜ਼ਰ

ਡੀਆਈਜੀ ਸੰਜੇ ਗੌੜ ਦੀ ਅਗਵਾਈ ਵਿੱਚ ਸਰਹੱਦੀ ਇਲਾਕਿਆਂ ਵਿੱਚ ਆਉਣ-ਜਾਣ ਵਾਲੇ ਲੋਕਾਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਜਵਾਨਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਇੰਟੈਲੀਜੈਂਸ ਬਿਊਰੋ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸੀਆਰਪੀਸੀ ਤਹਿਤ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੌਮਾਂਤਰੀ ਸਰਹੱਦ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਰਾਤ ਸਮੇਂ ਆਵਾਜਾਈ ’ਤੇ ਪਾਬੰਦੀ ਲਾਉਣ ਲਈ ਅਗਲੇ ਕੁਝ ਦਿਨਾਂ ਵਿੱਚ ਹੁਕਮ ਜਾਰੀ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ