ਲੁਧਿਆਣਾ: ਖਿਡੌਣਾ ਪਿਸਤੌਲ ਦਿਖਾ ਦੁਕਾਨਦਾਰਾਂ ਨੂੰ ਲੁੱਟਣ ਦੀ ਕੋਸ਼ਿਸ਼, 2 ਬਦਮਾਸ਼ ਕਾਬੂ

ਦੋਵੇਂ ਦੁਕਾਨਦਾਰ ਹੋਏ ਜ਼ਖਮੀ, ਲੋਕਾਂ ਨੇ ਸਿਵਲ ਹਸਪਤਾਲ ਵਿੱਚ ਕਰਵਾਇਆ ਦਾਖਲ। ਲੋਕਾਂ ਦੇ ਮੁਤਾਬਿਕ ਬਦਮਾਸ਼ਾਂ ਨੇ ਮੌਕੇ ਤੇ ਚਲਾਇਆਂ ਸੀ ਗੋਲਿਆਂ, ਪੁਲਿਸ ਨੇ ਨਹੀਂ ਕੀਤੀ ਪੁਸ਼ਟੀ

Share:

ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਮਾਟਾ ਪੈਲੇਸ ਦੇ ਨੇੜੇ ਦੁਕਾਨ 'ਤੇ ਬੈਠੇ 2 ਭਰਾਵਾਂ ਨਾਲ ਕੁੱਟਮਾਰ ਕਰਕੇ 3 ਬਦਮਾਸ਼ਾਂ ਨੇ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੁਕਾਨਦਾਰ ਬਦਮਾਸ਼ਾਂ ਨਾਲ ਭਿੜ ਗਏ। ਰੌਲਾ ਸੁਣ ਕੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਜਦਕਿ ਤੀਜਾ ਬਦਮਾਸ਼ ਭੱਜਣ ਵਿੱਚ ਕਾਮਯਾਬ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਗੋਲੀ ਵੀ ਚਲਾਈ ਹੈ। ਪਰ ਪੁਲਿਸ ਦੇ ਮੁਤਾਬਿਕ ਬਦਮਾਸ਼ਾਂ ਕੋਲ ਖਿਡੌਣਾ ਪਿਸਤੌਲ ਸੀ। ਜ਼ਖ਼ਮੀਆਂ ਦੀ ਪਛਾਣ ਪਰਮਿੰਦਰ ਸਿੰਘ ਅਤੇ ਸਰਬਜੀਤ ਸਿੰਘ ਵਜੋਂ ਹੋਈ ਹੈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪਹਿਲਾਂ ਵੀ 2 ਵਾਰ ਲੁੱਟ ਦੀ ਹੋ ਚੁੱਕੀ ਕੋਸ਼ਿਸ਼

ਜ਼ਖਮੀ ਦੁਕਾਨਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2 ਵਾਰ ਉਨ੍ਹਾਂ ਦੀ ਦੁਕਾਨ 'ਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਸਮੇਂ ਵੀ ਹਮਲਾਵਰਾਂ ਨੂੰ ਪੁਲਿਸ ਨੇ ਫੜ ਲਿਆ ਸੀ। ਦੁਕਾਨ ਵਿੱਚ ਸੀ.ਸੀ.ਟੀ.ਵੀ. ਫੁਟੇਜ ਪੁਲਿਸ ਨੂੰ ਸੌਂਪ ਕੇ ਕਾਰਵਾਈ ਦੀ ਮੰਗ ਕਰਨਗੇ। ਦੂਜੇ ਪਾਸੇ ਥਾਣਾ ਮਾਡਲ ਟਾਊਨ ਦੀ ਐਸ.ਐਚ.ਓ. ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਕੋਲੋਂ ਖਿਡੌਣਾ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸ਼ਰਾਰਤੀ ਅਨਸਰਾਂ ਨੇ ਮੌਕੇ 'ਤੇ ਗੋਲੀਬਾਰੀ ਕੀਤੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ

Tags :