ਥਾਣੇ ਤੋਂ ਘਰ ਨਹੀਂ ਪਹੁੰਚਿਆ ASI, ਨਹਿਰ ਕਿਨਾਰੇ ਤੋਂ ਮਿਲੀ ਲਾਸ਼, ਸੁਸਾਇਡ ਨੋਟ 'ਚ ਗੁੱਝੇ ਭੇਦ 

ਐਸਐਚਓ-ਮੁਨਸ਼ੀ ਉਪਰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ। ਰੇਲਵੇ ਪੁਲਿਸ ਅਧਿਕਾਰੀਆਂ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਦੋਵੇਂ ਅਧਿਕਾਰੀਆਂ ਨੂੰ ਲਾਇਨ ਹਾਜ਼ਰ ਕਰ ਦਿੱਤਾ। 

Share:

ਫਤਹਿਗੜ੍ਹ ਸਾਹਿਬ ਵਿਖੇ ਸਰਹਿੰਦ ਜੀਆਰਪੀ 'ਚ ਤਾਇਨਾਤ ਇੱਕ ਏਐਸਆਈ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ASI ਦੀ ਕਾਰ ਸਰਹਿੰਦ ਭਾਖੜਾ ਨਹਿਰ ਦੇ ਕੰਢੇ ਮਿਲੀ। ਨੇੜੇ ਹੀ ਇੱਕ ਸੁਸਾਈਡ ਨੋਟ ਵੀ ਮਿਲਿਆ। ਜਿਸ ਵਿੱਚ ਜੀਆਰਪੀ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ਦਾ ਨਾਮ ਲਿਖਿਆ ਹੈ। ਫਿਲਹਾਲ ਲਾਪਤਾ ਏਐਸਆਈ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਏਐਸਆਈ ਸੁਖਵਿੰਦਰਪਾਲ ਸਿੰਘ ਸਰਹਿੰਦ ਵਿਖੇ ਤਾਇਨਾਤ ਹੈ। ਬੀਤੀ ਰਾਤ ਇਹ ਏਐਸਆਈ ਆਪਣੇ ਘਰ ਪਿੰਡ ਚਨਾਰਥਲ (ਫਤਿਹਗੜ੍ਹ ਸਾਹਿਬ) ਡਿਊਟੀ ਮਗਰੋਂ ਨਹੀਂ ਪੁੱਜਾ। ਸਵੇਰੇ ਉਸਦੀ ਕਾਰ ਨਹਿਰ ਕੋਲ ਖੜ੍ਹੀ ਮਿਲੀ। ਜਦੋਂ ਆਲੇ-ਦੁਆਲੇ ਦੇਖਿਆ ਤਾਂ ਇੱਕ ਸੁਸਾਈਡ ਨੋਟ ਮਿਲਿਆ। ਪੁਲਿਸ ਅਤੇ ਪਰਿਵਾਰ ਨੇ ਮਿਲ ਕੇ ਲਾਪਤਾ ਏਐਸਆਈ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੋਤਾਖੋਰਾਂ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਹੈ।

photo
ਪੁਲਿਸ ਨੇ ਸੁਸਾਇਡ ਨੋਟ ਬਰਾਮਦ ਕੀਤਾ। ਫੋਟੋ ਕ੍ਰੇਡਿਟ - ਜੇਬੀਟੀ

ਸੁਸਾਇਡ ਨੋਟ 'ਚ ਲਿਖਿਆ ਕਾਰਨ

ਸੁਸਾਇਡ ਨੋਟ 'ਚ ਲਿਖਿਆ ਹੈ ਕਿ ਜੀਆਰਪੀ ਦੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਇਸ ਵਿੱਚ ਲਿਖਿਆ ਹੈ ਕਿ ਸਾਲ 2022 ਦੀ ਐਫਆਈਆਰ ਨੰਬਰ 18 ਵਿੱਚ ਚਲਾਨ ਪੇਸ਼ ਕਰਨ ਨੂੰ ਲੈ ਕੇ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸੇ ਪ੍ਰੇਸ਼ਾਨੀ ਕਾਰਨ ਏ.ਐਸ.ਆਈ ਨੇ ਖੁਦਕੁਸ਼ੀ ਕਰਨ ਦੀ ਗੱਲ ਆਖੀ। ਫਤਿਹਗੜ੍ਹ ਸਾਹਿਬ ਪੁਲਿਸ ਨੇ ਕਾਰ ਅਤੇ ਸੁਸਾਇਡ ਨੋਟ ਦੋਵੇਂ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਡੀਡੀਆਰ ਦਰਜ ਕੀਤੀ - ਐਸਪੀ

ਫਤਹਿਗੜ੍ਹ ਸਾਹਿਬ ਦੇ ਐਸਪੀ (ਆਈ) ਰਾਕੇਸ਼ ਯਾਦਵ ਨੇ ਦੱਸਿਆ ਕਿ ਫਿਲਹਾਲ ਏਐਸਆਈ ਦੇ ਲਾਪਤਾ ਹੋਣ ਦੀ ਡੀਡੀਆਰ ਮੂਲੇਪੁਰ ਥਾਣੇ ਵਿਖੇ ਦਰਜ ਕੀਤੀ ਗਈ ਹੈ। ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਖੁਦਕੁਸ਼ੀ ਕੀਤੀ ਹੈ ਜਾਂ ਨਹੀਂ। ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਭਾਲ ਕੀਤੀ ਜਾ ਰਹੀ ਹੈ। ਜਦੋਂ ਕੋਈ ਸੁਰਾਗ ਮਿਲਿਆ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੁਸਾਇਡ ਨੋਟ ਵਿੱਚ ਜਿਨ੍ਹਾਂ ਦੋ ਵਿਅਕਤੀਆਂ ਦੇ ਨਾਮ ਲਿਖੇ ਹੋਏ ਹਨ, ਉਨ੍ਹਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

ਐਸ.ਐਚ.ਓ.-ਮੁਨਸ਼ੀ ਲਾਈਨ ਹਾਜ਼ਰ - ਡੀਐਸਪੀ

ਰੇਲਵੇ ਪੁਲਿਸ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਐਸਐਚਓ ਅਤੇ ਮੁਨਸ਼ੀ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਵਿਭਾਗੀ ਪੱਧਰ 'ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਸਮੇਂ ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੂੰ ਐਡੀਸ਼ਨਲ ਐਸਐਚਓ ਸਰਹਿੰਦ ਲਾਇਆ ਗਿਆ ਹੈ।

ਇਹ ਵੀ ਪੜ੍ਹੋ