ਥਾਣਿਆਂ 'ਚ ਸਕੂਲ ਵਾਂਗ ਲੱਗੂ ਹਾਜ਼ਰੀ, ਲੇਟ ਹੋਣ ਵਾਲਿਆਂ ਖਿਲਾਫ ਹੋਵੇਗਾ ਐਕਸ਼ਨ

ਐਸਐਸਪੀ ਵੱਲੋਂ ਬਕਾਇਦਾ ਪੱਤਰ ਜਾਰੀ ਕਰਕੇ ਦਿੱਤੇ ਗਏ ਹੁਕਮ। ਰੈਂਕ ਮੁਤਾਬਕ ਅਫ਼ਸਰਾਂ ਦੇ ਆਉਣ ਦਾ ਸਮਾਂ ਵੀ ਬੰਨ੍ਹਿਆ।

Share:

ਅਕਸਰ ਦੇਖਿਆ ਜਾਂਦਾ ਹੈ ਕਿ ਥਾਣਿਆਂ ਦੇ ਪੁਲਿਸ ਅਫ਼ਸਰਾਂ ਦੇ ਦਫ਼ਤਰਾਂ 'ਚ ਹਾਜ਼ਰੀ ਦਾ ਕੋਈ ਸਮਾਂ ਨਹੀਂ ਹੁੰਦਾ। ਜਦੋਂ ਦਿਲ ਕਰਦਾ ਅਫ਼ਸਰ ਕੁਰਸੀ 'ਤੇ ਬੈਠ ਜਾਂਦੇ ਹਨ ਤੇ ਜਦੋਂ ਦਿਲ ਕਰਦਾ ਉੱਠ ਕੇ ਚਲੇ ਜਾਂਦੇ ਹਨ। ਇਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਖੱਜਲ-ਖੁਆਰ ਹੋਣਾ ਪੈਂਦਾ। ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ। ਪੁਲਿਸ ਥਾਣਿਆਂ ਅੰਦਰ ਸਕੂਲ ਵਾਂਗ ਹਾਜ਼ਰੀ ਲੱਗੇਗੀ। ਸਮੇਂ ਸਿਰ ਆਉਣਾ ਲਾਜ਼ਮੀ ਹੋਵੇਗਾ। ਜੇਕਰ ਕੋਈ ਲੇਟ ਹੋਵੇਗਾ ਤਾਂ ਐਕਸ਼ਨ ਦਾ ਸਾਮਣਾ ਕਰਨਾ ਪਵੇਗਾ। ਫਿਲਹਾਲ ਇਸਦੀ ਸ਼ੁਰੂਆਤ ਪੰਜਾਬ ਦੇ ਬਠਿੰਡਾ ਜਿਲ੍ਹੇ ਤੋਂ ਹੋਣ ਜਾ ਰਹੀ ਹੈ। ਇੱਥੋਂ ਦੇ ਨਵੇਂ ਐਸਐਸਪੀ ਨੇ ਬਕਾਇਦਾ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਹਨ। 

photo
ਐੱਸਐੱਸਪੀ ਵੱਲੋਂ ਜਾਰੀ ਪੱਤਰ। ਫੋਟੋ ਕ੍ਰੇਡਿਟ - ਜੇਬੀਟੀ

ਕੀ ਹਨ ਐਸਐਸਪੀ ਦੇ ਹੁਕਮ 

ਦੋ ਦਿਨ ਪਹਿਲਾਂ ਹੀ ਅਹੁਦਾ ਸੰਭਾਲਣ ਵਾਲੇ ਐਸਐਸਪੀ ਹਰਮਨਵੀਰ ਸਿੰਘ ਗਿੱਲ (ਆਈਪੀਐਸ) ਨੇ ਹੁਕਮ ਜਾਰੀ ਕਰਕੇ ਸਖ਼ਤ ਹਦਾਇਤਾਂ ਦਿੱਤੀਆਂ ਹਨ। ਬਠਿੰਡਾ ਦੇ ਐਸਐਸਪੀ ਦਫ਼ਤਰ ਵੱਲੋਂ ਜਾਰੀ ਪੱਤਰ ਵਿੱਚ ਆਖਿਆ ਗਿਆ ਹੈ ਕਿ ਡੀਐਸਪੀ ਰੈਂਕ ਦੇ ਅਫ਼ਸਰ ਸਵੇਰੇ 9 ਵਜੇ ਦਫਤਰ ‘ਚ ਹਾਜ਼ਰ ਹੋਣਗੇ, ਜਦਕਿ ਐਸਐਚਓ ਤੇ ਚੌਂਕੀ ਇੰਚਾਰਜ ਸਵੇਰੇ 8 ਵਜੇ ਹਾਜ਼ਰੀ ਲਗਾਉਣਗੇ। ਮੁਲਾਜ਼ਮਾਂ ਦੀ ਗਿਣਤੀ ਕਰਕੇ ਰਿਪੋਰਟ ਦੇਣਗੇ। ਇਸਤੋਂ ਇਲਾਵਾ ਬਾਹਰ ਜਾਣ ਤੋਂ ਪਹਿਲਾਂ ਹਰੇਕ ਅਫ਼ਸਰ ਨੂੰ ਜਾਣਕਾਰੀ ਦੇਣੀ ਪਵੇਗੀ ਕਿ ਉਹ ਕਿੱਥੇ ਤੇ ਕਿਹੜੇ ਕੰਮ ਜਾ ਰਿਹਾ ਹੈ।  ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨਾ ਲਾਜ਼ਮੀ ਹੋਵੇਗਾ ਅਤੇ ਕੁਤਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ। ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਧਿਆਨ ਵਿੱਚ ਆਇਆ ਹੈ ਕਿ ਮੁੱਖ ਅਫਸਰਾਨ ਥਾਣਾ/ਇੰਚਾਰਜ, ਯੂਨਿਟ/ਇੰਚਾਰਜ ਪੁਲਿਸ ਚੌਕੀਆਂ ਥਾਣਾ/ਯੂਨਿਟ/ਚੌਕੀਆਂ ਵਿੱਚ ਸਮੇਂ ਸਿਰ ਜਾ ਕੇ ਆਪਣੀ ਟੀਮ ਨੂੰ ਬਰੀਫ ਨਹੀਂ ਕਰਦੇ ਅਤੇ ਨਾ ਹੀ ਯੋਗ ਸੇਧ ਦੇ ਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਫੀਡਬੈਕ ਲੈਂਦੇ ਹਨ। ਜਿਸ ਨਾਲ ਸੀਨੀਅਰ ਅਫਸਰਾਨ ਜਾਂ ਹੈਡਕੁਆਟਰ ਤੋਂ ਭੇਜੇ ਗਏ ਹੁਕਮਾਂ ਬਾਰੇ ਵੀ ਜਾਣੂ ਨਹੀਂ ਕਰਵਾਇਆ ਜਾਂਦਾ। ਜਿਸ ਨਾਲ ਇਹ ਹੁਕਮ ਕਾਗਜੀ ਕਾਰਵਾਈ ਤੱਕ ਹੀ ਸੀਮਿਤ ਰਹਿ ਜਾਂਦੇ ਹਨ। ਇਸਦੇ ਚੱਲਦਿਆਂ ਸਮੂਹ ਗਜਟਿਡ ਅਫਸਰਾਨ ਨੂੰ  ਆਪਣੇ ਦਫਤਰ ਸਵੇਰੇ 9 ਵਜੇ ਹਾਜਰ ਹੋਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ।  ਜੇਕਰ ਗਜਟਿਡ ਅਫਸਰ ਵੱਲੋਂ ਕਿਸੇ ਡਿਊਟੀ ਉਪਰ ਜਾਂ ਕਿਸੇ ਹੋਰ ਵਿਭਾਗੀ ਕੰਮ ਜਾਣਾ ਹੋਵੇ ਤਾਂ ਦਫਤਰ ਜਾ ਕੇ ਆਪਣੇ ਅਮਲੇ ਨੂੰ ਲੋੜੀਂਦੀ ਰੋਜ਼ਾਨਾ ਦੇ ਕੰਮ-ਕਾਰ ਦੀ ਸੇਧ ਦੇ ਕੇ ਜਾਣਗੇ। ਸਮੂਹ ਮੁੱਖ ਅਫਸਰਾਨ, ਇੰਚਾਰਜ ਯੂਨਿਟ/ਇੰਚਾਰਜ ਪੁਲਿਸ ਚੌਕੀਆਂ ਸਵੇਰੇ 8 ਵਜੇ ਆਪਣੇ ਥਾਣਾ/ਯੂਨਿਟ/ਪੁਲਿਸ ਚੌਕੀ ਵਿਖੇ ਹਾਜਰ ਆਉਣਗੇ ਅਤੇ ਸਟਾਫ ਦੀ ਗਿਣਤੀ ਕਰਨਗੇ ਅਤੇ ਗਿਣਤੀ ਕਰਨ ਉਪਰੰਤ ਸਟਾਫ ਨੂੰ ਦਿਨ ਦੇ ਅਗਲੇ ਕੰਮ-ਕਾਜ ਲਈ ਹਦਾਇਤ ਕਰਨਗੇ। ਇਸ ਹੁਕਮ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਜੇਕਰ ਇਸ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਪਾਈ ਗਈ ਤਾਂ ਵਿਭਾਗੀ ਕਾਰਵਾਈ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ